Connect with us

Punjab

ਵਧਦਾ ਸ਼ਹਿਰੀਕਰਣ ਹੜ੍ਹਾਂ ਦਾ ਵੱਡਾ ਕਾਰਨ !

Published

on

ਪੰਜਾਬ ਵਿੱਚ ਤਕਰੀਬਨ ਹਰ ਸਾਲ ਹੜ ਆਉਂਦੇ ਹਨ ਅਤੇ ਭਾਰੀ ਤਬਾਹੀ ਮਚਾਉਂਦੇ ਹਨ। ਸਰਕਾਰਾਂ ਹਮੇਸ਼ਾਂ ਇਸ ਨੂੰ ਕੁਦਰਤੀ ਆਫ਼ਤ ਕਹਿ ਕੇ ਆਪਣੀ ਜ਼ਿਮੇਵਾਰੀ ਤੋਂ ਪੱਲਾ ਝਾੜਦੀਆਂ ਆ ਰਹੀਆਂ ਹਨ। ਲੇਕਿਨ ਇਹ ਕੁਦਰਤੀ ਆਫ਼ਤ ਨਾ ਹੋ ਸਰਕਾਰਾਂ ਦੀ ਲਾਪ੍ਰਵਾਹੀ ਅਤੇ ਮਨੁੱਖੀ ਗਲਤੀਆਂ ਦਾ ਨਤੀਜਾ ਹੈ। ਬਰਸਾਤੀ ਨਦੀਆਂ ਨਾਲਿਆਂ ਦੀ ਸਫ਼ਾਈ ਨਾ ਕਰਵਾਉਣਾ, ਬਹੁਤੇ ਬਰਸਾਤੀ ਨਾਲੇ ਬੰਦ ਕਰ ਦਿੱਤੇ ਗਏ ਹਨ, ਬਰਸਾਤੀ ਨਦੀਆਂ ਅਤੇ ਦਰਿਆਵਾਂ ਦੇ ਕਿਨਾਰਿਆਂ ਵਾਲ਼ੀਆਂ ਜ਼ਮੀਨਾਂ ਉੱਪਰ ਕਬਜ਼ੇ ਕਰ ਲਏ ਗਏ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਰਨ ਹਨ ਹੜ੍ਹਾਂ ਦੇ ਪਰ ਸਭ ਤੋਂ ਵੱਡਾ ਕਾਰਨ ਹੈ ਵਧ ਰਿਹਾ ਸ਼ਹਿਰੀਕਰਣ। ਅੱਜ ਇਸ ਮੁੱਦੇ ਉੱਪਰ ਹੀ ਗੱਲ ਕਰਾਂਗੇ ਕਿ ਵਧ ਰਿਹਾ ਸ਼ਹਿਰੀਕਰਣ ਕਿਵੇਂ ਹੜ੍ਹਾਂ ਦਾ ਕਾਰਨ ਬਣ ਰਿਹਾ ਹੈ।

ਪੰਜਾਬ ਦੇ ਵੱਡੇ ਸ਼ਹਿਰ ਜਿਵੇਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ — ਵਿੱਚ ਹਰੇਕ ਸਾਲ ਨਵੇਂ ਨਵੇਂ ਰਿਹਾਇਸ਼ੀ ਅਤੇ ਵਪਾਰਕ ਪ੍ਰਾਜੈਕਟ ਬਣ ਰਹੇ ਹਨ। ਪਰ ਇਹ ਸਾਰੇ ਵਿਕਾਸ ਅਕਸਰ ਬਿਨਾਂ ਕਿਸੇ ਢੰਗ ਦੀ ਯੋਜਨਾ, ਵਾਤਾਵਰਣਕ ਅਧਿਐਨ ਜਾਂ ਨਿਕਾਸ਼ੀ ਪ੍ਰਣਾਲੀ ਦੇ ਧਿਆਨ ਦੇ ਕੀਤੇ ਜਾਂਦੇ ਹਨ। ਬਰਸਾਤੀ ਨਦੀਆਂ ਨਾਲਿਆਂ ਨੂੰ ਬੰਦ ਕਰਕੇ ਕੁਦਰਤੀ ਪਾਣੀ ਦੇ ਰਾਹਾਂ ਨੂੰ ਮਿਟਾ ਕੇ ਇਮਾਰਤਾਂ, ਮਾਲ ਅਤੇ ਫੈਕਟਰੀਆਂ ਬਣਾਈਆਂ ਜਾਂਦੀਆਂ ਹਨ। ਇਸਦੇ ਨਾਲ ਜਦ ਜ਼ਮੀਨ ਦਾ ਵੱਡਾ ਹਿੱਸਾ ਕੰਕਰੀਟ ਅਤੇ ਟਾਈਲਾਂ ਨਾਲ ਢੱਕਿਆ ਜਾਂਦਾ ਹੈ, ਤਾਂ ਮੀਂਹ ਦਾ ਪਾਣੀ ਜ਼ਮੀਨ ਵਿੱਚ ਨਹੀਂ ਸਮਾ ਸਕਦਾ। ਇਸਦਾ ਹੀ ਨਤੀਜਾ ਹੁੰਦਾ ਹੈ ਕਿ ਪਾਣੀ ਸੜਕਾਂ, ਬੱਸ ਅੱਡਿਆਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਵਹਿਣ ਲੱਗ ਪੈਂਦਾ ਹੈ। ਇਹੀ ਵਜ੍ਹਾ ਹੈ ਕਿ ਆਮ ਮੀਂਹ ਵੀ ਅੱਜਕੱਲ੍ਹ ਸ਼ਹਿਰੀ ਵਸੋਂ ਵਿੱਚ ਹੜ੍ਹਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਵਧ ਰਹੇ ਸ਼ਹਿਰੀਕਰਨ ਨਾਲ ਜਿੱਥੇ ਖੇਤੀ ਯੋਗ ਜ਼ਮੀਨ ਘਟਦੀ ਜਾ ਰਹੀ ਹੈ ਉੱਥੇ ਹੀ ਵੱਡੀਆਂ ਵੱਡੀਆਂ ਇਮਾਰਤਾਂ ਪਾਣੀ ਦੇ ਵਹਾਅ ਨੂੰ ਰੋਕਦੀਆਂ ਹਨ ਅਤੇ ਪਾਣੀ ਆਪਣੀ ਜਗ੍ਹਾ ਆਪ ਬਣਾ ਲੈਂਦਾ ਹੈ। ਇਹੀ ਕਾਰਨ ਬਣਦਾ ਹੈ ਕਿ ਇਕੱਠਾ ਹੋਇਆ ਪਾਣੀ ਹੜ੍ਹਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਤੋਂ ਇਲਾਵਾ ਪੁਰਾਣੇ ਸ਼ਹਿਰਾਂ ਦੀ ਨਿਕਾਸ਼ੀ ਪ੍ਰਣਾਲੀ ਵੀ ਕਈ ਦਹਾਕਿਆਂ ਪੁਰਾਣੀ ਹੈ ਜੋ ਵਧ ਰਹੇ ਪਾਣੀ ਦੇ ਵਹਾਅ ਝੱਲਣ ਦੇ ਸਮਰੱਥ ਨਹੀਂ ਹੁੰਦੀ । ਨਵੇਂ ਇਲਾਕਿਆਂ ਵਿੱਚ ਨਿਕਾਸ਼ੀ ਦੀ ਸਹੀ ਯੋਜਨਾ ਨਹੀਂ ਬਣਾਈ ਜਾਂਦੀ ਜਾਂ ਉਸ ਦਾ ਨਿਰਮਾਣ ਕਾਗਜ਼ੀ ਹੀ ਰਹਿ ਜਾਂਦਾ ਹੈ। ਬਾਰਸ਼ ਪੈਂਦੇ ਹੀ ਪਾਣੀ ਰੁਕ ਜਾਂਦਾ ਹੈ, ਸੜਕਾਂ ਨਾਲੀਆਂ ਬੰਦ ਹੋ ਜਾਂਦੀਆਂ ਹਨ ਅਤੇ ਲੋਕ ਘਰਾਂ ਵਿੱਚ ਫਸ ਜਾਂਦੇ ਹਨ। ਇਸੇ ਤਰ੍ਹਾਂ ਨਦੀ, ਨਾਲੇ, ਤਲਾਬ ਅਤੇ ਰੇਨ ਵਾਟਰ ਚੈਨਲ ਜੋ ਕੁਦਰਤੀ ਤੌਰ ‘ਤੇ ਹੜ੍ਹ ਦਾ ਪਾਣੀ ਹੇਠਾਂ ਵਗਾਉਣ ਲਈ ਮਦਦ ਕਰਦੇ ਸਨ, ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਪੱਟਿਆ ਜਾਂਦਾ ਹੈ। ਕਈ ਜਗ੍ਹਾਂ ਉੱਪਰ ਇਮਾਰਤਾਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਹ ਕੁਦਰਤੀ ਰਾਹ ਬੰਦ ਹੋਣ ਕਾਰਨ ਪਾਣੀ ਵਾਪਸ ਨੀਚਲੇ ਇਲਾਕਿਆਂ ਵਿੱਚ ਚਲ ਜਾਂਦਾ ਹੈ ਅਤੇ ਇਹ ਵੀ ਹੜ੍ਹਾਂ ਦਾ ਕਾਰਨ ਬਣਦਾ ਹੈ। ਸਿੱਟੇ ਵਜੋਂ ਜਾਨੀ-ਮਾਲੀ ਨੁਕਸਾਨ ਅਤੇ ਸਰਵਜਨਿਕ ਤਬਾਹੀ ਹੁੰਦੀ ਹੈ।

ਪੰਜਾਬ ਵਿੱਚ ਹੜ੍ਹਾਂ ਕਾਰਨ ਹਰੇਕ ਸਾਲ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਜਾਂਦੀ ਹੈ, ਕਈ ਘਰ ਡੁੱਬ ਜਾਂਦੇ ਹਨ, ਲੋਕ ਬੇਘਰ ਹੋ ਜਾਂਦੇ ਹਨ ਅਤੇ ਸਰਕਾਰੀ ਰਾਹਤ ਕੰਪਨੀਆਂ ਬਾਅਦ ਵਿਚ ਐਮਰਜੈਂਸੀ ‘ਚ ਕੰਮ ਕਰਦੀਆਂ ਹਨ। ਇਹ ਹੜ੍ਹ ਸਿਰਫ਼ ਕਿਸਾਨਾਂ ਜਾਂ ਪਿੰਡਾਂ ਦੀ ਸਮੱਸਿਆ ਨਹੀਂ ਰਹੀ ਸਗੋਂ ਇਹ ਹੁਣ ਸ਼ਹਿਰਾਂ ਦੀ ਵੀ ਵੱਡੀ ਸਮੱਸਿਆ ਬਣ ਚੁੱਕੀ ਹੈ।
ਸ਼ਹਿਰੀਕਰਣ ਯੋਜਨਾਬੱਧ ਤਰੀਕੇ ਨਾਲ ਨਹੀਂ ਹੋ ਰਿਹਾ। ਹਰ ਨਵੇਂ ਪ੍ਰਾਜੈਕਟ ਲਈ ਵਾਤਾਵਰਣ ਅਤੇ ਜਲ ਪ੍ਰਬੰਧਨ ਅਧਿਐਨ ਲਾਜ਼ਮੀ ਹੋਣਾ ਚਾਹੀਦਾ ਹੈ। ਵਧ ਰਹੀ ਆਬਾਦੀ ਦੇ ਕਾਰਨ ਸ਼ਹਿਰੀਕਰਣ ਦਾ ਵਧਣਾ ਲਾਜ਼ਮੀ ਹੈ ਪਰ ਇਹ ਸ਼ਹਿਰੀਕਰਣ ਅਗਰ ਪਾਣੀ ਦੀ ਨਿਕਾਸ਼ੀ ਦਾ ਧਿਆਨ ਰੱਖ ਕੇ ਹੋਵੇ ਤਾਂ ਹੜ੍ਹਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਸ਼ਹਿਰੀ ਇਲਾਕਿਆਂ ਦੀ ਨਿਕਾਸ਼ੀ ਲਾਈਨ ਨਵੀਂ ਤਕਨੀਕ ਦੇ ਨਾਲ ਸੁਧਾਰੀ ਜਾਣੀ ਚਾਹੀਦੀ ਹੈ।

ਸ਼ਹਿਰਾਂ ਵਿੱਚ ਮੀਂਹ ਦਾ ਪਾਣੀ ਇਕੱਠਾ ਕਰਨ ਅਤੇ ਦੁਬਾਰਾ ਵਰਤਣ ਦੀ ਪ੍ਰਣਾਲੀ ਬਣਾਈ ਜਾਣੀ ਚਾਹੀਦੀ ਹੈ । ਇਸ ਤੋਂ ਇਲਾਵਾ ਕੁਦਰਤੀ ਰਾਹਾਂ ਦੀ ਬਹਾਲੀ ਕੀਤੀ ਜਾਣੀ ਚਾਹੀਦੀ ਹੈ।ਨਦੀਆਂ, ਨਾਲਿਆਂ ਅਤੇ ਤਲਾਬਾਂ ਨੂੰ ਮੁੜ ਚਾਲੂ ਕਰਨ ਦੀ ਲੋੜ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਲੋਕ ਜਾਗਰੂਕ ਹੋਣ। ਲੋਕਾਂ ਨੂੰ ਹੜ੍ਹਾਂ ਅਤੇ ਸ਼ਹਿਰੀਕਰਣ ਵਿਚਕਾਰ ਸੰਬੰਧ ਬਾਰੇ ਸਿਖਲਾਈ ਦੇਣ ਦੀ ਲੋੜ ਹੈ। ਆਖਿਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਸ਼ਹਿਰੀਕਰਣ ਨੂੰ ਅਗਰ ਨਿਯਮਤ ਢੰਗ ਨਾਲ ਕੀਤਾ ਜਾਵੇ ਤਾਂ ਇਸ ਨਾਲ ਖਤਰੇ ਘਟ ਜਾਣਗੇ ਨਹੀਂ ਤਾਂ ਇਹ ਵਿਕਾਸ ਨਹੀਂ, ਤਬਾਹੀ ਦਾ ਰਾਹ ਬਣਦਾ ਰਹੇਗਾ। ਪੰਜਾਬ ਵਰਗੇ ਖੇਤੀ ਪ੍ਰਧਾਨ ਅਤੇ ਹਰੇ ਭਰੇ ਰਾਜ ਵਿੱਚ ਜੇਕਰ ਫ਼ਸਲਾਂ ਦੀ ਥਾਂ ‘ਤੇ ਇਮਾਰਤਾਂ ਵੱਧਦੀਆਂ ਰਹੀਆਂ ਤਾਂ ਇਹ ਸਿਰਫ ਆਰਥਿਕ ਹੀ ਨਹੀਂ, ਸਗੋਂ ਵਾਤਾਵਰਣਕ ਅਤੇ ਸਮਾਜਕ ਸੰਕਟ ਵੀ ਬਣ ਸਕਦਾ ਹੈ। ਸਮਾਂ ਆ ਗਿਆ ਹੈ ਕਿ ਅਸੀਂ ਵਿਕਾਸ ਅਤੇ ਕੁਦਰਤ ਵਿਚਕਾਰ ਸੰਤੁਲਨ ਬਰਕਰਾਰ ਰੱਖਣ ਲਈ ਗੰਭੀਰ ਹੋਈਏ। ਕਿਸਾਨ ਭਰਾਵੋ ਆਓ ਪ੍ਰਣ ਕਰੀਏ ਕਿ ਅਸੀਂ ਪੈਸੇ ਦੇ ਲਾਲਚ ਵਿੱਚ ਆ ਕੇ ਖੇਤੀਯੋਗ ਜ਼ਮੀਨ ਕਲੋਨੀਆਂ ਬਣਾਉਣ ਵਾਲਿਆਂ ਨੂੰ ਨਹੀਂ ਵੇਚਾਂਗੇ।

 

ਕੁਲਵੰਤ ਸਿੰਘ ਗੱਗੜਪੁਰੀ