Punjab
“ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ।। ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ।।”
ਬਾਬਾ ਬੁੱਲ੍ਹੇ ਸ਼ਾਹ ਲਿਖਦੇ ਹਨ, ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ।। ਬਿੱਲਕੁਲ ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਭਾਰਤ ਦਾ ਰੂਪ ਕੁੱਝ ਹੋਰ ਹੀ ਹੋਣਾ ਸੀ । ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਰਜ਼ ਹਿੰਦੁਸਤਾਨ ਕਦੇ ਵੀ ਨਹੀਂ ਮੋੜ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਆਰੰਭੀ ਮਾਨਵ ਅਧਿਕਾਰਾਂ ਦੀ ਰਾਖੀ ਲਈ ਮੁਹਿੰਮ ਨੂੰ ਦਸਵੇਂ ਪਾਤਸ਼ਾਹ ਨੇ ਹਥਿਆਰਾਂ ਦੀ ਜੰਗ ਵਿੱਚ ਬਦਲ ਕੇ ਮੁਗ਼ਲ ਸਲਤਨਤ ਨੂੰ ਹਿਲਾ ਕੇ ਰੱਖ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ। ਇਸ ਕ੍ਰਾਂਤੀਕਾਰੀ ਕਦਮ ਨਾਲ ਸਿੱਖ ਕੌਮ ਸੰਤ ਦੇ ਨਾਲ ਨਾਲ ਸਿਪਾਹੀ ਵੀ ਬਣ ਗਈ ਅਤੇ ਸਿੱਖ ਸੰਤ ਸਿਪਾਹੀ ਹੋ ਗਿਆ। ਖਾਲਸਾ ਪੰਥ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਕੀਤੀ ਗਈ ਫ਼ੌਜ ਸੀ।
ਇਸ ਫੌਜ ਦਾ ਮੁੱਖ ਕਿਲ੍ਹਾ ਅਨੰਦਗੜ੍ਹ ਸਾਹਿਬ ਬਣਾਇਆ ਗਿਆ। ਇੱਥੇ ਹੀ ਖਾਲਸਾ ਪੰਥ ਦੇ ਸਿਪਾਹੀਆਂ ਨੂੰ ਮਾਰਸ਼ਲ ਆਰਟਸ (ਗਤਕਾ) ਅਤੇ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾਣ ਲੱਗੀ। ਖਾਲਸੇ ਦੀਆਂ ਸਰਗਰਮੀਆਂ ਤੋਂ ਪਹਾੜੀ ਰਾਜੇ ਅਤੇ ਮੁਗ਼ਲ ਸ਼ਾਸਕਾਂ ਵਿੱਚ ਚਰਚਾ ਛਿੜ ਪਈ ਕਿ ਗੁਰੂ ਗੋਬਿੰਦ ਸਿੰਘ ਨੇ ਰਾਜ ਬਨਾਮ ਰਾਜ ਖੜ੍ਹਾ ਕਰ ਦਿੱਤਾ ਹੈ। ਬਾਈ ਧਾਰ ਦੇ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਿ ਉਹ ਆਪਣਾ ਕਿਲ੍ਹਾ ਕਿਤੇ ਹੋਰ ਬਣਾ ਲੈਣ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਇਸ ਲਈ ਰਾਜਪੂਤ ਰਾਜਿਆਂ ਨੇ ਗੀਤਾ ਅਤੇ ਗਊ ਦੀਆਂ ਕਸਮਾਂ ਖਾਧੀਆਂ ਕਿ ਅਸੀਂ ਤੁਹਾਡੇ ਨਾਲ ਨਹੀਂ ਉਲਝਾਂਗੇ ਪਰ ਜਦੋਂ ਸਿੰਘਾਂ ਦੀ ਰਾਇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡਿਆ ਤਾਂ ਰਾਜਪੂਤ ਰਾਜਿਆਂ ਨੇ ਮੁਗਲਾਂ ਨੂੰ।ਉਕਸਾਇਆ ਤੇ ਮੁਗ਼ਲ ਫ਼ੌਜਾਂ ਨੇ ਖਾਲਸਾ ਫੌਜ ਉੱਪਰ ਹਮਲਾ ਬੋਲ ਦਿੱਤਾ। ਸਰਸਾ ਨਦੀ ‘ਤੇ ਆ ਕੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਹੈ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਘਰ ਖੇੜੀ ਲੈ ਗਿਆ। ਮਾਤਾ ਗੁਜ਼ਰ ਕੌਰ ਕੋਲ ਮੋਹਰਾਂ ਵੇਖ ਕੇ ਗੰਗੂ ਦਾ ਇਮਾਨ ਡੋਲ ਗਿਆ ਅਤੇ ਇਹ ਵੀ ਮਨ ਵਿੱਚ ਆਇਆ ਕਿ ਅਗਰ ਉਹ ਇਨ੍ਹਾਂ ਨੂੰ ਪੁਲਿਸ ਹਵਾਲੇ ਕਰਦਾ ਹੈ ਤਾਂ ਉਸ ਨੂੰ ਇਹ ਮੋਹਰਾਂ ਤਾਂ ਮਿਲ ਹੀ ਜਾਣਗੀਆਂ ਨਾਲ ਹੀ ਸੂਬਾ ਸਰਹਿੰਦ ਤੋਂ ਇਨਾਮ ਮਿਲੇਗਾ। ਉਸਨੇ 26 ਦਸੰਬਰ 1704 ਨੂੰ ਮਾਤਾ ਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਲੀ ਸਿੰਘਾਂ ਨੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਆਪਣੀ ਛਾਉਣੀ ਬਣਾ ਲਿਆ। ਇੱਥੇ ਚਾਲੀ ਸਿੰਘਾਂ ਦੀ ਫੌਜ ਨਾਲ ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਦੀ ਲੱਖਾਂ ਦੀ ਫ਼ੌਜ ਨਾਲ ਯੁੱਧ ਲੜਦਿਆਂ ਉਨ੍ਹਾਂ ਬਚਨਾਂ ਨੂੰ ਸੱਚ ਕਰ ਵਿਖਾਇਆ ਜਿਨ੍ਹਾਂ ਵਿੱਚ ਉਨ੍ਹਾਂ ਨੇ ਕਿਹਾ ਸੀ, “ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ।।” 22 ਦਸੰਬਰ 1704 ਨੂੰ ਗੁਰੂ ਸਾਹਿਬ ਨੇ ਆਪਣੇ ਜ਼ਿਗਰ ਦੇ ਟੁਕੜਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੂੰ ਖ਼ੁਦ ਤਿਆਰ ਕਰਕੇ ਜੰਗ ਵਿੱਚ ਭੇਜਿਆ ਅਤੇ ਸ਼ਹੀਦ ਹੁੰਦੇ ਵੇਖਿਆ। ਇਸੇ ਦੌਰਾਨ ਹੀ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਗੜੀ ਵਿੱਚੋਂ ਚਲੇ ਜਾਓ ਤੇ ਬਾਹਰ ਜਾ ਕੇ ਖਾਲਸਾ ਫੌਜਾਂ ਨੂੰ ਸੰਗਠਿਤ ਕਰੋ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਤੁਹਾਨੂੰ ਸ਼ਹੀਦ ਹੋਣ ਲਈ ਛੱਡ ਕੇ ਕਿਵੇਂ ਜਾ ਸਕਦਾ ਹਾਂ। ਇਸ ਮਗਰੋਂ ਗੁਰੂ ਸਾਹਿਬ ਵੱਲੋਂ ਬਣਾਏ ਪੰਜ ਪਿਆਰਿਆਂ ਦੇ ਸਿਧਾਂਤ ਨੂੰ ਲਾਗੂ ਕਰਦਿਆਂ ਪੰਜ ਸਿੰਘਾਂ ਨੇ ਹੁਕਮਨਾਮਾ ਜਾਰੀ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਛੱਡ ਕੇ ਚਲੇ ਜਾਣ।ਇਸ ਹੁਕਮਨਾਮੇ ਮਗਰੋਂ ਗੁਰੂ ਸਾਹਿਬ ਨੇ ਆਪਣਾ ਕਲਗੀ ਤੋੜਾ ਬਾਬਾ ਜੀਵਣ ਸਿੰਘ (ਭਾਈ ਜੈਤਾ ਜੀ) ਨੂੰ ਦਿੱਤਾ ਅਤੇ ਚਮਕੌਰ ਦੀ ਗੜ੍ਹੀ ਛੱਡ ਗਏ। ਉੱਧਰ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਕੋਲ ਪੇਸ਼ ਕੀਤਾ ਗਿਆ। ਇਸ ਮੌਕੇ ਨਵਾਬ ਮਲੇਰਕੋਟਲਾ ਨੂੰ ਬੁਲਾਇਆ ਗਿਆ ਅਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਤੇਰੇ ਭਰਾ ਨੂੰ ਮਾਰਿਆ ਸੀ ਤੂੰ ਉਨ੍ਹਾਂ ਦੇ ਬੱਚਿਆਂ ਨੂੰ ਮਾਰ ਕੇ ਬਦਲਾ ਲੈ ਸਕਦਾਂ ਹੈਂ ਪਰ ਨਵਾਬ ਨੇ ਕਿਹਾ ਕਿ ਮੈਂ ਬਦਲਾ ਲਵਾਂਗਾ ਜੇਕਰ ਗੁਰੂ ਗੋਬਿੰਦ ਸਿੰਘ ਮੈਨੂੰ ਮਿਲ ਗਏ। ਇਨ੍ਹਾਂ ਮਾਸੂਮ ਬੱਚਿਆਂ ਨੂੰ ਮੈਂ ਨਹੀਂ ਮਾਰ ਸਕਦਾ। ਨਵਾਬ ਨੇ ਸੂਬੇ ਨੂੰ ਕਿਹਾ ਕਿ ਛੋਟੇ ਬੱਚਿਆਂ ਨੂੰ ਮਾਰਨਾ ਧਰਮ ਦੇ ਵਿਰੁੱਧ ਹੈ ਤੁਸੀਂ ਵੀ ਇਨ੍ਹਾਂ ਨੂੰ ਛੱਡ ਦਿਓ। ਸੂਬੇ ਨੇ ਸਾਹਿਬਜ਼ਾਦਿਆਂ ਨੂੰ ਬੁਲਾਇਆ ਅਤੇ ਕਿਹਾ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਬਾਹਰ ਜਾ ਕੇ ਕੀ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਲਲਕਾਰ ਕੇ ਕਿਹਾ ਕਿ ਅਸੀਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਕਸ਼ੇ ਕਦਮਾਂ ‘ਤੇ ਚਲਦਿਆਂ ਵੱਡੇ ਹੋ ਕੇ ਫੌਜ ਤਿਆਰ ਕਰਾਂਗੇ ਅਤੇ ਜ਼ੁਲਮ ਵਿਰੁੱਧ ਲੜਾਈ ਲੜਾਂਗੇ।
ਕੋਲ ਬੈਠੇ ਸੁੱਚਾ ਨੰਦ ਨੇ ਕਿਹਾ ਕਿ ਇਨ੍ਹਾਂ ਨੂੰ ਜਿਊਂਦੇ ਨਾ ਛੱਡੋ ਇਹ ਵੱਡੇ ਹੋ ਕੇ ਮੁਗ਼ਲ ਹਕੂਮਤ ਲਈ ਖ਼ਤਰਾ ਬਣ ਸਕਦੇ ਹਨ। ਇਸ ਪਿੱਛੋਂ ਸੂਬੇ ਨੇ ਹੁਕਮ ਜਾਰੀ ਕੀਤਾ ਕਿ ਇਨ੍ਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਮਾਰ ਮੁਕਾਇਆ ਜਾਵੇ। 27 ਦਸੰਬਰ 1704 ਈਸਵੀ ਨੂੰ ਜ਼ਾਲਮ ਸੂਬੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਉੱਧਰ ਠੰਡੇ ਬੁਰਜ ਵਿੱਚ ਮਾਤਾ ਗੁਜ਼ਰ ਕੌਰ ਜੀ ਵੀ ਅਕਾਲ ਚਲਾਣਾ ਕਰ ਗਏ। ਇਸ ਤਰ੍ਹਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਜ਼ਲੂਮਾਂ ਦੀ ਰੱਖਿਆ ਲਈ ਅਤੇ ਮਾਨਵ ਅਧਿਕਾਰਾਂ ਦੀ ਰਾਖੀ ਲਈ ਸਾਰਾ ਸਰਬੰਸ ਵਾਰ ਦਿੱਤਾ। ਇਹ ਸ਼ਹਾਦਤਾਂ ਹਿੰਦੁਸਤਾਨ ਦੀ ਤਵਾਰੀਖ਼ ਵਿੱਚ ਉਹ ਸਥਾਨ ਰੱਖਦੀਆਂ ਹਨ ਜਿਨ੍ਹਾਂ ਦੀ ਹੋਰ ਕਿਤੇ ਮਿਸਾਲ ਨਹੀਂ ਮਿਲਦੀ। ਇਹ ਸ਼ਹਾਦਤਾਂ ਪੋਹ ਦੇ ਮਹੀਨੇ ਵਿੱਚ ਹੋਈਆਂ ਇਸ ਲਈ ਪੋਹ ਦੇ ਪੂਰੇ ਮਹੀਨੇ ਸਿੱਖ ਸੰਗਤਾਂ ਵੈਰਾਗਮਈ ਢੰਗ ਨਾਲ ਰਹਿੰਦੀਆਂ ਹਨ ਅਤੇ ਦਸੰਬਰ ਦਾ ਅੱਧਾ ਮਹੀਨਾ ਸ਼ਹਿਦੀ ਪੰਦਰਵਾੜੇ ਦੇ ਤੌਰ ‘ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਸਿੱਖ ਸੰਗਤਾਂ ਕੋਈ ਵੀ ਖੁਸ਼ੀ ਦਾ ਸਮਾਗਮ ਆਯੋਜਿਤ ਨਹੀਂ ਕਰਦੀਆਂ। ਚਮਕੌਰ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਵੈਰਾਗਮਈ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਸਭਾ ਦਾ ਨਾਮ ਦਿੱਤਾ ਜਾਂਦਾ ਹੈ। ਅਸੀਂ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਦੀ ਕੁਰਬਾਨੀ ਨੂੰ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।

