Connect with us

Punjab

ਪਦਮ ਸ਼੍ਰੀ, ਬੱਲਾਂ ਵਾਲਾ ਡੇਰਾ ਅਤੇ ਪੰਜਾਬ ਦੀ ਸਿਆਸਤ ਦਾ ਵੋਟ ਗਣਿਤ 

Published

on

25 ਜਨਵਰੀ ਨੂੰ ਭਾਰਤ ਸਰਕਾਰ ਵੱਲੋਂ ਬੱਲਾਂ ਵਾਲੇ ਡੇਰੇ ਦੇ ਗੱਦੀਨਸ਼ੀਨ ਬਾਬਾ ਨਿਰੰਜਨ ਦਾਸ ਨੂੰ ਪਦਮ ਸ਼੍ਰੀ ਐਵਾਰਡ ਦੇਣ ਦੇ ਐਲਾਨ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਬੱਲਾਂ ਵਾਲੇ ਡੇਰੇ ਨਾਲ ਪੰਜਾਬ ਦੇ ਰਵਿਦਾਸੀਆ ਭਾਈਚਾਰੇ ਦੀ ਵੱਡੀ ਗਿਣਤੀ ਭਾਵਨਾਤਮਿਕ ਤੌਰ ‘ਤੇ ਜੁੜੀ ਹੋਈ ਹੈ। ਦੋਆਬੇ ਵਿੱਚ ਸਥਿਤ ਇਹ ਡੇਰਾ ਕਰੀਬ 23 ਵਿਧਾਨ ਸਭਾ ਹਲਕਿਆਂ ‘ਤੇ ਪ੍ਰਭਾਵ ਰੱਖਦਾ ਹੈ, ਜਿਸ ਕਾਰਨ ਇਸ ਦੀ ਸਿਆਸੀ ਅਹਿਮੀਅਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਪੰਜਾਬ ਦੇ ਦਲਿਤ ਭਾਈਚਾਰੇ ਦੀ ਕੁੱਲ ਵੋਟ ਵਿੱਚੋਂ ਲਗਭਗ 26 ਫ਼ੀਸਦੀ ਵੋਟ ਰਵਿਦਾਸੀਆ ਭਾਈਚਾਰੇ ਦੀ ਹੈ। ਇਹੀ ਕਾਰਨ ਹੈ ਕਿ ਬੱਲਾਂ ਵਾਲਾ ਡੇਰਾ ਰਵਿਦਾਸੀਆ ਵੋਟ ਨੂੰ ਵੱਡੀ ਹੱਦ ਤੱਕ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਇਸਦੇ ਉਲਟ ਦਲਿਤ ਭਾਈਚਾਰੇ ਦੀ ਸਭ ਤੋਂ ਵੱਡੀ ਹਿੱਸੇਦਾਰੀ, ਲਗਭਗ 33 ਫ਼ੀਸਦੀ, ਮਜ਼੍ਹਬੀ ਸਿੱਖ ਭਾਈਚਾਰੇ ਦੀ ਹੈ, ਪਰ ਇਹ ਵੋਟ ਇੱਕ ਝੰਡੇ ਹੇਠ ਇਕੱਠੀ ਨਹੀਂ। ਮਜ਼੍ਹਬੀ ਸਿੱਖ ਭਾਈਚਾਰੇ ਦੇ ਲੋਕ ਸਿੱਖ ਧਰਮ ਨੂੰ ਮੰਨਣ ਵਾਲੇ ਹਨ ਅਤੇ ਆਮ ਤੌਰ ‘ਤੇ ਕਿਸੇ ਡੇਰੇ ਜਾਂ ਬਾਬੇ ਦੇ ਪ੍ਰਭਾਵ ਹੇਠ ਨਹੀਂ ਹੁੰਦੇ। ਇਸ ਕਾਰਨ ਉਨ੍ਹਾਂ ਦੀ ਵੋਟ ਅਕਸਰ ਸ਼੍ਰੋਮਣੀ ਅਕਾਲੀ ਦਲ ਵੱਲ ਜਾਂਦੀ ਹੈ, ਜਦਕਿ ਕੁਝ ਹਿੱਸਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਵੀ ਵੰਡਿਆ ਹੋਇਆ ਹੈ।

ਰਵਿਦਾਸੀਆ ਭਾਈਚਾਰੇ ਦੀ ਸਥਿਤੀ ਇਸ ਤੋਂ ਵੱਖਰੀ ਹੈ। ਇਸ ਭਾਈਚਾਰੇ ਦੀ ਵੱਡੀ ਵੋਟ ਇੱਕ ਧਾਰਾ ਹੇਠ ਇਕੱਠੀ ਦਿਖਾਈ ਦਿੰਦੀ ਹੈ ਅਤੇ ਬੱਲਾਂ ਵਾਲੇ ਡੇਰੇ ‘ਚ ਡੂੰਘੀ ਸ਼ਰਧਾ ਰੱਖਦੀ ਹੈ। ਹਾਲਾਂਕਿ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਪੂਰੀ ਵੋਟ ਕਿਸੇ ਇੱਕ ਹੀ ਪਾਰਟੀ ਦੇ ਖਾਤੇ ਵਿੱਚ ਪੈ ਜਾਂਦੀ ਹੈ। ਆਮ ਆਦਮੀ ਪਾਰਟੀ, ਬਸਪਾ ਅਤੇ ਕਾਂਗਰਸ ਪਹਿਲਾਂ ਹੀ ਇਸ ਵੋਟ ਨੂੰ ਆਪਸ ਵਿੱਚ ਵੰਡ ਰਹੀਆਂ ਹਨ।

ਇਸ ਸਭ ਦੇ ਦਰਮਿਆਨ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਦੇ ਤਹਿਤ ਰਵਿਦਾਸੀਆ ਭਾਈਚਾਰੇ ਨੂੰ ਟਾਰਗੇਟ ਕਰਨਾ ਲਾਹੇਵੰਦ ਸਮਝਿਆ ਹੈ। ਇਸੀ ਰਣਨੀਤੀ ਦੇ ਤਹਿਤ ਬੱਲਾਂ ਵਾਲੇ ਬਾਬੇ ਨੂੰ ਪਦਮ ਸ਼੍ਰੀ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਅਤੇ ਇੱਕ ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡੇਰੇ ਵਿੱਚ ਨਤਮਸਤਕ ਹੋਣਾ ਵੀ ਤੈਅ ਕੀਤਾ ਗਿਆ ਹੈ। ਭਾਜਪਾ ਕਈ ਵਾਰ ਸਾਫ਼ ਕਰ ਚੁੱਕੀ ਹੈ ਕਿ ਉਹ ਪੰਜਾਬ ਵਿੱਚ ਇਕੱਲਿਆਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਪੰਜਾਬ ਦੇ ਵੱਡੇ ਵੋਟ ਬੈਂਕ ਵਿੱਚ ਸੰਨ੍ਹ ਲਾਉਣ ਦੇ ਇਰਾਦੇ ਨਾਲ ਬੱਲਾਂ ਵਾਲੇ ਡੇਰੇ ਨੂੰ ਚੁਣਿਆ ਗਿਆ ਹੈ। ਇਹੀ ਵੋਟ ਸਮੀਕਰਣ ਹੈ ਜੋ ਪੰਜਾਬ ਦੇ ਭਾਜਪਾ ਆਗੂ ਹਾਈ ਕਮਾਂਡ ਤੱਕ ਪਹੁੰਚਾ ਰਹੇ ਹਨ।

ਪਰ ਜੇਕਰ ਕੋਈ ਇਹ ਸੋਚਦਾ ਹੈ ਕਿ ਰਵਿਦਾਸੀਆ ਭਾਈਚਾਰੇ ਦੀ ਪੂਰੀ 26 ਫ਼ੀਸਦੀ ਵੋਟ ਭਾਜਪਾ ਦੇ ਖਾਤੇ ਵਿੱਚ ਪੈ ਜਾਵੇਗੀ, ਤਾਂ ਇਹ ਹਕੀਕਤ ਤੋਂ ਦੂਰ ਸੋਚ ਹੋਵੇਗੀ। ਇੱਕ ਪਾਸੇ ਤਾਂ ਇਹ ਵੋਟ ਪਹਿਲਾਂ ਹੀ ਵੱਖ-ਵੱਖ ਪਾਰਟੀਆਂ ਨਾਲ ਜੁੜੀ ਹੋਈ ਹੈ, ਦੂਜੇ ਪਾਸੇ ਰਵਿਦਾਸੀਆ ਭਾਈਚਾਰੇ ਵਿੱਚ ਇੱਕ ਐਸਾ ਹਿੱਸਾ ਵੀ ਹੈ ਜੋ ਕੱਟੜ ਸਿੱਖ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਅਤੇ ਬੱਲਾਂ ਵਾਲੇ ਡੇਰੇ ਦਾ ਸ਼ਰਧਾਲੂ ਨਹੀਂ। ਇਸ ਕਾਰਨ ਭਾਜਪਾ ਵੱਲੋਂ ਬੱਲਾਂ ਵਾਲੇ ਡੇਰੇ ਨੂੰ ਸਿਰਸੇ ਵਾਲੇ ਸਾਧ ਦੇ ਡੇਰੇ ਦੀ ਤਰਜ਼ ‘ਤੇ ਵਰਤਣ ਦੀ ਜੋ ਰਣਨੀਤੀ ਬਣਾਈ ਗਈ ਹੈ, ਉਹ ਉਨੀ ਕਾਰਗਰ ਸਾਬਤ ਨਹੀਂ ਹੋਵੇਗੀ ਜਿੰਨੀ ਹਰਿਆਣਾ ਵਿੱਚ ਸਿਰਸੇ ਵਾਲੇ ਡੇਰੇ ਦੇ ਮਾਮਲੇ ‘ਚ ਸਫ਼ਲ ਰਹੀ ਸੀ।

ਜੇ ਭਾਜਪਾ ਸੱਚਮੁੱਚ ਪੰਜਾਬ ਵਿੱਚ ਆਪਣੀਆਂ ਜੜਾਂ ਮਜ਼ਬੂਤ ਕਰਨਾ ਚਾਹੁੰਦੀ ਹੈ, ਤਾਂ ਸਿਰਫ਼ ਡੇਰਿਆਂ ਨਾਲ ਨਜ਼ਦੀਕੀਆਂ ਵਧਾਉਣਾ ਕਾਫ਼ੀ ਨਹੀਂ ਹੋਵੇਗਾ। ਪੰਜਾਬ ਦੇ ਲੋਕਾਂ ਦੇ ਦਿਲ ਜਿੱਤਣ ਲਈ ਵੱਡੇ ਅਤੇ ਸੰਵੇਦਨਸ਼ੀਲ ਮਸਲਿਆਂ ਦਾ ਹੱਲ ਲੱਭਣਾ ਪਵੇਗਾ। ਬੰਦੀ ਸਿੰਘਾਂ ਦੀ ਰਿਹਾਈ, ਕਿਸਾਨੀ ਮਸਲਿਆਂ ਦਾ ਨਿਪਟਾਰਾ, ਚੰਡੀਗੜ੍ਹ ਪੰਜਾਬ ਨੂੰ ਸੌਂਪਣਾ, ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਨਾ ਅਤੇ ਸੂਬੇ ਦੇ ਹਿੱਤ ਵਿੱਚ ਠੋਸ ਫੈਸਲੇ ਲੈਣੇ ਬਹੁਤ ਜ਼ਰੂਰੀ ਹਨ। ਇਸਦੇ ਨਾਲ ਨਾਲ ਜੇ ਅਕਾਲੀ ਦਲ ਨਾਲ ਮੁੜ ਗਠਜੋੜ ਦੀ ਰਾਹ ਅਪਣਾਈ ਜਾਵੇ, ਤਾਂ ਪੰਜਾਬ ਦੀ ਸੱਤਾ ਵੱਲ ਕਦਮ ਵਧਾਉਣਾ ਹੋਰ ਸੌਖਾ ਹੋ ਸਕਦਾ ਹੈ।

ਆਖਿਰ ਵਿੱਚ ਇਹ ਕਹਾਂਗੇ ਕਿ ਸਿਰਸੇ ਵਾਲੇ ਸਾਧ ਦੇ ਡੇਰੇ ਦੀ ਤਰਜ਼ ‘ਤੇ ਬੱਲਾਂ ਵਾਲੇ ਡੇਰੇ ਨਾਲ ਜੁੜਨਾ ਭਾਜਪਾ ਲਈ ਇਕੱਲਾ ਕਾਫ਼ੀ ਨਹੀਂ। ਪੰਜਾਬ ਦੀ ਸਿਆਸਤ ਵਿੱਚ ਸਿਰਫ਼ ਵੋਟ ਗਣਿਤ ਨਹੀਂ, ਸਗੋਂ ਮਸਲਿਆਂ ਦੀ ਸਿਆਸਤ ਹੀ ਆਖ਼ਿਰਕਾਰ ਲੋਕਾਂ ਦਾ ਫੈਸਲਾ ਤੈਅ ਕਰਦੀ ਹੈ।

-ਕੁਲਵੰਤ ਸਿੰਘ ਗੱਗੜਪੁਰੀ