News
ਚੰਡੀਗੜ੍ਹ ‘ਚ ਸ਼ਰਾਬ ਮਾਫ਼ੀਆ ਦਾ ਕਬਜ਼ਾ- ਉੱਡ ਰਹੀਆਂ ਨੇ ਕਾਨੂੰਨ ਦੀਆਂ ਧੱਜੀਆਂ: ਪ੍ਰਸ਼ਾਸਨ ਸੁੱਤਾ
ਚੰਡੀਗੜ੍ਹ, ਜੋ ਦੇਸ਼ ਦੇ ਸਭ ਤੋਂ ਸੁੱਧਰੇ ਅਤੇ ਪ੍ਰਬੰਧਿਤ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਉੱਥੇ ਅੱਜ ਕਾਨੂੰਨ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਸ਼ਰਾਬ ਦੇ ਠੇਕੇਦਾਰਾਂ ਵੱਲੋਂ ਨਸ਼ੇ ਦੀ ਖੁੱਲ੍ਹੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ—ਜੋ ਕਿ ਸਿੱਧੀ ਤੌਰ ‘ਤੇ ਕਾਨੂੰਨ ਦਾ ਉਲੰਘਣਾ ਹੈ। ਨਸ਼ੇ ਦੀ ਕਿਸੇ ਵੀ ਤਰ੍ਹਾਂ ਦੀ ਇਸ਼ਤਹਾਰਬਾਜ਼ੀ, ਚਾਹੇ ਉਹ ਹੋਰਡਿੰਗਾਂ ਰਾਹੀਂ ਹੋਵੇ ਜਾਂ ਸੋਸ਼ਲ ਮੀਡੀਆ ‘ਤੇ ਹੋਵੇ ਗੈਰਕਾਨੂੰਨੀ ਹੈ। ਫਿਰ ਵੀ ਚੰਡੀਗੜ੍ਹ ਦੇ ਕਈ ਠੇਕੇਦਾਰ ਆਪਣੀ ਮਰਜ਼ੀ ਨਾਲ ਸੋਸ਼ਲ ਮੀਡੀਆ ਉੱਪਰ ਬੇਝਿਜਕ ਇਸ਼ਤਿਹਾਰਬਾਜ਼ੀ ਕਰਕੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ ਛੂਟ ਅਤੇ ਆਫ਼ਰਾਂ ਦਾ ਪ੍ਰਚਾਰ ਕਰ ਰਹੇ ਹਨ।
ਸਵਾਲ ਇਹ ਹੈ ਕਿ ਕੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਸਭ ਕੁੱਝ ਨਹੀਂ ਦਿੱਸਦਾ? ਜਾਂ ਫਿਰ ਸਭ ਕੁਝ ਮਿਲੀਭੁਗਤ ਨਾਲ ਚੱਲ ਰਿਹਾ ਹੈ? ਨਸ਼ੇ ਦੀ ਲਤ ਦੇ ਵਧਦੇ ਖਤਰੇ ਅਤੇ ਜੁਆਨੀ ਦੇ ਭਟਕਾਅ ਨੂੰ ਰੋਕਣ ਦੀ ਬਜਾਏ, ਪ੍ਰਸ਼ਾਸਨ ਨੇ ਅੱਖਾਂ ਬੰਦ ਕਰ ਲਈਆਂ ਹਨ। ਇਹ ਠੇਕੇਦਾਰ ਨਾ ਸਿਰਫ਼ ਇਸ਼ਤਿਹਾਰਬਾਜ਼ੀ ਕਰ ਰਹੇ ਹਨ, ਸਗੋਂ ਸ਼ਰਾਬ ਦੇ ਰੇਟਾਂ ‘ਚ ਵੀ ਆਪਣੀ ਮਰਜ਼ੀ ਚਲਾ ਰਹੇ ਹਨ।
ਇੱਕ ਹੋਰ ਤੱਥ ਬੜਾ ਦਿਲਚਸਪ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੀਆਂ ਸਰਕਾਰਾਂ ਵੱਲੋਂ ਸ਼ਰਾਬ ਦਾ ਕੇਵਲ ਮਿਨੀਮਮ ਰਿਟੇਲ ਪ੍ਰਾਈਜ਼ (MRP) ਤੈਅ ਕੀਤਾ ਜਾਂਦਾ ਹੈ, ਮੈਕਸੀਮਮ ਰਿਟੇਲ ਪ੍ਰਾਈਜ਼ ਨਹੀਂ। ਇਸ ਦਾ ਨਤੀਜਾ ਇਹ ਹੈ ਕਿ ਠੇਕੇਦਾਰ ਸ਼ਰਾਬ ਉੱਚੇ ਰੇਟਾਂ ‘ਤੇ ਵੇਚ ਰਹੇ ਹਨ ਅਤੇ ਕਿਸੇ ਨੂੰ ਇਸ ਦਾ ਹਿਸਾਬ ਨਹੀਂ ਦੇ ਰਹੇ। ਇਹ ਗਾਹਕਾਂ ਦੀ ਸਿੱਧੀ ਲੁੱਟ ਹੈ ਪਰ ਕੋਈ ਸੁਣਨ ਵਾਲਾ ਨਹੀਂ।
ਜਿਹੜੇ ਲੋਕ ਇਸ ਗੈਰਕਾਨੂੰਨੀ ਕਾਰਗੁਜ਼ਾਰੀ ਦਾ ਵਿਰੋਧ ਕਰਦੇ ਹਨ ਜਾਂ ਕੀਮਤਾਂ ਬਾਰੇ ਪੁੱਛਦੇ ਹਨ, ਉਹਨਾਂ ਨਾਲ ਠੇਕਿਆਂ ਦੇ ਕਰਿੰਦੇ ਬਦਤਮੀਜ਼ੀ ਨਾਲ ਪੇਸ਼ ਆਉਂਦੇ ਹਨ। ਬਹੁਤ ਸਾਰੇ ਲੋਕਾਂ ਦੇ ਅਨੁਭਵਾਂ ਵਿੱਚ ਇਹ ਵੀ ਆਇਆ ਹੈ ਕਿ ਜੇ ਕੋਈ ਵਿਅਕਤੀ “ਬਿੱਲ” ਜਾਂ ਰੇਟ ਦੀ ਜਾਣਕਾਰੀ ਮੰਗਦਾ ਹੈ ਤਾਂ ਉਸਨੂੰ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ ।
ਇਹ ਹਾਲਤ ਸਿਰਫ਼ ਸ਼ਰਾਬ ਦੇ ਵਪਾਰ ਦੀ ਨਹੀਂ, ਸਗੋਂ ਪ੍ਰਸ਼ਾਸਨਿਕ ਲਾਪ੍ਰਵਾਹੀ ਦੀ ਵੀ ਹੈ। ਨਸ਼ੇ ਦੇ ਵਧਦੇ ਪ੍ਰਭਾਵ ‘ਤੇ ਸਰਕਾਰਾਂ ਕਾਗ਼ਜ਼ਾਂ ‘ਚ ਨੀਤੀਆਂ ਬਣਾਉਂਦੀਆਂ ਹਨ, ਪਰ ਜ਼ਮੀਨੀ ਹਕੀਕਤ ਉਲਟੀ ਹੈ। ਚੰਡੀਗੜ੍ਹ ਜਿਹੇ ਸੁਲਝੇ ਹੋਏ ਲੋਕਾਂ ਦੇ ਸ਼ਹਿਰ ‘ਚ ਜਦੋਂ ਕਾਨੂੰਨ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹੋਣ, ਤਾਂ ਇਹ ਸੋਚਣ ਵਾਲੀ ਗੱਲ ਹੈ ਕਿ ਛੋਟੇ ਸ਼ਹਿਰਾਂ ਜਾਂ ਪਿੰਡਾਂ ‘ਚ ਹਾਲਤ ਕੀ ਹੋਵੇਗੀ।
ਇਹ ਜ਼ਰੂਰੀ ਹੈ ਕਿ ਪ੍ਰਸ਼ਾਸਨ ਇਸ ਮਾਮਲੇ ‘ਚ ਤੁਰੰਤ ਸਖ਼ਤ ਕਾਰਵਾਈ ਕਰੇ — ਨਾ ਸਿਰਫ਼ ਗੈਰਕਾਨੂੰਨੀ ਇਸ਼ਤਿਹਾਰਬਾਜ਼ੀ ‘ਤੇ ਪਾਬੰਦੀ ਲਗਾਏ, ਸਗੋਂ ਸ਼ਰਾਬ ਦੀਆਂ ਕੀਮਤਾਂ ‘ਤੇ ਪੂਰਾ ਕੰਟਰੋਲ ਸਥਾਪਿਤ ਕਰੇ। ਜਦ ਤੱਕ ਕਾਨੂੰਨ ਦੇ ਅੱਗੇ ਸਭ ਬਰਾਬਰ ਨਹੀਂ, ਤਦ ਤੱਕ ਐਸੀ ਮਿਲੀਭੁਗਤ ਸ਼ਹਿਰ ਦੇ ਆਦਰਸ਼ ਪ੍ਰਬੰਧਨ ਨੂੰ ਦਾਗ਼ ਲਾਉਂਦੀ ਰਹੇਗੀ।
ਨਤੀਜਾ ਸਾਫ਼ ਹੈ: ਚੰਡੀਗੜ੍ਹ ‘ਚ ਸ਼ਰਾਬ ਮਾਫ਼ੀਆ ਖੁੱਲ੍ਹੀ ਗੈਰ ਕਾਨੂੰਨੀ ਖੇਡ ਖੇਡ ਰਹੇ ਹਨ — ਅਤੇ ਪ੍ਰਸ਼ਾਸਨ, ਜਿਸਨੂੰ ਇਹ ਸਭ ਨੂੰ ਰੋਕਣਾ ਚਾਹੀਦਾ ਸੀ, ਅੱਜ ਸਭ ਤੋਂ ਵੱਡਾ ਦਰਸ਼ਕ ਬਣਿਆ ਹੋਇਆ ਹੈ।

