Connect with us

India

ਧਰਮ ਤੇ ਸੋਸ਼ਲ ਮੀਡੀਆ ਪਲੇਟਫਾਰਮ ਰਾਜਨੀਤੀ ‘ਤੇ ਕੀ ਅਸਰ ਪਾ ਰਹੇ ਨੇ? ਪੰਜਾਬ ਦੀ ਸਿਆਸਤ ਦੇਸ਼ ਤੋਂ ਵੱਖ ਕਿਵੇਂ? 

Published

on

ਅੱਜ ਦੀ ਰਾਜਨੀਤੀ ਵਿੱਚ ਧਰਮ ਅਤੇ ਸੋਸ਼ਲ ਮੀਡੀਆ ਦੋ ਅਜਿਹੀਆਂ ਤਾਕਤਾਂ ਬਣ ਗਈਆਂ ਹਨ ਜੋ ਲੋਕਧਾਰਾ, ਚੋਣ ਨਤੀਜਿਆਂ ਅਤੇ ਸਿਆਸੀ ਨੇਰੇਟਿਵ ਨੂੰ ਡੂੰਘੇ ਤੌਰ ‘ਤੇ ਪ੍ਰਭਾਵਿਤ ਕਰ ਰਹੀਆਂ ਹਨ। ਭਾਰਤ ਵਰਗੇ ਬਹੁ-ਧਰਮੀ ਦੇਸ਼ ਵਿੱਚ ਧਰਮ ਨੂੰ ਅਕਸਰ ਵੋਟਾਂ ਦੀ ਰਾਜਨੀਤੀ ਨਾਲ ਜੋੜਿਆ ਜਾਂਦਾ ਹੈ, ਪਰ ਪੰਜਾਬ ਦੀ ਸਿਆਸਤ ਇਸ ਮਾਮਲੇ ਵਿੱਚ ਹਮੇਸ਼ਾਂ ਕੁਝ ਵੱਖਰੀ ਰਹੀ ਹੈ। ਇੱਥੇ ਧਰਮ ਮਹੱਤਵਪੂਰਨ ਹੈ, ਪਰ ਲੋਕਾਂ ਦੀ ਅੰਤਿਮ ਸਿਆਸੀ ਸੋਚ ਅਕਸਰ ਨਿਆਂ–ਅਨਿਆਂ, ਹੱਕ–ਬੇਹੱਕੀ ਅਤੇ ਤਜਰਬੇ ਦੇ ਆਧਾਰ ‘ਤੇ ਬਣਦੀ ਹੈ।
ਭਾਰਤ ਦੇ ਕਈ ਹਿੱਸਿਆਂ ਵਿੱਚ ਧਰਮ ਦੇ ਨਾਮ ‘ਤੇ ਲੋਕਾਂ ਨੂੰ ਵੰਡਣ ਦੀ ਰਾਜਨੀਤੀ ਖੁੱਲ੍ਹ ਕੇ ਕੀਤੀ ਜਾਂਦੀ ਹੈ। ਪਾਰਟੀਆਂ ਵੱਖ-ਵੱਖ ਧਾਰਮਿਕ ਪਛਾਣਾਂ ਨੂੰ ਉਭਾਰ ਕੇ ਆਪਣਾ ਵੋਟ ਬੈਂਕ ਮਜ਼ਬੂਤ ਕਰਦੀਆਂ ਹਨ। ਪੰਜਾਬ ਵਿੱਚ ਵੀ ਅਜਿਹੀਆਂ ਕੋਸ਼ਿਸ਼ਾਂ ਹੋਈਆਂ। ਨਿਰੰਕਾਰੀ ਮਸਲੇ ਤੋਂ ਲੈ ਕੇ 1980 ਦੇ ਦਹਾਕੇ ਦੇ ਤਣਾਅ ਤੱਕ, ਇੱਕ ਯੋਜਨਾਬੱਧ ਢੰਗ ਨਾਲ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਲੰਮੇ ਸਮੇਂ ਤੱਕ ਹਿੰਸਾ ਦੀ ਅੱਗ ਵਿੱਚ ਸੜਿਆ, ਪਰ ਇਸ ਦੇ ਬਾਵਜੂਦ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਭਾਈਚਾਰੇ ਦੀ ਸਾਂਝ ਪੂਰੀ ਤਰ੍ਹਾਂ ਟੁੱਟ ਨਹੀਂ ਸਕੀ। ਇਹ ਪੰਜਾਬ ਦੀ ਮੂਲ ਤਾਕਤ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰਾਜਨੀਤੀ ਨੂੰ ਅਕਸਰ ਧਰਮ ਨਾਲ ਜੋੜਿਆ ਜਾਂਦਾ ਹੈ, ਪਰ ਇਸਦੀ ਪੂਰੀ ਤਸਵੀਰ ਵੱਖਰੀ ਹੈ। ਲੰਬੇ ਸਮੇਂ ਤੱਕ ਅਕਾਲੀ ਦਲ ਪੰਜਾਬ ਦੇ ਹੱਕਾਂ, ਸੰਘੀ ਢਾਂਚੇ, ਪਾਣੀ, ਚੰਡੀਗੜ੍ਹ ਅਤੇ ਕਿਸਾਨੀ ਮਸਲਿਆਂ ਦੀ ਆਵਾਜ਼ ਵਜੋਂ ਦੇਖਿਆ ਜਾਂਦਾ ਰਿਹਾ। ਲੋਕ ਉਸਨੂੰ ਇਸ ਲਈ ਚੁਣਦੇ ਰਹੇ ਕਿਉਂਕਿ ਉਹ ਕੇਂਦਰ ਦੇ ਵਿਰੁੱਧ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲਿਆਂ ਵਿੱਚ ਇਹ ਧਾਰਨਾ ਬਣੀ ਕਿ ਪਾਰਟੀ ਨਿਆਂ ਦੇ ਨਾਲ ਖੜੀ ਨਹੀਂ, ਤਾਂ ਲੋਕਾਂ ਦਾ ਭਰੋਸਾ ਡੋਲ ਗਿਆ।
ਇਸ ਭਰੋਸੇ ਦੇ ਟੁੱਟਣ ਵਿੱਚ ਇੱਕ ਹੋਰ ਵੱਡਾ ਕਾਰਕ ਸਿਰਸੇ ਵਾਲੇ ਸਾਧ ਨਾਲ ਜੁੜੇ ਵਿਵਾਦ ਰਹੇ। ਸਿਰਸੇ ਵਾਲੇ ਸਾਧ ਦੀਆਂ ਕਰਤੂਤਾਂ ਅਤੇ ਉਸ ਨਾਲ ਸੰਬੰਧਿਤ ਮਾਮਲੇ ਜਦੋਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਏ, ਤਾਂ ਲੋਕਾਂ ਵਿੱਚ ਗੁੱਸਾ ਵਧਿਆ। ਬਾਦਲ ਦਲ ਦੀ ਉਸ ਸਾਧ ਨਾਲ ਨੇੜਤਾ ਦੀ ਧਾਰਨਾ ਨੇ ਪਾਰਟੀ ਨੂੰ ਲੋਕਾਂ ਤੋਂ ਹੋਰ ਦੂਰ ਕਰ ਦਿੱਤਾ। Facebook, YouTube, WhatsApp ਅਤੇ X ਵਰਗੇ ਪਲੇਟਫਾਰਮਾਂ ਨੇ ਇਹ ਸਾਰੇ ਮਸਲੇ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾ ਦਿੱਤੇ। ਪਰ ਹੁਣ ਇਹੀ ਸੋਸ਼ਲ ਮੀਡੀਆ ਬਾਦਲ ਦਲ ਲਈ ਮੁੜ ਛਵੀ ਬਣਾਉਣ ਦਾ ਸਾਧਨ ਵੀ ਬਣ ਰਿਹਾ ਹੈ। ਪਾਰਟੀ ਡਿਜ਼ਿਟਲ ਮੁਹਿੰਮਾਂ ਰਾਹੀਂ ਲੋਕਾਂ ਨਾਲ ਮੁੜ ਜੁੜਨ ਵਿੱਚ ਕੁਝ ਹੱਦ ਤੱਕ ਸਫ਼ਲ ਹੋ ਰਹੀ ਹੈ।
ਪੰਜਾਬ ਦੀ ਸਿਆਸਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਲੋਕ ਆਪਣੀ ਸੋਚ ਬਦਲਣ ਤੋਂ ਹਿਚਕਦੇ ਨਹੀਂ। ਉਹ ਸਥਾਈ ਤੌਰ ‘ਤੇ ਕਿਸੇ ਇੱਕ ਧਰਮ ਜਾਂ ਪਾਰਟੀ ਨਾਲ ਬੱਝੇ ਨਹੀਂ ਰਹਿੰਦੇ। 1984 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਸਿੱਖ ਕੌਮ ਕਾਂਗਰਸ ਤੋਂ ਦੂਰ ਹੋ ਗਈ ਸੀ, ਪਰ 1992 ਵਿੱਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਮੁੜ ਸੱਤਾ ਵਿੱਚ ਲਿਆਂਦਾ। ਬਾਅਦ ਵਿੱਚ ਵੀ ਦੋ ਵਾਰ ਕਾਂਗਰਸ ਦੀ ਸਰਕਾਰ ਬਣੀ। ਹਾਲੀਆ ਲੋਕ ਸਭਾ ਚੋਣਾਂ ਵਿੱਚ ਵੀ ਕਾਂਗਰਸ ਨੂੰ 13 ਵਿੱਚੋਂ 7 ਸੀਟਾਂ ਮਿਲੀਆਂ। ਇਹ ਦਰਸਾਉਂਦਾ ਹੈ ਕਿ ਪੰਜਾਬ ਵਿੱਚ ਧਰਮ ਨਾਲੋਂ ਜ਼ਿਆਦਾ ਪ੍ਰਭਾਵ ਨਿਆਂ, ਹਾਲਾਤ ਅਤੇ ਲੋਕਧਾਰਾ ਦਾ ਹੁੰਦਾ ਹੈ।
ਹੁਣ ਵਿਸ਼ਵ ਵਿੱਚ ਨਵੀਂ ਕਿਸਮ ਦੀ ਰਾਜਨੀਤੀ ਉਭਰ ਰਹੀ ਹੈ—ਡਾਟਾ-ਅਧਾਰਿਤ ਰਾਜਨੀਤੀ। ਸੋਸ਼ਲ ਮੀਡੀਆ ਪਲੇਟਫਾਰਮ ਸਿਰਫ਼ ਮਨੋਰੰਜਨ ਜਾਂ ਗੱਲਬਾਤ ਦੇ ਸਾਧਨ ਨਹੀਂ ਰਹੇ; ਇਹ ਡਾਟਾ ਇਕੱਠਾ ਕਰਨ ਵਾਲੀਆਂ ਸਭ ਤੋਂ ਵੱਡੀਆਂ ਮਸ਼ੀਨਾਂ ਬਣ ਚੁੱਕੀਆਂ ਹਨ। ਸਾਨੂੰ ਲੱਗਦਾ ਹੈ ਕਿ Facebook, Instagram, YouTube ਜਾਂ WhatsApp ਸਾਨੂੰ ਮੁਫ਼ਤ ਸੇਵਾਵਾਂ ਦੇ ਰਹੇ ਹਨ, ਪਰ ਅਸਲ ਵਿੱਚ ਇਹ ਸਾਡੀ ਪਸੰਦ, ਸੋਚ, ਡਰ, ਗੁੱਸਾ ਅਤੇ ਆਦਤਾਂ ਦਾ ਡਾਟਾ ਇਕੱਠਾ ਕਰਦੇ ਹਨ। ਇਹ ਪਲੇਟਫਾਰਮ ਸਾਡੇ ਬਾਰੇ ਉਹ ਕੁਝ ਜਾਣ ਲੈਂਦੇ ਹਨ ਜੋ ਕਈ ਵਾਰ ਅਸੀਂ ਖੁਦ ਵੀ ਨਹੀਂ ਜਾਣਦੇ।
ਡੋਨਾਲਡ ਟਰੰਪ ਦੀ ਚੋਣ ਮੁਹਿੰਮ ਇਸਦਾ ਸਭ ਤੋਂ ਵੱਡਾ ਉਦਾਹਰਣ ਮੰਨੀ ਜਾਂਦੀ ਹੈ। 2016 ਵਿੱਚ Cambridge Analytica ਮਾਮਲੇ ਦੌਰਾਨ Facebook ਉਪਭੋਗਤਾਵਾਂ ਦਾ ਡਾਟਾ ਰਾਜਨੀਤਿਕ ਵਿਗਿਆਪਨਾਂ ਲਈ ਵਰਤਿਆ ਗਿਆ ਸੀ, ਜਿਸ ‘ਤੇ ਵੱਡਾ ਵਿਵਾਦ ਖੜ੍ਹਾ ਹੋਇਆ ਅਤੇ Facebook ਨੂੰ ਜਵਾਬਦੇਹੀ ਦਾ ਸਾਹਮਣਾ ਕਰਨਾ ਪਿਆ। ਇਸ ਮਾਡਲ ਵਿੱਚ ਪਹਿਲਾਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਕਿਹੜੇ ਖੇਤਰ ਵਿੱਚ ਕਿਹੜਾ ਮੁੱਦਾ ਹਾਵੀ ਹੈ, ਫਿਰ ਉਥੇ ਉਸੇ ਅਨੁਸਾਰ ਮੁਹਿੰਮ ਚਲਾਈ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਸਮੇਤ ਲਗਭਗ ਸਾਰੀਆਂ ਵੱਡੀਆਂ ਪਾਰਟੀਆਂ ਹੁਣ ਇਸੇ ਤਰ੍ਹਾਂ ਡਾਟਾ-ਅਧਾਰਿਤ ਸੋਸ਼ਲ ਮੀਡੀਆ ਮੁਹਿੰਮਾਂ ਚਲਾ ਰਹੀਆਂ ਹਨ।
ਪੰਜਾਬ ਵਿੱਚ ਵੀ ਹੁਣ ਇਹ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਸਿਆਸੀ ਪਾਰਟੀਆਂ ਪਹਿਲਾਂ ਲੋਕਾਂ ਦੇ ਫੋਨ ਤੱਕ ਪਹੁੰਚਦੀਆਂ ਹਨ, ਫਿਰ ਉਨ੍ਹਾਂ ਦੀ ਸੋਚ ‘ਤੇ ਪ੍ਰਭਾਵ ਪਾਂਦੀਆਂ ਹਨ। ਭੀੜ ਹੁਣ ਸਿਰਫ਼ ਮੈਦਾਨਾਂ ਵਿੱਚ ਨਹੀਂ ਇਕੱਠੀ ਹੁੰਦੀ; ਡਿਜ਼ਿਟਲ ਪਲੇਟਫਾਰਮਾਂ ‘ਤੇ ਵੀ “ਭੀੜ ਤੰਤਰ” ਬਣਦਾ ਹੈ, ਜਿੱਥੇ ਲਾਈਕ, ਸ਼ੇਅਰ, ਟ੍ਰੈਂਡ ਅਤੇ ਫਾਰਵਰਡ ਨਵਾਂ ਜਨਮਤ ਤਿਆਰ ਕਰਦੇ ਹਨ।
ਇਸ ਤਰ੍ਹਾਂ, ਪੰਜਾਬ ਦੀ ਸਿਆਸਤ ਅੱਜ ਵੀ ਪੂਰੇ ਦੇਸ਼ ਤੋਂ ਵੱਖਰੀ ਇਸ ਕਰਕੇ ਹੈ ਕਿਉਂਕਿ ਇੱਥੇ ਧਰਮ ਦਾ ਪ੍ਰਭਾਵ ਹੋਣ ਦੇ ਬਾਵਜੂਦ ਲੋਕ ਅੰਤ ਵਿੱਚ ਨਿਆਂ ਅਤੇ ਅਨਿਆਂ ਦੇ ਪੱਖ ਵਿੱਚ ਆਪਣੀ ਸੋਚ ਬਣਾਉਂਦੇ ਹਨ। ਪਰ ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਲੋਕ ਸੱਚ ਅਤੇ ਪ੍ਰਚਾਰ ਵਿਚਕਾਰ ਫਰਕ ਕਿਵੇਂ ਪਛਾਣਦੇ ਹਨ। ਇਹੀ ਪੰਜਾਬ ਦੀ ਆਉਣ ਵਾਲੀ ਰਾਜਨੀਤੀ ਦੀ ਦਿਸ਼ਾ ਤੈਅ ਕਰੇਗਾ।

 

ਕੁਲਵੰਤ ਸਿੰਘ ਗੱਗੜਪੁਰੀ