National
ਗਣਤੰਤਰ ਦਿਵਸ ਪਰੇਡ: ਫੁੱਲ ਡਰੈੱਸ ਰਿਹਰਸਲ ਨੂੰ ਲੈ ਕੇ ਦਿੱਲੀ ਟ੍ਰੈਫਿਕ ਪੁਲਸ ਦੀ ਸਲਾਹ, ਕਈ ਰੂਟ ਰਹਿਣਗੇ ਬੰਦ
ਦਿੱਲੀ ਪੁਲਿਸ ਨੇ ਸੋਮਵਾਰ ਨੂੰ ਗਣਤੰਤਰ ਦਿਵਸ ਪਰੇਡ ਦੀ ਫੁੱਲ ਡਰੈੱਸ ਰਿਹਰਸਲ ਦੇ ਮੱਦੇਨਜ਼ਰ ਆਵਾਜਾਈ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਕੀਤੇ ਗਏ ਪ੍ਰਬੰਧਾਂ ਅਤੇ ਪਾਬੰਦੀਆਂ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੈ। ਟ੍ਰੈਫਿਕ ਪੁਲਸ ਮੁਤਾਬਕ ਪਰੇਡ ਦੀ ਰਿਹਰਸਲ ਸਵੇਰੇ 10.30 ਵਜੇ ਵਿਜੇ ਚੌਕ ਤੋਂ ਸ਼ੁਰੂ ਹੋਵੇਗੀ ਅਤੇ ਕਾਰਤੀ ਮਾਰਗ, ਨੇਤਾਜੀ ਸੁਭਾਸ਼ ਚੰਦਰ ਬੋਸ ਬੁੱਤ ਚੌਕ, ਸੀ-ਹੈਕਸਾਗਨ, ਤਿਲਕ ਮਾਰਗ, ਬਹਾਦਰਸ਼ਾਹ ਜ਼ਫਰ ਮਾਰਗ ਅਤੇ ਨੇਤਾਜੀ ਸੁਭਾਸ਼ ਮਾਰਗ ਤੋਂ ਹੁੰਦੀ ਹੋਈ ਲਾਲ ਕਿਲੇ ‘ਤੇ ਸਮਾਪਤ ਹੋਵੇਗੀ।
ਐਡਵਾਈਜ਼ਰੀ ਅਨੁਸਾਰ ਪਰੇਡ ਦੀ ਸੁਚਾਰੂ ਰਿਹਰਸਲ ਲਈ ਐਤਵਾਰ ਸ਼ਾਮ 6 ਵਜੇ ਤੋਂ ਸੋਮਵਾਰ ਨੂੰ ਪਰੇਡ ਦੀ ਸਮਾਪਤੀ ਤੱਕ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਰਹੇਗੀ।
ਇੰਡੀਆ ਗੇਟ ਸੀ-ਹੈਕਸਾਗਨ ਵੀ ਸੋਮਵਾਰ ਸਵੇਰੇ 9.15 ਵਜੇ ਤੋਂ ਪਰੇਡ ਦੇ ਤਿਲਕ ਮਾਰਗ ਪਹੁੰਚਣ ਤੱਕ ਬੰਦ ਰਹੇਗਾ। ਤਿਲਕ ਮਾਰਗ, ਬਹਾਦਰਸ਼ਾਹ ਜ਼ਫਰ ਮਾਰਗ ਅਤੇ ਸੁਭਾਸ਼ ਮਾਰਗ ਸੋਮਵਾਰ ਸਵੇਰੇ 10.30 ਵਜੇ ਤੋਂ ਆਵਾਜਾਈ ਲਈ ਬੰਦ ਰਹਿਣਗੇ। ਦੋਵਾਂ ਪਾਸਿਆਂ ਤੋਂ ਇਨ੍ਹਾਂ ਰੂਟਾਂ ‘ਤੇ ਵਾਹਨਾਂ ਦੀ ਆਵਾਜਾਈ ਉਥੋਂ ਹੋਣ ਵਾਲੀ ਪਰੇਡ ‘ਤੇ ਨਿਰਭਰ ਕਰੇਗੀ। ਟ੍ਰੈਫਿਕ ਪੁਲਿਸ ਨੇ ਯਾਤਰੀਆਂ ਨੂੰ ਸੋਮਵਾਰ ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 1 ਵਜੇ ਤੱਕ ਪਰੇਡ ਰੂਟ ਦੀ ਵਰਤੋਂ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।