Uncategorized
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ
ਪਟਿਆਲਾ : ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਮਹਿੰਦਰਾ ਐਂਡ ਮਹਿੰਦਰਾ ਸੀ.ਐਸ.ਆਰ ਸਕੀਮ ਅਧੀਨ ਜੈਵਿਕ ਮਾਦੇ ਦੇ ਜਲਣ ਕਰਕੇ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੇ.ਵੀ.ਕੇ. ਰੌਣੀ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸੌ ਤੋਂ ਵੱਧ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ।
ਇਸ ਮੌਕੇ ਡਾ. ਰਾਜਬੀਰ ਬਰਾੜ, ਡਾਇਰੈਕਟਰ, ਆਈ.ਸੀ.ਏ.ਆਰ-ਅਟਾਰੀ, ਜ਼ੋਨ-I, ਡਾ. ਜਗੀਰ ਸਿੰਘ ਸਮਰਾ, ਸੀ. ਐਡਵਾਈਜ਼ਰ, ਸੀ.ਆਰ.ਆਰ.ਆਈ.ਡੀ, ਇੰਜ. ਪ੍ਰਦੀਪ ਗੁਪਤਾ, ਮੁੱਖ ਕਾਰਜਕਾਰੀ ਇੰਜੀਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ, ਸ੍ਰੀਮਤੀ ਪਰਵਿੰਦਰ ਕੌਰ ਨਾਗਰਾ, ਏ.ਜੀ.ਐਮ., ਕਲੱਸਟਰ ਹੈੱਡ, ਨਬਾਰਡ, ਪਟਿਆਲਾ, ਸ੍ਰੀ ਸੁਨੀਲ ਅਗਨੀਹੋਤਰੀ, ਮਹਿੰਦਰਾ ਐਂਡ ਮਹਿੰਦਰਾ ਦੇ ਨੁਮਾਇੰਦੇ ਅਤੇ ਡਾ. ਜਸਵਿੰਦਰ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ., ਫ਼ਤਿਹਗੜ੍ਹ ਸਾਹਿਬ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਜਾਗਰੂਕਤਾ ਪ੍ਰੋਗਰਾਮ ਦੌਰਾਨ ਡਾ. ਜਸ਼ਨਜੋਤ ਕੌਰ, ਸਹਾਇਕ ਫ਼ਸਲ ਵਿਗਿਆਨੀ ਨੇ ਹੈਪੀ ਸੀਡਰ ਨਾਲ ਬੀਜੀ ਹੋਈ ਕਣਕ ਵਿਚ ਖੇਤੀਬਾੜੀ ਦੇ ਸੁਚੱਜੇ ਢੰਗਾਂ ਬਾਰੇ ਦੱਸਿਆ। ਡਾ. ਰਚਨਾ ਸਿੰਗਲਾ, ਸਹਾਇਕ ਪ੍ਰੋਫੈਸਰ (ਬਾਗ਼ਬਾਨੀ) ਨੇ ਬਾਗ਼ਬਾਨੀ ਦੀਆਂ ਫ਼ਸਲਾਂ ਵਿਚ ਪਰਾਲੀ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਪਰਮਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਡੇਅਰੀ ਫਾਰਮਿੰਗ ਵਿਚ ਪਰਾਲੀ ਦੀ ਸੁਚੱਜੀ ਵਰਤੋਂ ਬਾਰੇ ਦੱਸਿਆ। ਡਾ. ਗੁਰਨਾਜ਼ ਸਿੰਘ ਗਿੱਲ, ਸਹਾਇਕ ਪ੍ਰੋਫੈਸਰ (ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ) ਪਰਾਲੀ ਦੀ ਸੰਭਾਲ ਸਬੰਧੀ ਮਸ਼ੀਨਰੀ ਦੀ ਸਰਵੋਤਮ ਅਤੇ ਸੁਚੱਜੀ ਵਰਤੋਂ ਬਾਰੇ ਦੱਸਿਆ।
ਇਸ ਮੌਕੇ ਅਗਾਂਹਵਧੂ ਕਿਸਾਨ ਸ. ਨਰਿੰਦਰ ਸਿੰਘ ਅਤੇ ਸ. ਜਸਦੇਵ ਸਿੰਘ ਨੇ ਪਰਾਲੀ ਦੀ ਸਾਂਭ-ਸੰਭਾਲ ਬਾਰੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ।
ਸ੍ਰੀਮਤੀ ਪਰਵਿੰਦਰ ਕੌਰ ਨਾਗਰਾ ਨੇ ਨਬਾਰਡ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਡਾ. ਰਾਜਬੀਰ ਬਰਾੜ ਨੇ ਉੱਤਰੀ ਭਾਰਤ ਦੇ ਅਗਾਂਹਵਧੂ ਕਿਸਾਨਾਂ ਦੇ ਸਫਲਤਾਪੂਰਵਕ ਅਤੇ ਲਾਹੇਵੰਦ ਕੀਤਿਆਂ ਬਾਰੇ ਵਿਚਾਰ ਸਾਂਝੇ ਕਰਕੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਆਮਦਨ ਦੁੱਗਣੀ ਕਰਨ ਲਈ ਪ੍ਰੇਰਿਆ। ਡਾ. ਜਗੀਰ ਸਿੰਘ ਸਮਰਾ ਨੇ ਕਿਸਾਨਾਂ ਨੂੰ ਸੀ.ਆਰ.ਆਰ.ਆਈ.ਡੀ ਦੇ ਉਦੇਸ਼ਾਂ ਬਾਰੇ ਸਮਝਾਇਆ ਅਤੇ ਜੈਵਿਕ ਮਾਦੇ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ।
ਸ੍ਰੀ ਸੁਨੀਲ ਅਗਨੀਹੋਤਰੀ ਨੇ ਜੈਵਿਕ ਮਾਦੇ ਦੇ ਜਲਣ ਕਰਕੇ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਿਚ ਮਹਿੰਦਰਾ ਐਂਡ ਮਹਿੰਦਰਾ ਦੇ ਯੋਗਦਾਨ ਬਾਰੇ ਦੱਸਿਆ। ਡਾ. ਵਿਪਨ ਕੁਮਾਰ ਰਾਮਪਾਲ ਨੇ ਆਏ ਹੋਏ ਕਿਸਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਅੰਤ ਵਿਚ ਸਾਰੇ ਸ਼ਿਰਕਤਕਾਰੀਆਂ ਨੇ ਕੇ.ਵੀ.ਕੇ., ਪਟਿਆਲਾ ਦੇ ਪ੍ਰਦਰਸ਼ਨੀ ਪਲਾਟਾਂ ਅਤੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਮਸ਼ੀਨਰੀ ਦੀ ਪ੍ਰਦਰਸ਼ਨੀ ਦਾ ਦੌਰਾ ਕੀਤਾ।