Connect with us

Punjab

ਹਿੰਦ ਦੀ ਚਾਦਰ ਦੀ ਸ਼ਹੀਦੀ ਸ਼ਤਾਬਦੀ—ਪੂਰੇ ਭਾਰਤ ਨੂੰ ਮਨਾਉਣ ਦਾ ਹੱਕ

Published

on

ਅੱਜ ਅਸੀਂ ਉਸ ਲਾਸਾਨੀ ਸ਼ਹੀਦ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਨਾਮ ਸਿਰਫ਼ ਇੱਕ ਕੌਮ ਦੀ ਪਛਾਣ ਨਹੀਂ—ਸਗੋਂ ਪੂਰੇ ਭਾਰਤ ਦੀ ਆਬਰੂ ਹੈ। ਅੱਜ ਅਸੀਂ ਯਾਦ ਕਰ ਰਹੇ ਹਾਂ ਹਿੰਦ ਦੀ ਚਾਦਰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ।

ਇਹ ਸ਼ਹਾਦਤ ਕਿਸੇ ਇੱਕ ਕੌਮ ਦੀ ਨਹੀਂ, ਕਿਸੇ ਇੱਕ ਮਜ਼੍ਹਬ ਦੀ ਨਹੀਂ—ਇਹ ਪੂਰੇ ਹਿੰਦੁਸਤਾਨ ਦੀ ਸ਼ਾਨ ਦਾ ਦਿਹਾੜਾ ਹੈ। ਇਸ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਦਾ ਅਧਿਕਾਰ ਸਾਰੇ ਭਾਰਤੀਆਂ ਨੂੰ ਹੈ, ਕਿਉਂਕਿ ਇਹ ਕੁਰਬਾਨੀ ਪੂਰੇ ਦੇਸ਼, ਪੂਰੀ ਮਨੁੱਖਤਾ ਲਈ ਦਿੱਤੀ ਗਈ ਸੀ।

ਗੁਰੂ ਤੇਗ ਬਹਾਦਰ ਸਾਹਿਬ ਨੇ 1675 ਈਸਵੀ ਵਿੱਚ ਆਪਣਾ ਸੀਸ ਇਸ ਲਈ ਨਹੀਂ ਦਿੱਤਾ ਸੀ ਕਿ ਇੱਕ ਜਾਤ ਜਾਂ ਇੱਕ ਧਰਮ ਬਚ ਜਾਵੇ ਸਗੋਂ ਇਸ ਲਈ ਦਿੱਤਾ ਸੀ ਕਿ ਮਨੁੱਖਤਾ ਬਚੇ, ਧਰਮ ਦੀ ਆਜ਼ਾਦੀ ਬਚੇ, ਮਨੁੱਖੀ ਅਧਿਕਾਰ ਸੁਰੱਖਿਅਤ ਰਹਿਣ।

ਇਹ ਨਾ ਕਹੋ ਕਿ ਉਨ੍ਹਾਂ ਨੇ ਹਿੰਦੂਆਂ ਲਈ ਕੁਰਬਾਨੀ ਦਿੱਤੀ। ਨਹੀਂ! ਉਨ੍ਹਾਂ ਨੇ ਜ਼ੁਲਮ ਦੇ ਵਿਰੁੱਧ, ਅਨਿਆ ਦੇ ਵਿਰੁੱਧ, ਅਤੇ ਤਾਨਾਸ਼ਾਹੀ ਦੇ ਵਿਰੁੱਧ ਕੁਰਬਾਨੀ ਦਿੱਤੀ ਸੀ।

ਜੇ ਉਸ ਸਮੇਂ ਮੁਸਲਮਾਨਾਂ ਨਾਲ ਧੱਕਾ ਹੋ ਰਿਹਾ ਹੁੰਦਾ, ਤਾਂ ਗੁਰੂ ਸਾਹਿਬ ਮੁਸਲਮਾਨਾਂ ਲਈ ਖੜ੍ਹੇ ਹੋ ਜਾਂਦੇ।
ਜੇ ਇਸਾਈਆਂ ਨਾਲ ਜ਼ੁਲਮ ਹੋ ਰਿਹਾ ਹੁੰਦਾ, ਉਹ ਇਸਾਈਆਂ ਦੀ ਰੱਖਿਆ ਲਈ ਖੜ੍ਹੇ ਹੋ ਜਾਂਦੇ।
ਕਿਉਂਕਿ ਸਿੱਖ ਧਰਮ ਮਨੁੱਖਤਾ ਦੀ ਰੱਖਿਆ ਲਈ ਜਨਮਿਆ—ਕਿਸੇ ਇੱਕ ਕੌਮ ਦੀਆਂ ਹੱਦਾਂ ਵਿੱਚ ਕੈਦ ਹੋਣ ਲਈ ਨਹੀਂ।
ਆਓ ਉਹ ਦੌਰ ਯਾਦ ਕਰੀਏ ਜਿਸ ਵਿੱਚ ਔਰੰਗਜ਼ੇਬ ਦੇ ਜ਼ੁਲਮਾਂ ਨੇ ਹਿੰਦੁਸਤਾਨ ਦੀ ਰੂਹ ਤੜਫਾ ਦਿੱਤੀ ਸੀ। ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾਇਆ ਜਾ ਰਿਹਾ ਸੀ। ਜਿਹੜਾ ਜਨੇਊ ਉਤਾਰ ਦੇਵੇ—ਉਹ ਬਖ਼ਸ਼ਿਆ ਜਾ ਰਿਹਾ ਸੀ। ਜਿਹੜਾ ਜਨੇਊ ਨਾ ਉਤਾਰੇ—ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਸੀ।
ਰੋਜ਼ ਰਾਤ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਸਵਾ ਮਨ ਜਨੇਊ ਪਹੁੰਚਦਾ ਸੀ। ਸੋਚੋ!
ਇਹ ਸਿਰਫ਼ ਜਨੇਊ ਨਹੀਂ ਸੀ—ਇਹ ਹਿੰਦੁਸਤਾਨ ਦੇ ਲੋਕਾਂ ਦੀ ਇੱਜ਼ਤ, ਉਹਨਾਂ ਦੀ ਹੋਂਦ, ਉਹਨਾਂ ਦੀ ਆਜ਼ਾਦੀ ਸੀ ਜੋ ਕੱਟ ਕੇ ਦਰਬਾਰਾਂ ਵਿੱਚ ਪਹੁੰਚ ਰਹੀ ਸੀ।
ਹਿੰਦੂਆਂ ਦੇ ਘਰਾਂ ਵਿੱਚ ਰੌਣਕਾਂ ਨਹੀਂ, ਹਾਹਾਕਾਰ ਸੀ।
ਧਰਮ ਨਹੀਂ, ਡਰ ਬਚਿਆ ਸੀ।
ਮਰਯਾਦਾ ਨਹੀਂ, ਮਜ਼ਬੂਰੀ ਬਚੀ ਸੀ।
ਅਤੇ ਇਸ ਡਰ, ਇਸ ਦਹਿਸ਼ਤ ਦੇ ਦੌਰ ਵਿੱਚ ਕਸ਼ਮੀਰੀ ਪੰਡਿਤਾਂ ਦੀ ਅਵਾਜ਼ ਇੱਕ ਮਹਾਨ ਰੂਹ ਤੱਕ ਪਹੁੰਚੀ—ਗੁਰੂ ਤੇਗ ਬਹਾਦਰ ਸਾਹਿਬ ਤੱਕ।
ਉਹ ਖੜ੍ਹੇ ਹੋਏ… ਅਤੇ ਇਤਿਹਾਸ ਬਦਲ ਗਿਆ।
ਹਿੰਦੂਆਂ ਦੀ ਹੀ ਨਹੀਂ ਪੂਰੇ ਹਿੰਦੁਸਤਾਨ ਦੀ ਆਬਰੂ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਵਾਰ ਦਿੱਤਾ।
ਅਤੇ ਦੁਨੀਆ ਨੇ ਦੇਖਿਆ ਕਿ ਕੁਰਬਾਨੀ ਕਿਸ ਨੂੰ ਕਹਿੰਦੇ ਹਨ।
ਦੁਨੀਆ ਨੇ ਦੇਖਿਆ ਕਿ ਮਨੁੱਖਤਾ ਦੀ ਰੱਖਿਆ ਕਿਵੇਂ ਹੁੰਦੀ ਹੈ।
ਦੁਨੀਆ ਨੇ ਦੇਖਿਆ ਕਿ ਕਿਸ ਤਰ੍ਹਾਂ ਇੱਕ ਮਸੀਹਾ ਹਿੰਦ ਦੀ ਚਾਦਰ ਬਣਦਾ ਹੈ।
ਇਸ ਕੁਰਬਾਨੀ ਦਾ ਕਰਜ਼ਾ ਹਿੰਦੁਸਤਾਨ ਦੇ ਸਿਰ ਹੈ—ਅਤੇ ਇਹ ਕਰਜ਼ਾ ਕਦੇ ਵੀ ਉਤਾਰਿਆ ਨਹੀਂ ਜਾ ਸਕਦਾ।
ਅੱਜ ਜਦੋਂ 350ਵਾਂ ਸ਼ਹੀਦੀ ਦਿਹਾੜਾ ਆਇਆ ਹੈ, ਪੂਰੇ ਵਿਸ਼ਵ ਦੇ ਕੋਨੇ–ਕੋਨੇ ਵਿੱਚ ਵੱਸਦੇ ਹਿੰਦੂ ਅਤੇ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਣਾਮ ਕਰ ਰਹੇ ਹਨ।
ਪਰ ਅਫ਼ਸੋਸ! ਇਹ ਵੀ ਸੱਚ ਹੈ ਕਿ ਕਈ ਦਹਾਕਿਆਂ ਤੱਕ ਕੁੱਝ –ਸਿਆਸੀ ਪਰਿਵਾਰਾਂ ਨੇ ਧਰਮ ਨੂੰ ਆਪਣੀ ਜਾਇਦਾਦ ਸਮਝਕੇ ਰੱਖਿਆ।
ਧਰਮ ਨੂੰ ਗੁਰਦੁਆਰਿਆਂ ਦੀਆਂ ਚਾਰ ਦੀਵਾਰੀਆਂ ਵਿੱਚ ਬੰਦ ਕਰ ਦਿੱਤਾ।
ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਣ ਨਹੀਂ ਦਿੱਤਾ।
ਪਰ ਹੁਣ ਸਮਾਂ ਬਦਲ ਗਿਆ ਹੈ।
ਨੌਜਵਾਨ ਜਾਗ ਰਿਹਾ ਹੈ।
ਨਵੀਂ ਪੀੜ੍ਹੀ ਪੁੱਛ ਰਹੀ ਹੈ—
ਇੰਨੇ ਵੱਡੇ ਗੁਰੂ, ਇੱਥੇ ਅਣਗਿਣਤ ਕੁਰਬਾਨੀਆਂ…
ਫਿਰ ਇਹ ਧਰਮ ਵਿਸ਼ਵ ਪੱਧਰ ‘ਤੇ ਕਿਉਂ ਨਹੀਂ ਫੁੱਲਿਆ–ਫਲਿਆ?
ਜਵਾਬ ਸੌਂਖਾ ਹੈ—ਕਿਉਂਕਿ ਧਰਮ ਦੇ ਠੇਕੇਦਾਰਾਂ ਨੇ ਕਦੇ ਚਾਹਿਆ ਹੀ ਨਹੀਂ ਕਿ ਇਹ ਧਰਮ ਵਿਸ਼ਵ ਤੱਕ ਜਾਵੇ।
ਪਰ ਹੁਣ ਜਦੋਂ ਨੌਜਵਾਨ ਇਤਿਹਾਸ ਪੜ੍ਹਦਾ ਹੈ, ਸੱਚ ਜਾਣਦਾ ਹੈ—ਉਸਨੂੰ ਸਮਝ ਆਉਂਦੀ ਹੈ ਕਿ ਸਿੱਖ ਧਰਮ ਮਨੁੱਖੀ ਅਧਿਕਾਰਾਂ ਦਾ ਸਰਵੋਤਮ ਧਰਮ ਹੈ।
ਇਹ ਧਰਮ ਸਿਰਫ਼ ਸਿੱਖਾਂ ਦਾ ਨਹੀਂ—ਇਹ ਸੰਸਾਰ ਲਈ ਹੈ।

ਇਸ ਲਈ ਹੁਣ ਸਿੱਖ ਇਤਿਹਾਸ ਗੁਰਦੁਆਰਿਆਂ ਦੀਆਂ ਚਾਰਦਵਾਰੀਆਂ ਤੱਕ ਸੀਮਿਤ ਨਹੀਂ ਰਹਿ ਸਕਦਾ।
ਹੁਣ ਇਹ ਘਰ–ਘਰ ਵਿੱਚ ਦੱਸਿਆ ਜਾਵੇਗਾ।
ਸਕੂਲਾਂ ਵਿੱਚ ਪੜ੍ਹਾਇਆ ਜਾਵੇਗਾ।
ਦੇਸ਼ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਇਸ ‘ਤੇ ਰਿਸਰਚ ਹੋਵੇਗੀ।
ਅਤੇ ਉਹ ਦਿਨ ਦੂਰ ਨਹੀਂ—
ਜਦੋਂ ਸਿੱਖ ਧਰਮ ਦੀ ਰੌਸ਼ਨੀ ਪੂਰੇ ਭਾਰਤ ਹੀ ਨਹੀਂ, ਪੂਰੇ ਵਿਸ਼ਵ ਨੂੰ ਚਾਨਣ ਕਰੇਗੀ।

ਅੰਤ ਵਿੱਚ, ਆਓ ਸਾਰੇ ਮਿਲ ਕੇ “ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸ ਪ੍ਰਣਾਮ ਕਰੀਏ।

ਕੁਲਵੰਤ ਸਿੰਘ ਗੱਗੜਪੁਰੀ