News
ਪਵਨ ਟੀਨੂੰ ਨਾਲ ਹੋਈ ਧੱਕਾਮੁੱਕੀ ਨੂੰ ਲੈਕੇ ਅਕਾਲੀ ਦਲ ਨੇ ਰਾਣਾ ਕੇਪੀ ਨੂੰ ਕੀਤੀ ਕਾਰਵਾਈ ਦੀ ਅਪੀਲ

ਚੰਡੀਗੜ੍ਹ 04 ਮਾਰਚ: ਵਿਧਾਨ ਸਭਾ ਦੇ ਅੰਦਰ ਆਖਰੀ ਦਿਨ ਵੀ ਹੰਗਾਮਾ ਦੇਖਣ ਨੂੰ ਮਿਲਿਆ। ਅਕਾਲੀ ਦਲ ਦੇ ਵਿਧਾਇਕ ਪਵਨ ਨਾਲ ਧੱਕਾਮੁੱਕੀ ਹੋਈ ਜਿਸਤੋ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਕੋਲ ਉਹਨਾਂ ਕਾਂਗਰਸੀ ਵਿਧਾਇਕਾਂ ਖ਼ਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਜਿਹਨਾਂ ਨੇ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨਾਲ ਉਸ ਸਮੇਂ ਗਾਲੀ ਗਲੋਚ ਅਤੇ ਧੱਕਾ ਮੁੱਕੀ ਕੀਤੀ ਜਦੋਂ ਉਹਨਾਂ ਨੇ ਵਿਧਾਨ ਸਭਾ ਅੰਦਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਬਕਾਇਆ ਵਜ਼ੀਫਿਆਂ ਦਾ ਮੁੱਦਾ ਉਠਾਇਆ ਸੀ।

ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਸਪੀਕਰ ਨੂੰ ਇਸ ਨਿੰਦਣਯੋਗ ਘਟਨਾ ਬਾਰੇ ਜਾਣੂ ਕਰਵਾਉਂਦਿਆਂ ਅਕਾਲੀ ਵਿਧਾਇਕ ਦਲ ਨੇ ਦੱਸਿਆ ਕਿ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੇ ਸਿਰਫ ਇਸ ਲਈ ਸ੍ਰੀ ਟੀਨੂੰ ਉੁੱਤੇ ਸਰੀਰਕ ਹਮਲਾ ਕਰ ਦਿੱਤਾ ਕਿਉਂਕਿ ਉਹ ਵਿੱਤ ਮੰਤਰੀ ਨੂੰ ਇਹ ਪੁੱਛ ਰਹੇ ਸਨ ਕਿ ਦਲਿਤ ਭਾਈਚਾਰੇ ਵਾਸਤੇ ਆਏ ਫੰਡ ਖਾਸ ਕਰਕੇ ਐਸਸੀ ਵਜ਼ੀਫਿਆਂ ਦੀ ਰਾਸ਼ੀ ਨੂੰ ਕਿਉਂ ਜਾਰੀ ਨਹੀਂ ਕੀਤਾ ਜਾ ਰਿਹਾ ਹੈ?

ਅਕਾਲੀ ਵਿਧਾਇਕਾਂ ਨੇ ਸਪੀਕਰ ਨੂੰ ਦੱਸਿਆ ਕਿ ਵਿੱਤ ਮੰਤਰੀ ਨੇ ਸ੍ਰੀ ਟੀਨੂੰ ਨੂੰ ਇੱਕ ਗੰਦੀ ਗਾਲ੍ਹ ਕੱਢੀ ਅਤੇ ਬਾਕੀ ਕਾਂਗਰਸੀ ਵਿਧਾਇਕਾਂ ਨੂੰ ਉਸ ਉੱਤੇ ਹਮਲਾ ਕਰਨ ਲਈ ਉਕਸਾਇਆ। ਇਸ ਤੋਂ ਬਾਅਦ ਸਾਰੇ ਕਾਂਗਰਸੀ ਆਗੂਆਂ ਨੇ ਸ੍ਰੀ ਟੀਨੂੰ ਨਾਲ ਗਾਲੀਗਲੋਚ ਅਤੇ ਧੱਕਾਮੁੱਕੀ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੱਸਿਆ ਕਿ ਜੇਕਰ ਡਾਕਟਰ ਸੁਖਵਿੰਦਰ ਸੁੱਖੀ ਸਮੇਤ ਕੁੱਝ ਅਕਾਲੀ ਆਗੂ ਉਹਨਾਂ ਦੇ ਬਚਾਅ ਲਈ ਨਾ ਆਉਂਦੇ ਤਾਂ ਅਕਾਲੀ ਆਗੂ ਦਾ ਨੁਕਸਾਨ ਹੋ ਜਾਣਾ ਸੀ।
ਵਿਧਾਇਕਾਂ ਨੇ ਕਿਹਾ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਹ ਮਸਲਾ ਵਿਸ਼ੇਸ਼ ਅਧਿਕਾਰ ਕਮੇਟੀ ਦੇ ਹਵਾਲੇ ਕੀਤਾ ਜਾਵੇ, ਕਿਉਂਕਿ ਇੱਕ ਦਲਿਤ ਆਗੂ ਦਾ ਵਿਧਾਨ ਸਭਾ ਅੰਦਰ ਨਿਰਾਦਰ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਵਿਧਾਇਕਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ।