Punjab
ਸਾਬਕਾ IG ਅਮਰ ਸਿੰਘ ਚਾਹਲ ਨਾਲ ਹੋਈ ਠੱਗੀ ਦੇ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ
ਪੰਜਾਬ ਪੁਲਿਸ ਦੇ ਸਾਬਕਾ IG ਅਮਰ ਸਿੰਘ ਚਾਹਲ ਨਾਲ ਸਬੰਧਤ ਇੱਕ ਸਾਈਬਰ ਧੋਖਾਧੜੀ ਦੇ ਮਾਮਲੇ ‘ਚ ਹੁਣ ਪੰਜਾਬ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸਦੀ ਕੀਮਤ 8.10 ਕਰੋੜ ਰੁਪਏ ਹੈ। ਮਹਾਰਾਸ਼ਟਰ ਦੀ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਪਟਿਆਲਾ ਪੁਲਿਸ ਸਾਈਬਰ ਸੈੱਲ ਨੇ ਮਹਾਰਾਸ਼ਟਰ ਤੋਂ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਨਿਵੇਸ਼ ਦੇ ਨਾਮ ‘ਤੇ ਡਿਜੀਟਲ ਸਾਧਨਾਂ ਰਾਹੀਂ ਦੇਸ਼ ਭਰ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਸੀ।
ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਸਾਬਕਾ ਆਈ.ਜੀ. ਅਮਰ ਸਿੰਘ ਚਾਹਲ ਨਾਲ ਜੁੜੇ ਸਾਈਬਰ ਠੱਗੀ ਮਾਮਲੇ ਵਿੱਚ ਪੁਲਿਸ ਨੇ ਮਹਾਰਾਸ਼ਟਰ ਤੋਂ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਇੱਕ ਭਾਜਪਾ ਆਗੂ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਭਾਜਪਾ ਅਗੂ ਸੁਮਿਤ ਸਮੇਤ ਚੰਦਰਕਾਂਤ ਲਕਸ਼ਮਣ, ਸ਼੍ਰੀਕਾਂਤ ਰੰਜੀਤ ਨੰਦੇਕਰ, ਮੁਹੰਮਦ ਹਸਨ ਅਤੇ ਇੱਕ ਹੋਰ ਸਾਥੀ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਪੁਲਿਸ ਮੁਤਾਬਕ ਹੁਣ ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ, ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਿਰੋਹ ਦੇ ਤਾਰ ਹੋਰ ਕਿਹੜੇ-ਕਿਹੜੇ ਰਾਜਾਂ ਨਾਲ ਜੁੜੇ ਹੋਏ ਹਨ ਅਤੇ ਇਸ ਠੱਗੀ ਵਿੱਚ ਕੁੱਲ ਕਿੰਨੇ ਲੋਕ ਸ਼ਾਮਲ ਹਨ।
