Punjab
ਪੁਨਰ ਸੁਰਜੀਤ ਚੋਂ “ਸੁਰਜੀਤ” ਗਏ: ਕਿਉਂ ਲਗਾਤਾਰ ਖਿਸਕ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੀ ਜ਼ਮੀਨ ?
ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗ਼ੀ ਹੋ ਕੇ ਵੱਡੇ ਅਕਾਲੀ ਆਗੂਆਂ ਵੱਲੋਂ ਬਣਾਇਆ ਗਿਆ ਅਕਾਲੀ ਦਲ ਪੁਨਰ ਸੁਰਜੀਤ ਜਦੋਂ ਤੋਂ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਹੀ ਇਸ ਦੀ ਮਾਲਾ ਦੇ ਮਣਕੇ ਇੱਕ-ਇੱਕ ਕਰਕੇ ਟੁੱਟਦੇ ਦਿਖਾਈ ਦੇ ਰਹੇ ਹਨ। ਹੁਣ ਚਰਚਾ ਦਾ ਕੇਂਦਰ ਬਣੇ ਹੋਏ ਹਨ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਜਲਦ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ, ਪਰ ਸਿਆਸੀ ਗਲਿਆਰਿਆਂ ਵਿੱਚ ਇਹ ਗੱਲ ਲਗਭਗ ਤੈਅ ਮੰਨੀ ਜਾ ਰਹੀ ਹੈ ਕਿ ਰੱਖੜਾ ਪਰਿਵਾਰ ਨੇ ਨਵੀਂ ਸਿਆਸੀ ਪਨਾਹ ਲੱਭ ਲਈ ਹੈ।
ਰੱਖੜਾ ਤੋਂ ਪਹਿਲਾਂ ਵੀ ਕਈ ਵੱਡੇ ਚਿਹਰੇ ਇਸ ਨਵੇਂ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਹਨ। ਕੋਈ ਮੁੜ ਬਾਦਲ ਦਲ ਵਿੱਚ ਵਾਪਸ ਚਲਾ ਗਿਆ, ਕੋਈ ਭਾਜਪਾ ਨਾਲ ਜੁੜ ਗਿਆ ਅਤੇ ਕੁੱਝ ਆਗੂ ਚੁੱਪਚਾਪ ਆਪਣੇ-ਆਪਣੇ ਸਿਆਸੀ ਰਾਹਾਂ ਉੱਤੇ ਤੁਰ ਪਏ। ਪਰ ਰੱਖੜਾ ਦੀ ਸੰਭਾਵਿਤ ਰਵਾਨਗੀ ਇਸ ਕਰਕੇ ਵੱਧ ਚਰਚਾ ਵਿੱਚ ਹੈ ਕਿਉਂਕਿ ਉਹ ਮਾਲਵਾ ਖੇਤਰ ਦਾ ਪ੍ਰਭਾਵਸ਼ਾਲੀ ਚਿਹਰਾ ਮੰਨੇ ਜਾਂਦੇ ਹਨ। ਚਰਨਜੀਤ ਸਿੰਘ ਰੱਖੜਾ ਨੂੰ ਪੰਜਾਬ ਸਾਈਕਲਿੰਗ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਜਾਣ ਤੋਂ ਬਾਅਦ ਹੀ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ ਕਿ ਰੱਖੜਾ ਪਰਿਵਾਰ ਦੀ ਸਿਆਸੀ ਦਿਸ਼ਾ ਬਦਲ ਰਹੀ ਹੈ।
ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਅਖ਼ੀਰ ਅਕਾਲੀ ਦਲ ਪੁਨਰ ਸੁਰਜੀਤ ਵਿੱਚੋਂ ਲਗਾਤਾਰ ਆਗੂ ਬਾਹਰ ਕਿਉਂ ਜਾ ਰਹੇ ਹਨ? ਇਸ ਦਾ ਸਭ ਤੋਂ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਬਣਨ ਤੋਂ ਬਾਅਦ ਲੋਕਾਂ ਵਿੱਚ ਉਹ ਜਜ਼ਬਾ ਪੈਦਾ ਹੀ ਨਹੀਂ ਕੀਤਾ ਜਾ ਸਕਿਆ ਜੋ ਇੱਕ ਨਵੀਂ ਸਿਆਸੀ ਤਾਕਤ ਨੂੰ ਲੋੜੀਂਦਾ ਹੁੰਦਾ ਹੈ। ਨਵੀਆਂ ਪਾਰਟੀਆਂ ਸਿਰਫ਼ ਨਾਮ ਨਾਲ ਨਹੀਂ, ਸਗੋਂ ਵੱਡੀਆਂ ਰੈਲੀਆਂ,ਸਪੱਸ਼ਟ ਵਿਚਾਰਧਾਰਾ, ਤਿੱਖੇ ਸੰਘਰਸ਼ ਅਤੇ ਲਗਾਤਾਰ ਸਰਗਰਮੀ ਨਾਲ ਖੜ੍ਹੀਆਂ ਹੁੰਦੀਆਂ ਹਨ। ਪਰ ਪੁਨਰ ਸੁਰਜੀਤ ਵੱਲੋਂ ਅਜਿਹਾ ਕੋਈ ਵੱਡਾ ਸਿਆਸੀ ਪ੍ਰੋਗਰਾਮ ਨਹੀਂ ਕੀਤਾ ਗਿਆ ਜਿਸ ਨਾਲ ਆਮ ਵਰਕਰ ਜਾਂ ਲੋਕ ਪ੍ਰਭਾਵਿਤ ਹੋ ਸਕਣ।
ਸਿਆਸੀ ਮਾਹਿਰ ਮੰਨਦੇ ਹਨ ਕਿ ਇਹ ਪਾਰਟੀ ਅਸਲ ਵਿੱਚ ਵੱਖ-ਵੱਖ ਸੋਚਾਂ ਵਾਲੇ ਆਗੂਆਂ ਦਾ ਇਕੱਠ ਹੈ, ਜਿੱਥੇ ਇੱਕਜੁਟਤਾ ਦੀ ਕਮੀ ਸਾਫ਼ ਦਿਖਾਈ ਦਿੰਦੀ ਹੈ। ਨਵੀਂ ਪਾਰਟੀ ਨੂੰ ਖੜ੍ਹਾ ਕਰਨ ਲਈ ਸਿਰਫ਼ ਨਾਮੀ ਚਿਹਰੇ ਨਹੀਂ, ਸਗੋਂ ਮਜ਼ਬੂਤ ਆਰਗੇਨਾਈਜ਼ੇਸ਼ਨ, ਪੈਸਾ, ਕੈਡਰ ਅਤੇ ਜ਼ਮੀਨੀ ਲਹਿਰ ਦੀ ਲੋੜ ਹੁੰਦੀ ਹੈ। ਇੱਥੇ ਨਾ ਤਾਂ ਵੱਡੇ ਪੱਧਰ ‘ਤੇ ਫੰਡਿੰਗ ਸਾਹਮਣੇ ਆਈ ਅਤੇ ਨਾ ਹੀ ਕੋਈ ਐਸੀ ਰਣਨੀਤੀ ਦਿਖੀ ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਵਾਂ ਭਰੋਸਾ ਬਣ ਸਕੇ।
ਗਿਆਨੀ ਹਰਪ੍ਰੀਤ ਸਿੰਘ ਦੀ ਆਪਣੀ ਇੱਕ ਧਾਰਮਿਕ ਅਤੇ ਸਨਮਾਨਯੋਗ ਪਛਾਣ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਹੋਣ ਕਰਕੇ ਉਨ੍ਹਾਂ ਪ੍ਰਤੀ ਲੋਕਾਂ ਵਿੱਚ ਆਦਰ ਹੈ, ਪਰ ਰਾਜਨੀਤੀ ਸਿਰਫ਼ ਇੱਜ਼ਤ ਨਾਲ ਨਹੀਂ ਚੱਲਦੀ। ਰਾਜਨੀਤੀ ਵਿੱਚ ਸਮੇਂ-ਸਮੇਂ ਦੀ ਚਾਲ, ਸੰਤੁਲਨ, ਗਰੁੱਪਬੰਦੀ ਨੂੰ ਕਾਬੂ ਕਰਨ ਦੀ ਸਮਰੱਥਾ ਅਤੇ ਲੀਡਰਾਂ ਨੂੰ ਇਕ ਧਾਗੇ ਵਿੱਚ ਪਰੋ ਕੇ ਰੱਖਣ ਦੀ ਕਲਾ ਚਾਹੀਦੀ ਹੈ। ਇੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਕਮਜ਼ੋਰ ਦਿਖਾਈ ਦੇ ਰਹੇ ਹਨ। ਕਈ ਆਗੂ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੀ ਤਰ੍ਹਾਂ ਸਵੀਕਾਰਦੇ ਹੀ ਨਹੀਂ ਦਿਸਦੇ।
ਇਸ ਦੀ ਸਭ ਤੋਂ ਵੱਡੀ ਉਦਾਹਰਣ ਮਨਪ੍ਰੀਤ ਸਿੰਘ ਇਆਲੀ ਹਨ, ਜੋ ਕਈ ਮਾਮਲਿਆਂ ਵਿੱਚ ਪਾਰਟੀ ਦੀ ਲਾਈਨ ਤੋਂ ਵੱਖਰੀ ਸਿਆਸਤ ਕਰਦੇ ਦਿਖਾਈ ਦਿੱਤੇ। ਵਾਰਿਸ ਪੰਜਾਬ ਦੇ ਅਕਾਲੀ ਦਲ ਦੀਆਂ ਸਟੇਜਾਂ ‘ਤੇ ਜਾਣਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਲਹਿਰ ਨਾਲ ਨਜ਼ਦੀਕੀਆਂ ਵਧਾਉਣਾ ਇਹ ਦਰਸਾਉਂਦਾ ਹੈ ਕਿ ਪਾਰਟੀ ਦੇ ਅੰਦਰ ਹੀ ਇੱਕ ਸਪਸ਼ਟ ਦਿਸ਼ਾ ਨਹੀਂ ਹੈ। ਕੋਈ ਆਗੂ ਵਾਰਿਸ ਪੰਜਾਬ ਦੇ ਨਾਲ ਗੱਠਜੋੜ ਚਾਹੁੰਦਾ ਹੈ, ਕੋਈ ਇਸ ਦੇ ਖਿਲਾਫ਼ ਹੈ। ਜਿੱਥੇ ਇੱਕ ਪਾਰਟੀ ਆਪਣੀ ਮੂਲ ਰਣਨੀਤੀ ‘ਤੇ ਹੀ ਇਕੱਠੀ ਨਾ ਹੋਵੇ, ਉੱਥੇ ਲੰਮਾ ਸਫ਼ਰ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਇੱਕ ਹੋਰ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪੁਨਰ ਸੁਰਜੀਤ ਬਣਾਉਣ ਵਾਲੇ ਜ਼ਿਆਦਾਤਰ ਆਗੂ ਆਪਣੇ-ਆਪਣੇ ਖੇਤਰਾਂ ਦੇ “ਵੱਡੇ ਨੇਤਾ” ਰਹੇ ਹਨ। ਹਰ ਕੋਈ ਆਪਣੇ ਆਪ ਨੂੰ ਵੱਧ ਸਿਆਣਾ ਅਤੇ ਪ੍ਰਭਾਵਸ਼ਾਲੀ ਸਮਝਦਾ ਹੈ। ਅਜਿਹੇ ਹਾਲਾਤਾਂ ਵਿੱਚ ਪ੍ਰਧਾਨ ਦੀ ਕਮਾਂਡ ਕਮਜ਼ੋਰ ਹੋ ਜਾਂਦੀ ਹੈ। ਜਦੋਂ ਹਰ ਆਗੂ ਆਪਣੀ ਹੀ ਲਾਈਨ ਖਿੱਚਣ ਲੱਗ ਪਏ ਤਾਂ ਪਾਰਟੀ ਦੀ ਸਾਂਝੀ ਲਕੀਰ ਧੁੰਦਲੀ ਹੋ ਜਾਂਦੀ ਹੈ।
ਇਹ ਵੀ ਸੱਚ ਹੈ ਕਿ ਪੰਜਾਬ ਦੀ ਸਿਆਸਤ ਇਸ ਵੇਲੇ ਤਿੰਨ ਵੱਡੇ ਧੁਰਿਆਂ ਵਿਚ ਫਸੀ ਹੋਈ ਹੈ—ਆਮ ਆਦਮੀ ਪਾਰਟੀ ਦੀ ਸਰਕਾਰ, ਭਾਜਪਾ ਦਾ ਵਧਦਾ ਪ੍ਰਭਾਵ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰਵਾਇਤੀ ਵੋਟ। ਅਜਿਹੇ ਵਿੱਚ ਨਵੀਂ ਅਕਾਲੀ ਧਿਰ ਲਈ ਆਪਣੀ ਵੱਖਰੀ ਥਾਂ ਬਣਾਉਣਾ ਬਹੁਤ ਔਖਾ ਸੀ। ਲੋਕਾਂ ਨੂੰ ਇਹ ਸਮਝ ਹੀ ਨਹੀਂ ਆ ਸਕੀ ਕਿ ਪੁਨਰ ਸੁਰਜੀਤ ਅਸਲ ਵਿੱਚ ਬਾਦਲ ਦਲ ਤੋਂ ਕਿਵੇਂ ਵੱਖਰਾ ਹੈ। ਜੇਕਰ ਨਵੀਂ ਪਾਰਟੀ ਪੁਰਾਣੀ ਸਿਆਸਤ ਵਾਲੇ ਹੀ ਚਿਹਰੇ ਅਤੇ ਉਹੀ ਪੁਰਾਣਾ ਢਾਂਚਾ ਲੈ ਕੇ ਆਵੇ ਤਾਂ ਲੋਕ ਉਸਨੂੰ “ਨਵਾਂ ਵਿਕਲਪ” ਮੰਨਣ ਲਈ ਤਿਆਰ ਨਹੀਂ ਹੁੰਦੇ।
ਅੱਜ ਹਾਲਾਤ ਇਹ ਬਣਦੇ ਦਿਖ ਰਹੇ ਹਨ ਕਿ ਪਾਰਟੀ ਦੇ ਕਈ ਆਗੂ ਆਪਣੇ ਭਵਿੱਖ ਨੂੰ ਲੈ ਕੇ ਸ਼ਸੋਪੰਜ ਵਿੱਚ ਹਨ। ਜਿਨ੍ਹਾਂ ਨੂੰ ਲੱਗਦਾ ਹੈ ਕਿ ਇੱਥੇ ਸਿਆਸੀ ਭਵਿੱਖ ਨਹੀਂ, ਉਹ ਹੌਲੀ-ਹੌਲੀ ਹੋਰ ਧਿਰਾਂ ਵੱਲ ਰੁਖ ਕਰ ਰਹੇ ਹਨ। ਸਿਆਸਤ ਵਿੱਚ ਖਾਲੀ ਜਗ੍ਹਾ ਲੰਮੇ ਸਮੇਂ ਲਈ ਨਹੀਂ ਰਹਿੰਦੀ। ਜੇਕਰ ਕੋਈ ਪਾਰਟੀ ਜ਼ਮੀਨ ‘ਤੇ ਆਪਣੀ ਮਜ਼ਬੂਤੀ ਨਹੀਂ ਦਿਖਾ ਸਕਦੀ ਤਾਂ ਉਸਦੇ ਆਗੂ ਵੀ ਆਪਣੇ ਲਈ ਨਵੇਂ ਦਰਵਾਜ਼ੇ ਲੱਭਣ ਲੱਗ ਪੈਂਦੇ ਹਨ।
ਇਸ ਲਈ ਸੁਰਜੀਤ ਸਿੰਘ ਰੱਖੜਾ ਦਾ ਸੰਭਾਵਿਤ ਤੌਰ ‘ਤੇ ਪੁਨਰ ਸੁਰਜੀਤ ਨੂੰ ਛੱਡਣਾ ਸਿਰਫ਼ ਇੱਕ ਆਗੂ ਦਾ ਜਾਣਾ ਨਹੀਂ, ਸਗੋਂ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਅੰਦਰਲੀ ਕਮਜ਼ੋਰੀ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਜੇਕਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਆਪਣੀ ਸਿਆਸੀ ਪਛਾਣ, ਮਜ਼ਬੂਤ ਢਾਂਚਾ ਅਤੇ ਇੱਕਜੁਟ ਲੀਡਰਸ਼ਿਪ ਨਹੀਂ ਬਣਾ ਸਕਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੀ ਮਾਲਾ ਦੇ ਹੋਰ ਵੀ ਕਈ ਮਣਕੇ ਟੁੱਟ ਸਕਦੇ ਹਨ।

