Punjab
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਗਰੀਬ ਕਲਿਆਣ ਸੰਮੇਲਨ ’ਚ ਸ਼ਮੂਲੀਅਤ
ਪਟਿਆਲਾ,
ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ (ਰੌਣੀ) ਵੱਲੋਂ ਕੇ.ਵੀ.ਕੇ. ਕੈਂਪਸ ਵਿਖੇ ਗਰੀਬ ਕਲਿਆਣ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਧੀਕ ਨਿਰਦੇਸ਼ਕ, ਪਸਾਰ ਸਿੱਖਿਆ, ਪੀ.ਏ.ਯੂ., ਲੁਧਿਆਣਾ ਡਾ. ਜੀ ਜੀ.ਪੀ.ਐਸ. ਸੋਢੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਸਮਾਣਾ ਹਲਕੇ ਦੇ ਐਮ.ਐਲ.ਏ. ਸ੍ਰੀ ਚੇਤਨ ਸਿੰਘ ਜੌੜਾਮਾਜਰਾ ਦੇ ਨੁਮਾਇੰਦੇ ਨੇ ਵੀ ਭਾਗ ਲਿਆ।
ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਜਨ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਲੈਣ ਵਾਲੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ 11ਵੀਂ ਕਿਸ਼ਤ ਦੀ ਵੰਡ ਦੇ ਸਬੰਧ ਵਿਚ ਮਨਾਇਆ ਗਿਆ। ਇਸ ਸੰਮੇਲਨ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਨੇ ਕਿਸਾਨਾਂ ਲਈ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ। ਇਸ ਸੰਮੇਲਨ ਵਿਚ ਲਗਭਗ 500 ਕਿਸਾਨ ਵੀਰਾਂ ਅਤੇ ਬੀਬੀਆਂ ਨੇ ਭਾਗ ਲਿਆ।
ਇਸ ਮੌਕੇ ’ਤੇ ਇਕ ਕਿਸਾਨ-ਵਿਗਿਆਨੀ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨੇ ਆਏ ਹੋਏ ਕਿਸਾਨਾਂ ਨੂੰ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਵੱਖ-ਵੱਖ ਉਦਮੀ ਅਤੇ ਸਫਲ ਕਿਸਾਨਾਂ ਤੇ ਬੀਬੀਆਂ ਨੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਇਸ ਮੌਕੇ ਤੇ ਲਗਾਈ।
ਇਸ ਮੇਲੇ ਦੌਰਾਨ ਡਾ. ਪਰਮਿੰਦਰ ਸਿੰਘ, ਡਾ. ਹਰਦੀਪ ਸਭਿਖੀ, ਡਾ. ਗੁਰਨਾਜ਼ ਗਿੱਲ, ਡਾ. ਜਸ਼ਨਜੋਤ ਕੌਰ ਅਤੇ ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਸਬੰਧੀ ਵੱਖ-ਵੱਖ ਨੁਕਤਿਆਂ ਤੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਵਿਪਨ ਰਾਮਪਾਲ ਨੇ ਕਿਸਾਨਾਂ ਨੂੰ ਸਟੇਟ ਅਤੇ ਕੇਂਦਰ ਦੀਆਂ ਗਰੀਬ ਕਲਿਆਣ ਸਕੀਮਾਂ ਦਾ ਲਾਭ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤੀਬਾੜੀ ਦੇ ਹੋਰ ਸੈਂਟਰਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਸੰਮੇਲਨ ਦੇ ਮੁੱਖ ਮਹਿਮਾਨ ਡਾ. ਜੀ.ਪੀ.ਐਸ. ਸੋਢੀ, ਵਧੀਕ ਨਿਰਦੇਸ਼ਕ, ਪਸਾਰ ਸਿੱਖਿਆ, ਪੀ.ਏ.ਯੂ., ਲੁਧਿਆਣਾ ਨੇ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ, ਤਾਂ ਜੋ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਹੋ ਸਕੇ। ਸੰਮੇਲਨ ਦੇ ਅਖੀਰ ਵਿਚ ਡਾ. ਰਾਮਪਾਲ ਨੇ ਆਏ ਹੋਏ ਕਿਸਾਨਾਂ ਦਾ ਤਹਿ-ਦਿਲੋਂ ਧੰਨਵਾਦ ਵੀ ਕੀਤਾ।
