Connect with us

Punjab

ਸ਼੍ਰੋਮਣੀ ਕਮੇਟੀ “ਗੋਲਕ ਪ੍ਰਬੰਧਕ ਕਮੇਟੀ” ਭਗਵੰਤ ਮਾਨ ਦਾ ਬਿਆਨ ਸੱਚ ਜਾਂ ਜੁਮਲਾ?

Published

on

ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਟਿੱਪਣੀ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਕਿਹਾ ‘”ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅਸਲ ਵਿੱਚ ਗੋਲਕ ਪ੍ਰਬੰਧਕ ਕਮੇਟੀ ਹੈ।” ਇਸਦੇ ਜਵਾਬ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਇਹ ਟਿੱਪਣੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਹੁਣ ਇਸ ਟਿੱਪਣੀ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਝਣ ਦੀ ਲੋੜ ਹੈ ਕਿ ਇਹ ਟਿੱਪਣੀ ਸੱਚ ਹੈ ਜਾਂ ਜੁਮਲਾ ਹੈ।

ਮਾਨ ਦੇ ਬਿਆਨ ਮਗਰੋਂ ਜਦੋਂ ਲੋਕਾਂ ਵਿੱਚ ਚਰਚਾ ਛਿੜੀ ਤਾਂ ਅਸੀਂ ਇਸ ਟਿੱਪਣੀ ਦੀ ਸਚਾਈ ਨੂੰ ਸਮਝਣ ਲਈ ਸ਼੍ਰੋਮਣੀ ਕਮੇਟੀ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ 1200 ਤੋਂ 1500ਕਰੋੜ ਰੁਪਏ ਹੈ। ਹੁਣ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਬਜਟ ਦਾ ਪੈਸਾ ਖਰਚ ਕਿੱਥੇ ਕੀਤਾ ਜਾਂਦਾ ਹੈ? ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਅਤੇ ਵਿਕਾਸ ਲਈ, ਪ੍ਰਸ਼ਾਸ਼ਨਿਕ ਖਰਚੇ ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਆਦਿ। ਇਸਦੇ ਨਾਲ ਹੀ ਸਿੱਖਿਆ ਅਤੇ ਧਾਰਮਿਕ ਮਾਮਲਿਆਂ ਉੱਪਰ ਬਜਟ ਦਾ ਪੈਸਾ ਖਰਚ ਕੀਤਾ ਜਾਂਦਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਸਮਾਜਿਕ ਸੇਵਾਵਾਂ ਲਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਦਦ ਕੀਤੀ ਜਾਂਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਵਿੱਚ 80 (48 ਸਕੂਲ਼ ਅਤੇ 31 ਕਾਲਜ)ਦੇ ਕਰੀਬ ਸਕੂਲ ਅਤੇ ਕਾਲਜ ਚਲਾਏ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਤਿੰਨ ਚੈਰੀਟੇਬਲ ਹਸਪਤਾਲ ਤੇ ਇੱਕ ਮੈਡੀਕਲ ਕਾਲਜ ਵੀ ਚਲਾ ਰਹੀ ਹੈ।

ਸੂਤਰਾਂ ਨੇ ਅੱਗੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਨਹੀਂ ਪੜ੍ਹਾਇਆ ਜਾਂਦਾ ਸਗੋਂ ਵੱਡੀਆਂ ਫੀਸਾਂ ਅਦਾ ਕੀਤੀਆਂ ਜਾਂਦੀਆਂ ਤੇ ਨਾ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਸਮਾਜ ਸੇਵੀ ਸੰਸਥਾ ਦੀ ਮਦਦ ਕਰਨ ਦੀ ਵੀ ਕੋਈ ਜਾਣਕਾਰੀ ਨਹੀਂ ਮਿਲਦੀ।ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਕਮੇਟੀ ਦਾ ਸਕੂਲਾਂ ਕਾਲਜਾਂ ਅਤੇ ਹਸਪਤਾਲਾਂ ਉੱਪਰ ਖਰਚਾ ਨਹੀਂ ਹੋ ਰਿਹਾ। ਇਹ ਸੰਸਥਾਵਾਂ ਆਪਣਾ ਖਰਚਾ ਆਪ ਕੱਢ ਰਹੀਆਂ ਹਨ।

ਜੇਕਰ ਧਰਮ ਪ੍ਰਚਾਰ ਦੀ ਗੱਲ ਕਰੀਏ ਤਾਂ ਉਹ ਵੀ ਸਾਡੇ ਸਾਹਮਣੇ ਹੈ। ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਉਹ ਲੋਕ ਜੋ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ ਉਹ ਸਿੱਖ ਧਰਮ ਛੱਡ ਕੇ ਇਸਾਈ ਧਰਮ ਅਪਣਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਸੰਨ 1920 ਵਿੱਚ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਸਿੱਖ ਧਰਮ ਦੇ ਪ੍ਰਚਾਰ ਲਈ ਹੋਈ ਸੀ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਨ੍ਹਾਂ ਕਾਰਜ਼ਾਂ ਲਈ ਬਣਾਇਆ ਗਿਆ ਸੀ ਉਹ ਕਾਰਜ਼ ਪੂਰੀ ਜ਼ਿੰਮੇਵਾਰੀ ਨਾਲ ਕੀਤੇ ਹਨ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਕੇਵਲ ਇੱਕ ਪਰਿਵਾਰ ਦੀ ਸੇਵਾ ਸੰਭਾਲ ਲਈ ਹੀ ਨਿਭਾਅ ਰਹੀ ਹੈ। ਇਸ ਸੰਬੰਧ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਉਨ੍ਹਾਂ ਦਾ ਪੱਖ ਜਾਨਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

ਮੇਰੇ ਖ਼ਿਆਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਟਿੱਪਣੀ ਕੀਤੀ ਹੈ ਉਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਨਹੀਂ ਵੱਜੀ ਸਗੋਂ ਇਸ ਟਿੱਪਣੀ ਨੇ ਸਿੱਖ ਸੰਗਤ ਨੂੰ ਜਾਗਣ ਲਈ ਹਲੂਣਾ ਦਿੱਤਾ ਹੈ। ਇਸ ਟਿੱਪਣੀ ਨੂੰ ਕੇਵਲ ਜੁਮਲੇ ਦੀ ਤਰ੍ਹਾਂ ਹੀ ਨਹੀਂ ਲੈਣਾ ਚਾਹੀਦਾ ਸਗੋਂ ਸ਼੍ਰੋਮਣੀ ਕਮੇਟੀ ਦੇ ਕੰਮਕਾਜ਼ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ।ਸੰਗਤ ਜੀ ਜਲਦੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਉਹ ਕਮੇਟੀ ਲਿਆਉਣ ਦੇ ਯਤਨ ਕਰੋ ਜਿਹੜੀ ਆਪਣੇ ਫ਼ਰਜ਼ਾਂ ਨੂੰ ਪਛਾਣਦਿਆਂ ਗੋਲਕ ਦੀ ਸਹੀ ਵਰਤੋਂ ਕਰੇ ਦੁਰਵਰਤੋਂ ਨਹੀਂ ।

 

ਕੁਲਵੰਤ ਸਿੰਘ ਗੱਗੜਪੁਰੀ