Punjab
ਮੋਗਾ ਪੁਲਿਸ ਨੇ ਰਾਜਸਥਾਨ ਤੋਂ ਮੋਗਾ ਵਿਖੇ ਅਫੀਮ ਵੇਚਣ ਆਏ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
6 ਜਨਵਰੀ 2024: ਮੋਗਾ ਜ਼ਿਲੇ ਨੂੰ ਨਸ਼ਾ ਮੁਕਤ ਜ਼ਿਲਾ ਬਣਾਉਣ ਲਈ ਮੋਗਾ ਪੁਲਸ ਵਲੋਂ ਫਿਰ ਤੋਂ ਨਸ਼ਾ ਤਸਕਰਾਂ ਨੂੰ ਫੜਨ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਦੇ ਲਈ ਐੱਸ.ਐੱਸ.ਪੀ ਮੋਗਾ ਵਿਵੇਕ ਸ਼ੀਲ ਸੋਨੀ ਨੇ ਮੁੜ ਤੋਂ ਸਖਤੀ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਮੋਗਾ ਜ਼ਿਲੇ ‘ਚ ਪੁਲਸ ਫਿਰ ਤੋਂ ਨਸ਼ਾ ਤਸਕਰਾਂ ‘ਤੇ ਨਕੇਲ ਕੱਸੇਗੀ। ਅਤੇ ਗਸ਼ਤ ਵੀ ਵਧਾ ਦਿੱਤੀ ਗਈ ਹੈ ਤਾਂ ਜੋ ਮੋਗਾ ਜ਼ਿਲ੍ਹੇ ਨੂੰ ਅਪਰਾਧ ਮੁਕਤ ਬਣਾਇਆ ਜਾ ਸਕੇ।ਇਸ ਦੇ ਤਹਿਤ ਮੋਗਾ ਪੁਲਿਸ ਨੇ ਬੀਤੀ ਸ਼ਾਮ ਜੀ.ਟੀ.ਰੋਡ ‘ਤੇ ਇੱਕ ਢਾਬੇ ਨੇੜੇ ਦੋ ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਦੇ ਕਬਜ਼ੇ ‘ਚੋਂ 2 ਕਿਲੋ ਅਫੀਮ ਬਰਾਮਦ ਕੀਤੀ। ਦੋਵੇਂ ਨੌਜਵਾਨ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਵਸਨੀਕ ਹਨ ਅਤੇ ਇੱਥੇ ਅਫੀਮ ਵੇਚਣ ਆਏ ਸਨ।ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਦਾ ਨਾਂ ਦਿਨੇਸ਼ ਸਰਨ ਪੁੱਤਰ ਸ਼ਾਮ ਲਾਲ ਅਤੇ ਦੂਜਾ ਕੇਲਾਸ ਪੁੱਤਰ ਕਚਰਾ ਰਾਮ ਵਾਸੀ ਜੋਧਪੁਰ ਜ਼ਿਲ੍ਹਾ ਰਾਜਸਥਾਨ ਹੈ।ਪੁਲਿਸ ਦੋਵਾਂ ਖਿਲਾਫ ਐਨ.ਡੀ.ਪੀ.ਸੀ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਜ ਉਨ੍ਹਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਹ ਲੋਕ ਇੱਥੇ ਸਪਲਾਈ ਕਰਨ ਆਏ ਸਨ।ਐਸਪੀਡੀ ਅਜੈ ਰਾਜ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਸਾਡਾ ਇਲਾਕਾ ਛੱਡ ਜਾਣ, ਹੁਣ ਇੱਥੇ ਨਸ਼ਾ ਤਸਕਰੀ ਨਹੀਂ ਹੋਣ ਦਿੱਤੀ ਜਾਵੇਗੀ।