Connect with us

Punjab

ਮੈਂ ਮਜ਼ਦੂਰ ਬੋਲਦਾਂ- ਮੈਂ ਕਦੋਂ ਅਜ਼ਾਦ ਹੋਵਾਂਗਾ?

Published

on

ਸਾਡੇ ਦੇਸ਼ ਨੂੰ ਅਜ਼ਾਦ ਹੋਏ ਅਠੱਤਰ ਸਾਲ ਹੋ ਗਏ ਹਨ ਪਰ ਮੈਂ ਤੇ ਮੇਰੇ ਸਾਥੀ ਮਜ਼ਦੂਰ ਤਾਂ ਹਾਲੇ ਵੀ ਗੁਲਾਮ ਨੇ। ਸਾਡੇ ਦੇਸ਼ ਦਾ ਕਾਨੂੰਨ ਸਭ ਲਈ ਇੱਕੋ ਜਿਹਾ ਨਹੀਂ, ਇਹ ਗੱਲ ਮੇਰੇ ਦਿਲ ਵਿੱਚ ਕਿਉੰ ਆਈ? ਕਾਨੂੰਨ ਦੀ ਨਾ ਬਰਾਬਰੀ ਬਾਰੇ ਮੈਂ ਕਿਉੰ ਸੋਚ ਰਿਹਾ ਹਾਂ? ਉਂਝ ਤਾਂ ਮੇਰੇ ਮਨ ਵਿੱਚ ਇਨ੍ਹਾਂ ਗੱਲਾਂ ਬਾਰੇ ਸੋਚਣ ਦਾ ਵੀ ਸਮਾਂ ਨਹੀਂ, ਮੈਂ ਤਾਂ ਸਵੇਰੇ ਕੰਮ ‘ਤੇ ਜਾਨਾ ਤੇ ਰਾਤ ਨੂੰ ਘਰ ਆਉਂਦਾ, ਥੱਕਿਆ ਟੁੱਟਿਆ ਦੋ ਰੁੱਖੀਆਂ ਮਿੱਸੀਆਂ ਰੋਟੀਆਂ ਖਾਣ ਤੋਂ ਬਾਅਦ ਸੌ ਜਾਂਦਾ ਹਾਂ, ਸੰਸਾਰ ਵਿੱਚ ਕੀ ਹੋ ਰਿਹਾ ਹੈ ਇਸ ਗੱਲ ਦਾ ਪਤਾ ਵੀ ਨਹੀਂ ਲੱਗਦਾ ਪਰ ਕੱਲ੍ਹ ਮੈਂ ਜਾਂਦਾ ਜਾਂਦਾ ਸੱਥ ਵਿੱਚ ਰੁੱਕ ਗਿਆ, ਉੱਥੇ ਚਰਚਾ ਚੱਲ ਰਹੀ ਸੀ ਕਿ ਡੀ ਆਈ .ਜੀ. ਹਰਚਰਨ ਸਿੰਘ ਭੁੱਲਰ ਰਿਸ਼ਵਤ ਲੈਂਦਾ ਫੜਿਆ ਗਿਆ। ਸੀ. ਬੀ .ਆਈ. ਦੀ ਛਾਪੇਮਾਰੀ ਵਿੱਚ ਉਸ ਕੋਲੋਂ ਸੱਤ ਕਰੋੜ ਰੁਪਏ, ਡੇਢ ਕਿੱਲੋ ਸੋਨਾ, ਅਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਬਰਾਮਦ ਹੋਇਆ ਹੈ। ਕਈ ਵੱਡੇ ਸ਼ਹਿਰਾਂ ਵਿੱਚ ਓਹਦੇ ਪਲਾਟ ਤੇ ਘਰ ਨੇ। ਜਿਹੜੀ ਉਹ ਅੱਠ ਲੱਖ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ ਉਹ ਇੱਕ ਸਕ੍ਰੈਪ ਵਪਾਰੀ ਦੀ ਐੱਫ ਆਈ ਆਰ ਨੂੰ ਰਫਾ ਦਫਾ ਕਰਨ ਲਈ ਅਤੇ ਗੈਰ ਕਾਨੂੰਨੀ ਕੰਮ ਬੇਪ੍ਰਵਾਹ ਹੋ ਕੇ ਕਰਨ ਲਈ ਵਪਾਰੀ ਤੋਂ ਲੈ ਰਿਹਾ ਸੀ। ਇਹ ਅੱਠ ਲੱਖ ਰੁਪਏ ਹਰ ਮਹੀਨੇ ਦੇਣ ਦਾ ਸੌਦਾ ਤੈਅ ਹੋਇਆ ਸੀ।

ਲੰਬੜਦਾਰ ਅਖ਼ਬਾਰ ਵਿੱਚੋਂ ਖ਼ਬਰ ਪੜ੍ਹ ਕੇ ਸੁਣਾ ਰਿਹਾ ਸੀ ਤੇ ਨਾਲੇ ਇਹ ਵੀ ਕਹਿ ਰਿਹਾ ਸੀ ਕਿ ਭੁੱਲਰ ਦਾ ਕੁੱਝ ਨਹੀਂ ਵਿਗੜਨਾ ਉਹਦੀ ਪਹੁੰਚ ਸੈਂਟਰ ਤੱਕ ਹੈ, ਇਸੇ ਕਰਕੇ ਤਾਂ ਇੰਨਾਂ ਕੁੱਝ ਹੋਣ ਦੇ ਬਾਵਜੂਦ ਵੀ ਓਹਨੂੰ ਪੁਲਿਸ ਰਿਮਾਂਡ ਵਿੱਚ ਨਹੀਂ ਭੇਜਿਆ ਗਿਆ,14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਏ। ਇੰਨੀ ਖ਼ਬਰ ਸੁਣਕੇ ਮੈਂ ਅੱਗੇ ਤੁਰ ਪਿਆ ਸੋਚਣ ਲੱਗਾ ਕਿ ਕੀ ਸਾਡੇ ਦੇਸ਼ ਵਿੱਚ ਕਾਨੂੰਨ ਗਰੀਬਾਂ ਲਈ ਹੋਰ ਏ ਤੇ ਅਮੀਰਾਂ ਲਈ ਹੋਰ ਏ, ਸਾਡੇ ਦਾਦੇ ਪੜਦਾਦੇ ਸਖ਼ਤ ਮਿਹਨਤ ਕਰਦੇ ਰਹੇ, ਵੱਡੀਆਂ ਵੱਡੀਆਂ ਕੋਠੀਆਂ ਉਨ੍ਹਾਂ ਦੇ ਹੱਥਾਂ ਨਾਲ ਬਣੀਆਂ ਨੇ ਤੇ ਮੈਂ ਵੀ ਦਿਨ ਰਾਤ ਮਿਹਨਤ ਕਰ ਰਿਹਾ ਹਾਂ ਅਸੀਂ ਸ਼ਹਿਰ ਵਿੱਚ ਆਪਣਾ ਘਰ ਨਹੀਂ ਬਣਾ ਸਕੇ ਕਿਰਾਏ ਦੇ ਘਰ ਵਿੱਚ ਰਹਿ ਰਹੇ ਹਾਂ, ਕਈ ਵਾਰੀ ਕਿਰਾਇਆ ਨਹੀਂ ਦਿੱਤਾ ਜਾਂਦਾ ਤੇ ਮਕਾਨ ਮਾਲਕ ਦੀਆਂ ਕੌੜੀਆਂ ਕੁਸ਼ੈਲੀਆਂ ਗੱਲਾਂ ਸੁਨਣ ਨੂੰ ਮਿਲਦੀਆਂ ਨੇ ਪਰ ਇਸ ਰਿਸ਼ਵਤਖੋਰ ਪੁਲਿਸ ਅਫਸਰ ਦੇ ਘਰ ਹਰ ਵੱਡੇ ਸ਼ਹਿਰ ਵਿੱਚ ਨੇ। ਮੇਰੇ ਖਿਆਲਾਂ ਵਿੱਚ ਇਹ ਗੱਲ ਵੀ ਆਈ ਕਿ ਜੇਕਰ ਸਾਡਾ ਕੋਈ ਮਜ਼ਦੂਰ ਹੇਰਾਫੇਰੀ ਜਾਂ ਚੋਰੀ ਕਰਦਾ ਫੜਿਆ ਜਾਂਦਾ ਤਾਂ ਪੁਲਿਸ ਨੇ ਥਾਣੇ ਵਿੱਚ ਲਿਜਾ ਕੇ ਚੱਡੇ ਪਾੜ ਦੇਣੇ ਸੀ ਬਿਨਾਂ ਪੁਲਿਸ ਰਿਮਾਂਡ ਦੇ ਹੀ ਤੇ ਫ਼ਿਰ ਅਦਾਲਤ ਨੇ ਪੁਲਿਸ ਰਿਮਾਂਡ ਵੀ ਦੇ ਦੇਣਾ ਸੀ ਪਰ ਇਹ ਭੁੱਲਰ ਇੰਨਾਂ ਵੱਡਾ ਚੋਰ ਉਸਨੂੰ ਹੱਥ ਵੀ ਲਗਾਇਆ ਗਿਆ ਸਗੋਂ ਮਹਿਮਾਨਾਂ ਦੀ ਤਰ੍ਹਾਂ ਜੇਲ੍ਹ ਵਿੱਚ ਆਰਾਮ ਫਰਮਾਂ ਰਿਹਾ ਹੈ। ਇਹਦੇ ਬਾਰੇ ਹੋਰ ਇੱਕ ਗੱਲ ਵੀ ਸੁਣੀ ਹੈ ਕਿ ਇਹ ਬੰਦਾ ਕੋਈ ਟੈਸਟ ਦੇ ਕੇ ਪੁਲਿਸ ਅਫ਼ਸਰ ਨਹੀਂ ਬਣਿਆ ਸਗੋਂ ਸਰਕਾਰ ਨੇ ਤਰਸ ਦੇ ਆਧਾਰ ‘ਤੇ ਇਹਨੂੰ ਸਿੱਧਾ ਡੀ ਐੱਸ ਪੀ ਬਣਾ ਦਿੱਤਾ ਸੀ ਇਹਦਾ ਪਿਓ ਪੰਜਾਬ ਦਾ ਪੁਲਿਸ ਮੁਖੀ ਰਹਿ ਚੁੱਕਾ ਹੈ , ਭਰਾ ਐਮ ਐਲ ਏ ਰਹਿ ਚੁੱਕਾ ਹੈ ਉਂਝ ਵੀ ਜ਼ਮੀਨ ਜਾਇਦਾਦ ਵਾਲਾ ਪਰਿਵਾਰ ਹੈ ਫਿਰ ਸਰਕਾਰ ਨੂੰ ਇਹਦੇ ‘ਤੇ ਤਰਸ ਕਿਵੇਂ ਆਇਆ?

ਜੇਕਰ ਕੋਈ ਮਜ਼ਦੂਰ ਅਗਰ ਕਿਤੇ ਕੰਮ ਕਰਦਾ ਮਰ ਵੀ ਜਾਂਦਾ ਹੈ ਤਾਂ ਉਹਦੇ ਪਰਿਵਾਰ ‘ਤੇ ਤਾਂ ਸਰਕਾਰ ਨੂੰ ਕਦੇ ਤਰਸ ਨਹੀਂ ਆਇਆ। ਇਹਦਾ ਤਾਂ ਭਰਿਆ ਪੂਰਿਆ ਪਰਿਵਾਰ ਏ ਤੇ ਉਹ ਵੀ ਰਜਵਾੜਿਆਂ ਸ਼ਾਹੂਕਾਰਾਂ ਵਰਗਾ ਫਿਰ ਇਹਨੂੰ ਤਰਸ ਦੇ ਆਧਾਰ ‘ਤੇ ਪੁਲਿਸ ਅਫਸਰ ਕਿਵੇਂ ਬਣਾ ਦਿੱਤਾ ਗਿਆ? ਕੋਈ ਸਵਾਲ ਕਰਨ ਵਾਲਾ ਨਹੀਂ? ਇਨ੍ਹਾਂ ਸਾਰੀਆਂ ਗੱਲਾਂ ਤੋਂ ਹੀ ਮੇਰੇ ਮਨ ਵਿੱਚ ਆਇਆ ਏ ਕਿ ਮੈਂ ਮਜ਼ਦੂਰ ਅੱਜ ਵੀ ਗੁਲਾਮ ਹਾਂ। ਪੌਣੀ ਸਦੀ ਤੋਂ ਵੱਧ ਹੋ ਗਈ ਦੇਸ਼ ਅਜ਼ਾਦ ਹੋਏ ਨੂੰ ਪਰ ਆਮ ਆਦਮੀ ਅੱਜ ਵੀ ਗੁਲਾਮ ਹੈ। ਕਦੋਂ ਅਜ਼ਾਦ ਹੋਵੇਗਾ ਆਮ ਅਦਮੀ? ਦੋਸਤੋ ਇਹ ਸਵਾਲ ਮੈਂ ਤੁਹਾਨੂੰ ਵੀ ਕਰਦਾ ਹਾਂ ਕਿ ਸਾਡਾ ਦੇਸ਼ ਅਸਲ ਵਿੱਚ ਕਦੋਂ ਅਜ਼ਾਦ ਹੋਵੇਗਾ? ਕਦੋਂ ਕਾਨੂੰਨ ਸਭ ਲਈ ਇੱਕੋ ਜਿਹਾ ਹੋਵੇਗਾ?

ਕੁਲਵੰਤ ਸਿੰਘ ਗੱਗੜਪੁਰੀ