National
ਮਿਜ਼ੋਰਮ ‘ਚ ਮੀਂਹ ਨੇ ਮਚਾਈ ਤਬਾਹੀ -ਮਲਬੇ ਹੇਠਾਂ ਦੱਬਣ ਕਰਕੇ 13 ਲੋਕਾਂ ਦੀ ਮੌਤ, ਕਈ ਲਾਪਤਾ
ਪੱਛਮੀ ਬੰਗਾਲ ‘ਚ ਐਤਵਾਰ (26 ਮਈ) ਨੂੰ ਆਏ ਰੇਮਲ ਤੂਫਾਨ ਦਾ ਅਸਰ ਹੁਣ ਉੱਤਰ-ਪੂਰਬ ‘ਚ ਦਿਖਾਈ ਦੇ ਰਿਹਾ ਹੈ। ਮਿਜ਼ੋਰਮ ‘ਚ ਤੂਫਾਨ ਕਾਰਨ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮੰਗਲਵਾਰ ਸਵੇਰੇ 6 ਵਜੇ ਆਈਜ਼ੌਲ ‘ਚ ਇਕ ਪੱਥਰ ਦੀ ਖੱਡ ਢਹਿ ਗਈ। ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਲਾਪਤਾ ਹਨ।
ਡੀਜੀਪੀ ਅਨਿਲ ਸ਼ੁਕਲਾ ਨੇ ਦਿੱਤੀ ਜਾਣਕਾਰੀ
ਮਿਜ਼ੋਰਮ ਦੇ ਡੀਜੀਪੀ ਅਨਿਲ ਸ਼ੁਕਲਾ ਨੇ ਦੱਸਿਆ ਕਿ ਹੁਣ ਤੱਕ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਸੱਤ ਸਥਾਨਕ ਲੋਕਾਂ ਦੇ ਹਨ, ਜਦੋਂ ਕਿ ਤਿੰਨ ਦੂਜੇ ਰਾਜਾਂ ਦੇ ਹਨ। ਮਲਬੇ ਹੇਠਾਂ ਕਈ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜ ਜਾਰੀ ਹੈ ਪਰ ਭਾਰੀ ਮੀਂਹ ਕਾਰਨ ਇਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰੀ ਮੀਂਹ ਕਾਰਨ ਕੀ -ਕੀ ਹੋਇਆ ਨੁਕਸਾਨ
ਇਸ ਤੋਂ ਇਲਾਵਾ ਉੱਤਰ-ਪੂਰਬੀ ਰਾਜ ਆਸਾਮ ਵਿੱਚ ਵੀ ਅੱਜ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ। ਮੋਰੀਗਾਂਵ ਜ਼ਿਲ੍ਹੇ ਵਿੱਚ ਇੱਕ ਆਟੋ ਰਿਕਸ਼ਾ ਉੱਤੇ ਦਰੱਖਤ ਡਿੱਗਣ ਕਾਰਨ ਇੱਕ ਕਾਲਜ ਵਿਦਿਆਰਥੀ ਦੀ ਮੌਤ ਹੋ ਗਈ। ਚਾਰ ਲੋਕ ਜ਼ਖਮੀ ਹੋ ਗਏ। ਸੋਨਿਤਪੁਰ ਜ਼ਿਲੇ ‘ਚ ਸਕੂਲ ਬੱਸ ‘ਤੇ ਦਰੱਖਤ ਡਿੱਗਣ ਕਾਰਨ 12 ਬੱਚੇ ਜ਼ਖਮੀ ਹੋ ਗਏ।