Connect with us

Ludhiana

ਲੁਧਿਆਣਾ ਵੱਲੋਂ ਇੱਕ ਦਿਨ ’ਚ 1.31 ਲੱਖ ਕੋਵਿਡ ਟੀਕੇ ਲਗਾ ਕੇ, ਨਵਾਂ ਕੀਰਤੀਮਾਨ ਕੀਤਾ ਸਥਾਪਤ

Published

on

corona vaccination

ਲੁਧਿਆਣਾ : ਇੱਕ ਨਵੀ ਪੁਲਾਂਘ ਪੁੱਟਦਿਆਂ, ਲੁਧਿਆਣਾ ਨੇ ਐਤਵਾਰ ਨੂੰ ਜ਼ਿਲੇ ਭਰ ਵਿੱਚ 131993 ਲੱਖ ਕੋਵਿਡ ਖੁਰਾਕਾਂ ਦੇ ਨਾਲ ਇੱਕ ਦਿਨ ਵਿੱਚ ਸਭ ਤੋਂ ਵੱਧ ਟੀਕਾਕਰਣ ਦਾ ਰਿਕਾਰਡ ਕਾਇਮ ਕੀਤਾ ਹੈ। ਇੱਕ ਦਿਨ ਵਿੱਚ ਸਭ ਤੋਂ ਵੱਧ ਦਾ ਟੀਕਾਕਰਣ ਦਰਜ ਕਰਨ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਦੇ ਅਣਥੱਕ ਅਤੇ ਦਿ੍ਰੜ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਨਾਲ ਘਾਤਕ ਕੋਰੋਨਾ ਵਾਇਰਸ ਵਿਰੁੱਧ ਲੜਾਈ ਹੋਰ ਮਜ਼ਬੂਤ ਹੋਵੇਗੀ।

ਉਨਾਂ ਕਿਹਾ ਕਿ ਕੋਵਿਡ-19 ਵੈਕਸੀਨ ਦੀਆਂ 1.31 ਲੱਖ ਤੋਂ ਵੱਧ ਖੁਰਾਕਾਂ ਦੇਣ ਦਾ ਮੀਲ ਪੱਥਰ ਲੁਧਿਆਣਾ ਦੇ ਲੋਕਾਂ ਦੇ ਪੂਰਨ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ, ਜਿਨਾਂ ਨੇ ਟੀਕਾਕਰਣ ਮੁਹਿੰਮ ਵਿੱਚ ਪੂਰੇ ਤਨ-ਮਨ ਨਾਲ ਹਿੱਸਾ ਲਿਆ, ਜਿਸ ਵਿੱਚ ਹੁਣ ਤੱਕ 2254619 ਲੋਕ ਸ਼ਾਮਲ ਹੋਏ ਹਨ ਜੋਕਿ 16 ਜਨਵਰੀ, 2021 ਨੂੰ ਸ਼ੁਰੂ ਹੋਈ ਸੀ।

ਉਨਾਂ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਉਨਾਂ ਦੀ ਪਤਨੀ ਨਗਰ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਹੋਰ ਜਨ ਪ੍ਰਤੀਨਿਧੀਆਂ ਦਾ ਲੁਧਿਆਣਾ ਵਿੱਚ ਘਰ-ਘਰ ਜਾ ਕੇ  ਟੀਕਾਕਰਨ ਅਭਿਆਨ ਚਲਾਉਣ ਲਈ ਧੰਨਵਾਦ ਕੀਤਾ ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਦੇ ਕੋਨੇ-ਕੋਨੇ ਵਿੱਚ ਟੀਮਾਂ ਭੇਜ ਕੇ ਤੀਜੀ ਲਹਿਰ ਦਾ ਮੁਕਾਬਲਾ ਕਰਨ ਲਈ ਜੰਗੀ ਪੱਧਰ ‘ਤੇ ਲੋਕਾਂ ਦਾ ਟੀਕਾਕਰਨ ਕਰਨਾ ਸਮੇਂ ਦੀ ਲੋੜ ਹੈ।
ਉਨਾਂ ਕਿਹਾ ਕਿ ਲੁਧਿਆਣਾ ਵਿੱਚ ਟੀਕਾਕਰਣ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਕੋਵਿਡ-19 ਦੇ ਵਿਰੁੱਧ ਸੁਰੱਖਿਆ ਪ੍ਰਣਾਲੀ ਨੂੰ ਹੋਰ ਹੁਲਾਰਾ ਦੇਣ ਲਈ ਇੱਕ ਐਕਸ਼ਨ ਮੋਡ ਵਿੱਚ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਕਾਕਰਨ ਇਸ ਅਦਿੱਖ ਦੁਸ਼ਮਣ ਦੇ ਵਿਰੁੱਧ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ ਅਤੇ ਹੁਣ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਰੇ ਯੋਗ ਵਿਅਕਤੀ ਵੈਕਸੀਨੇਸ਼ਨ ਲਈ ਅੱਗੇ ਆਈਏ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਟੀਕਾਕਰਣ ਲਈ ਅੱਗੇ ਆਉਣ ਅਤੇ ਨੌਜਵਾਨਾਂ ਅਤੇ ਉਨਾਂ ਦੇ ਮਾਪਿਆਂ ਨੂੰ ਇਸ ਦੇ ਲਈ ਪ੍ਰੇਰਿਤ ਕਰਨ।