Connect with us

Punjab

ਅਮਰੀਕਾ ਵਿੱਚ ਵਾਪਰੇ ਦਰਦਨਾਕ ਘਟਨਾ ਕ੍ਰਮ ਤੇ ਪ੍ਰੋ. ਬਡੂੰਗਰ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ

Published

on

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਦੇ ਦੱਖਣ ਪੱਛਮੀ ਟੈਕਸਾਸ ਦੇ ਸੈਨ ਐਂਟੀਨੀਓ ਵਿਚ ਇਕ ਟਰੈਕਟਰ ਟ੍ਰੇਲਰ ਵਿੱਚੋਂ ਇੱਕੋ ਸਮੇਂ 46 ਦੇ ਲਗਭਗ ਲੋਕਾਂ ਦੀਆਂ ਬਰਾਮਦ ਹੋਈਆਂ  ਲਾਸ਼ਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਕਿਹਾ ਕਿ ਭਾਵੇਂ ਸੋਲ਼ਾਂ ਹੋਰ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਪ੍ਰੰਤੂ ਇਹ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ।

ਪ੍ਰੋ. ਬਡੂੰਗਰ ਨੇ ਸਮੁੱਚੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਮੇਤ ਦੇਸ਼ ਭਰ ਵਿਚ ਕੰਮਾਂ ਕਾਰਾਂ ਦਾ ਕੋਈ ਘਾਟਾ ਹੀ ਨਹੀਂ ਹੈ ਇੱਥੇ ਵੱਸ ਕੇ ਵੀ ਵਧੀਆ ਬਿਜਨਸ ਅਤੇ ਨੌਕਰੀਆਂ ਪ੍ਰਾਪਤ ਕਰਕੇ  ਚੰਗੇ ਰੁਜ਼ਗਾਰ ਕਮਾਏ ਜਾ ਸਕਦੇ ਹਨ, ਪ੍ਰੰਤੂ ਵਿਦੇਸ਼ ਜਾਣ ਦੀ ਹੋੜ ਨੇ ਸਮੁੱਚੀ ਨੌਜਵਾਨੀ ਨੂੰ ਆਪਣੇ ਜਾਲ ਵਿਚ ਫਸਾ ਲਿਆ ਹੈ  । ਪ੍ਰੋ. ਬਡੂੰਗਰ ਨੇ ਕਿਹਾ ਕਿ ਹਰੇਕ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹੱਥੀਂ ਕਿਰਤ ਵਾਲੇ ਕੰਮਾਂ ਲਈ ਉਤਸ਼ਾਹ  ਕਰਨਾ ਚਾਹੀਦਾ ਹੈ ਤਾਂ ਜੋ ਇੱਥੇ ਰਹਿ ਕੇ ਉਹ ਵਧੀਆ ਆਪਣਾ ਪਰਿਵਾਰ ਪਾਲ ਸਕਣ । ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਜਾ ਕੇ ਵੀ ਮਿਹਨਤ ਹੀ ਕਰਨੀ ਪੈਂਦੀ ਹੈ ਸਗੋਂ ਦੇਸ਼ ਦਾ ਕਰੋੜਾਂ ਅਰਬਾਂ ਰੁਪਿਆ ਵੀ ਨੌਜਵਾਨੀ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਜਾ ਰਿਹਾ ਹੈ ਜੋ ਕਿ ਇਕ ਗੰਭੀਰ ਚਿੰਤਾ ਦਾ ਵਿਸ਼ਾ ਵੀ ਹੈ ਕਿਉਂਕਿ ਮਾਪਿਆਂ ਵੱਲੋਂ ਕਰਜ਼ੇ ਚੁੱਕ ਕੇ ਆਪਣੇ ਬੱਚਿਆਂ ਨੂੰ ਬਾਹਰ ਵਿਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ । ਪ੍ਰੋ ਬਡੂੰਗਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਜੋ ਵਿਦੇਸ਼ਾਂ ਵਿੱਚ ਜਾਣ ਦੀ ਸੋਚ ਰਹੀ ਹੈ ਉਹ ਅਮਰੀਕਾ ਵਿੱਚ ਵਾਪਰੇ ਇਸ ਦਰਦਨਾਕ ਘਟਨਾਕ੍ਰਮ ਤੋਂ ਜ਼ਰੂਰ ਸਬਕ ਲੈਣ ਕਿਉਂਕਿ ਵਿਦੇਸ਼ਾਂ ਵਿੱਚ ਜ਼ਿਆਦਾਤਰ ਨੌਜਵਾਨ ਰੁਜ਼ਗਾਰ ਦੀ ਪ੍ਰਾਪਤੀ ਲਈ ਗ਼ਲਤ ਹੱਥਾਂ ਵਿੱਚ ਚੜ੍ਹ ਜਾਂਦੇ ਹਨ ਉਨ੍ਹਾਂ ਦੇ ਭਵਿੱਖ ਲਈ ਸਾਰਥਿਕ ਸਿੱਧ ਨਹੀਂ ਹੁੰਦਾ ।