National
ਮਹਾਂਕੁੰਭ ਮੇਲੇ ‘ਚ ਮਚੀ ਭਗਦੜ ਸਬੰਧੀ OSD ਆਕਾਂਕਸ਼ਾ ਰਾਣਾ ਨੇ ਦੱਸੀ ਸਾਰੀ ਵਾਰਤਾ!

ਮਹਾਕੁੰਭ ਮੇਲੇ ‘ਚ ਮੌਨੀ ਅਮਾਵਸਿਆ ਦੇ ਇਸ਼ਨਾਨ ਤਿਉਹਾਰ ‘ਤੇ ਵਧਦੀ ਭੀੜ ਕਾਰਨ ਭਗਦੜ ਮਚ ਗਈ। ਸੰਗਮ ਨੋਜ਼ ਨੇੜੇ ਭਗਦੜ ‘ਚ ਦਰਜਨਾਂ ਲੋਕ ਜ਼ਖਮੀ ਹੋਏ ਹਨ ਜਦਕਿ ਕਈ ਮੌਤਾਂ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਜ਼ਖਮੀਆਂ ਨੂੰ ਦਰਜਨਾਂ ਐਂਬੂਲੈਂਸਾਂ ਰਾਹੀਂ ਕੇਂਦਰੀ ਹਸਪਤਾਲ ਮਹਾਕੁੰਭ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਗੰਭੀਰ ਰੂਪ ‘ਚ ਜ਼ਖਮੀ ਸ਼ਰਧਾਲੂਆਂ ਨੂੰ ਵੀ ਉੱਚ ਕੇਂਦਰਾਂ ‘ਚ ਰੈਫਰ ਕੀਤਾ ਗਿਆ।
ਮਹਾਂਕੁੰਭ ਮੇਲੇ ਦੀ ਓ.ਐੱਸ.ਡੀ. ਆਕਾਂਕਸ਼ਾ ਰਾਣਾ ਨੇ ਮੀਡੀਆ ਦੇ ਸਾਹਮਣੇ ਆ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਸੰਗਮ ਵਿਖੇ ਭੀੜ ਦੇ ਦਬਾਅ ਵਧਣ ਕਾਰਨ ਭਗਦੜ ਮਚੀ। ਹਾਲਾਂਕਿ, ਉਨ੍ਹਾਂ ਦਾ ਦਾਅਵਾ ਹੈ ਕਿ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ। ਪਰ ਜ਼ਖਮੀਆਂ ਦੇ ਆਉਣ ਦਾ ਪ੍ਰਵਾਹ ਜਾਰੀ ਹੈ। ਮਹਾਂਕੁੰਭ ਮੇਲੇ ਦੇ ਕੇਂਦਰੀ ਹਸਪਤਾਲ ਨੂੰ ਛਾਉਣੀ ‘ਚ ਬਦਲ ਦਿੱਤਾ ਗਿਆ ਹੈ। ਮੀਡੀਆ ਕਰਮਚਾਰੀਆਂ ਨੂੰ ਵੀ ਹਸਪਤਾਲ ‘ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਦੂਜੇ ਪਾਸੇ ਹਾਦਸੇ ਤੋਂ ਬਾਅਦ, ਮਹਾਂਕੁੰਭ ’ਚ ਭੀੜ ਨੂੰ ਮੋੜਨ ਦੀ ਯੋਜਨਾ ਲਾਗੂ ਕੀਤੀ ਗਈ ਹੈ। ਮਹਾਂਕੁੰਭ ’ਚ ਸ਼ਰਧਾਲੂਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸ਼ਰਧਾਲੂਆਂ ਦੇ ਸਮੂਹਾਂ ਨੂੰ ਸ਼ਹਿਰ ਦੇ ਬਾਹਰ ਰੋਕ ਦਿੱਤਾ ਗਿਆ। 10 ਤੋਂ ਵੱਧ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਭੀੜ ਪ੍ਰਬੰਧਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭੀੜ ਨੂੰ ਕੰਟਰੋਲ ਕਰਨ ਲਈ ਪ੍ਰਯਾਗਰਾਜ ਦੇ ਸਰਹੱਦੀ ਇਲਾਕਿਆਂ ‘ਚ ਅਧਿਕਾਰੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਮੰਗਲਵਾਰ-ਬੁੱਧਵਾਰ ਦੀ ਰਾਤ ਕਰੀਬ 1.30 ਵਜੇ ਸੰਗਮ ਤੱਟ ‘ਤੇ ਭਗਦੜ ਮਚ ਗਈ, ਜਿਸ ਦੌਰਾਨ 10 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 50 ਤੋਂ ਵੱਧ ਜ਼ਖਮੀ ਹਨ ਅਤੇ ਕੁਝ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਲਿਜਾਇਆ ਜਾ ਰਿਹਾ ਹੈ।