Connect with us

Punjab

ਤਰਨਤਾਰਨ ਲਾਅ ਕਾਲਜ ਗੋਲੀ ਕਾਂਡ – ਨਵੀਂ ਪੀੜ੍ਹੀ ਕਿੱਧਰ ਜਾ ਰਹੀ ਏ, ਜ਼ਿੰਮੇਵਾਰ ਕੌਣ ?

Published

on

ਤਰਨਤਾਰਨ ਦੇ ਲਾਅ ਕਾਲਜ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਸਿਰਫ਼ ਇੱਕ ਪਰਿਵਾਰ ਜਾਂ ਇੱਕ ਇਲਾਕੇ ਦੀ ਨਹੀਂ ਸਗੋਂ ਸਾਰੇ ਸਮਾਜ ਦੀ ਸਾਂਝੀ ਪੀੜ ਹੈ। ਇੱਕ ਨੌਜਵਾਨ ਵੱਲੋਂ ਆਪਣੇ ਨਾਲ ਪੜ੍ਹਦੀ ਲੜਕੀ ਨੂੰ ਗੋਲੀ ਮਾਰ ਦੇਣਾ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲੈਣਾ ਸਿਰਫ਼ ਇੱਕ ਅਪਰਾਧ ਨਹੀਂ, ਸਾਡੀ ਸੋਚ, ਸਾਡੇ ਮਾਹੌਲ ਅਤੇ ਸਾਡੇ ਸਮਾਜਕ ਢਾਂਚੇ ਉੱਤੇ ਵੱਡਾ ਪ੍ਰਸ਼ਨਚਿੰਨ੍ਹ ਹੈ। ਇਹ ਘਟਨਾ ਸਾਨੂੰ ਮਜਬੂਰ ਕਰਦੀ ਹੈ ਸੋਚਣ ਲਈ ਕਿ ਆਖਿਰ ਸਾਡੀ ਨਵੀਂ ਪੀੜ੍ਹੀ ਕਿੱਧਰ ਜਾ ਰਹੀ ਹੈ ਅਤੇ ਇਸ ਹਾਲਤ ਲਈ ਜ਼ਿੰਮੇਵਾਰ ਕੌਣ ਹੈ।

ਸਭ ਤੋਂ ਪਹਿਲਾਂ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੀ ਹਿੰਸਾ ਨੂੰ ਪਿਆਰ ਨਹੀਂ ਕਿਹਾ ਜਾ ਸਕਦਾ। ਪਿਆਰ ਵਿੱਚ ਕਬਜ਼ਾ ਨਹੀਂ ਹੁੰਦਾ, ਪਿਆਰ ਵਿੱਚ ਜ਼ਬਰ ਨਹੀਂ ਹੁੰਦਾ, ਪਿਆਰ ਵਿੱਚ ਦੂਜੇ ਦੀ ਖੁਸ਼ੀ ਸਭ ਤੋਂ ਵੱਡੀ ਹੁੰਦੀ ਹੈ। ਜਿਸਨੂੰ ਅਸੀਂ ਪਿਆਰ ਕਰਦੇ ਹਾਂ, ਉਸਨੂੰ ਦੁੱਖ ਪਹੁੰਚਾਉਣ ਦਾ ਵਿਚਾਰ ਵੀ ਮਨ ਵਿੱਚ ਨਹੀਂ ਆਉਂਦਾ। ਇਸ ਲਈ ਅਜਿਹੀਆਂ ਘਟਨਾਵਾਂ ਨੂੰ ਪਿਆਰ ਦਾ ਨਾਮ ਦੇਣਾ ਪਿਆਰ ਦੀ ਤੌਹੀਨ ਹੈ। ਇਹ ਹੰਕਾਰ, ਜ਼ਿੱਦ, ਅਸਹਿਣਸ਼ੀਲਤਾ ਅਤੇ ਗਲਤ ਸੋਚ ਦਾ ਨਤੀਜਾ ਹੁੰਦਾ ਹੈ, ਜਿੱਥੇ ਨੌਜਵਾਨ ਇਹ ਮੰਨ ਲੈਂਦਾ ਹੈ ਕਿ ਜੇ ਉਸਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਹਿੰਸਾ ਦਾ ਰਾਹ ਚੁਣ ਸਕਦਾ ਹੈ।

ਪਰ ਇਹ ਵੀ ਸੱਚ ਹੈ ਕਿ ਕੋਈ ਵੀ ਬੱਚਾ ਜਾਂ ਨੌਜਵਾਨ ਇੱਕ ਦਿਨ ਵਿੱਚ ਅਜਿਹਾ ਨਹੀਂ ਬਣ ਜਾਂਦਾ। ਸੋਚ ਦੀ ਇਹ ਬਣਤਰ ਸਾਲਾਂ ਵਿੱਚ ਤਿਆਰ ਹੁੰਦੀ ਹੈ ਅਤੇ ਇਸ ਵਿੱਚ ਕਈ ਪੱਖਾਂ ਦੀ ਭੂਮਿਕਾ ਹੁੰਦੀ ਹੈ। ਸਭ ਤੋਂ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ। ਬੱਚਿਆਂ ਨੂੰ ਸਿਰਫ਼ ਪੈਸਾ, ਮੋਬਾਈਲ ਜਾਂ ਸੁਵਿਧਾਵਾਂ ਦੇਣਾ ਹੀ ਮਾਪਿਆਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ, ਉਨ੍ਹਾਂ ਨੂੰ ਸਮਾਂ ਦੇਣਾ, ਉਨ੍ਹਾਂ ਨਾਲ ਗੱਲਬਾਤ ਕਰਨੀ, ਉਨ੍ਹਾਂ ਦੀ ਮਨੋਸਥਿਤੀ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਮਨੁੱਖਤਾ, ਸੰਵੇਦਨਸ਼ੀਲਤਾ ਅਤੇ ਔਰਤ ਦੀ ਇੱਜ਼ਤ ਕਰਨ ਦੀ ਸਿੱਖਿਆ ਦੇਣਾ ਵੀ ਉਨਾ ਹੀ ਜ਼ਰੂਰੀ ਹੈ। ਜਦੋਂ ਬੱਚਾ ਘਰ ਵਿੱਚ ਪਿਆਰ, ਸੰਤੁਲਨ ਅਤੇ ਸੰਵਾਦ ਦਾ ਮਾਹੌਲ ਵੇਖਦਾ ਹੈ ਤਾਂ ਉਸਦੀ ਸੋਚ ਵੀ ਸੰਤੁਲਿਤ ਬਣਦੀ ਹੈ। ਜੇ ਬੱਚਾ ਇਕੱਲੇਪਨ, ਗੁੱਸੇ ਜਾਂ ਅਣਗਹਿਲੀ ਵਿੱਚ ਵੱਡਾ ਹੁੰਦਾ ਹੈ ਤਾਂ ਉਸਦੇ ਮਨ ਵਿੱਚ ਗਲਤ ਧਾਰਣਾਵਾਂ ਜਨਮ ਲੈ ਸਕਦੀਆਂ ਹਨ।

ਇਸ ਤੋਂ ਬਾਅਦ ਸਿੱਖਿਆ ਪ੍ਰਣਾਲੀ ਦੀ ਭੂਮਿਕਾ ਵੀ ਘੱਟ ਨਹੀਂ। ਅੱਜ ਸਕੂਲ ਅਤੇ ਕਾਲਜ ਜ਼ਿਆਦਾਤਰ ਅੰਕਾਂ ਅਤੇ ਨੌਕਰੀ ਦੀ ਦੌੜ ਤੱਕ ਸੀਮਤ ਹੋ ਗਏ ਹਨ, ਜਦਕਿ ਜੀਵਨ ਜਿਉਣ ਦੀ ਸਿੱਖਿਆ, ਭਾਵਨਾਤਮਕ ਸੰਤੁਲਨ, ਮਨੋਵਿਗਿਆਨਕ ਸਿਹਤ ਅਤੇ ਲਿੰਗ ਸਬੰਧੀ ਸਹੀ ਜਾਣਕਾਰੀ ਦੇਣ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ। ਨੌਜਵਾਨੀ ਉਹ ਉਮਰ ਹੁੰਦੀ ਹੈ ਜਿੱਥੇ ਭਾਵਨਾਵਾਂ ਤੇਜ਼ ਹੁੰਦੀਆਂ ਹਨ ਅਤੇ ਫੈਸਲੇ ਅਕਸਰ ਜਜ਼ਬਾਤ ਵਿੱਚ ਹੋ ਜਾਂਦੇ ਹਨ। ਜੇ ਇਸ ਦੌਰਾਨ ਸਹੀ ਮਾਰਗਦਰਸ਼ਨ ਨਾ ਮਿਲੇ ਤਾਂ ਗਲਤ ਕਦਮ ਚੁੱਕਣ ਦਾ ਖ਼ਤਰਾ ਵੱਧ ਜਾਂਦਾ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਕਿਤਾਬੀ ਪੜ੍ਹਾਈ ਦੇ ਨਾਲ ਜੀਵਨ ਮੁੱਲਾਂ, ਸੰਬੰਧਾਂ ਦੀ ਸਮਝ ਅਤੇ ਮਨੋਵਿਗਿਆਨਕ ਸਲਾਹ-ਮਸ਼ਵਰਾ ਵੀ ਉਨਾ ਹੀ ਜ਼ਰੂਰੀ ਹੈ।

ਸਮਾਜਕ ਮਾਹੌਲ ਅਤੇ ਮਨੋਰੰਜਨ ਦਾ ਪ੍ਰਭਾਵ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅੱਜਕੱਲ੍ਹ ਗੀਤਾਂ, ਫਿਲਮਾਂ ਅਤੇ ਸੋਸ਼ਲ ਮੀਡੀਆ ਵਿੱਚ ਹਥਿਆਰਾਂ, ਗੈਂਗਸਟਰ ਸਭਿਆਚਾਰ ਅਤੇ ਝੂਠੇ ਰੌਬ ਨੂੰ ਜਿਸ ਤਰ੍ਹਾਂ ਮਹਿਮਾ ਮੰਡਿਤ ਕੀਤਾ ਜਾ ਰਿਹਾ ਹੈ, ਉਹ ਨੌਜਵਾਨ ਮਨਾਂ ਉੱਤੇ ਅਸਰ ਪਾਂਦਾ ਹੈ। ਜਦੋਂ ਇੱਕ ਨੌਜਵਾਨ ਵਾਰ-ਵਾਰ ਇਹੀ ਸੁਣਦਾ ਤੇ ਵੇਖਦਾ ਹੈ ਕਿ ਹਥਿਆਰ ਤਾਕਤ ਦਾ ਪ੍ਰਤੀਕ ਹਨ ਅਤੇ ਜ਼ਬਰ ਨਾਲ ਇੱਜ਼ਤ ਬਣਦੀ ਹੈ, ਤਾਂ ਕਈ ਕਮਜ਼ੋਰ ਮਨ ਇਸਨੂੰ ਸੱਚ ਮੰਨ ਬੈਠਦੇ ਹਨ। ਕਲਾ ਅਤੇ ਸੰਗੀਤ ਦਾ ਕੰਮ ਸਮਾਜ ਨੂੰ ਰਾਹ ਦਿਖਾਉਣਾ ਹੁੰਦਾ ਹੈ, ਨਾ ਕਿ ਹਿੰਸਾ ਅਤੇ ਅਪਰਾਧ ਨੂੰ ਆਕਰਸ਼ਕ ਬਣਾਉਣਾ।

ਇਸ ਦੇ ਨਾਲ ਹੀ ਕਾਨੂੰਨ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਵੀ ਹੈ ਕਿ ਸਿੱਖਿਆ ਸੰਸਥਾਵਾਂ ਵਿੱਚ ਸੁਰੱਖਿਆ ਦੇ ਪੱਕੇ ਪ੍ਰਬੰਧ ਹੋਣ, ਹਥਿਆਰਾਂ ਦੀ ਆਸਾਨ ਉਪਲਬਧਤਾ ਉੱਤੇ ਨਿਯੰਤਰਣ ਹੋਵੇ ਅਤੇ ਛੇੜਛਾੜ ਜਾਂ ਤੰਗ ਕਰਨ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਅਕਸਰ ਛੋਟੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜੋ ਬਾਅਦ ਵਿੱਚ ਵੱਡੇ ਹਾਦਸਿਆਂ ਦਾ ਰੂਪ ਧਾਰ ਲੈਂਦੀਆਂ ਹਨ।

ਅਸਲ ਗੱਲ ਇਹ ਹੈ ਕਿ ਅਜਿਹੀਆਂ ਘਟਨਾਵਾਂ ਲਈ ਕੋਈ ਇੱਕ ਵਿਅਕਤੀ ਜਾਂ ਇੱਕ ਪੱਖ ਜ਼ਿੰਮੇਵਾਰ ਨਹੀਂ ਹੁੰਦਾ। ਇਹ ਮਾਪਿਆਂ, ਸਿੱਖਿਆ ਪ੍ਰਣਾਲੀ, ਸਮਾਜਕ ਮਾਹੌਲ, ਮਨੋਰੰਜਨ ਉਦਯੋਗ ਅਤੇ ਪ੍ਰਸ਼ਾਸਨ—ਸਭ ਦੀ ਸਾਂਝੀ ਨਾਕਾਮੀ ਦਾ ਨਤੀਜਾ ਹੁੰਦੀਆਂ ਹਨ। ਜੇ ਅਸੀਂ ਸੱਚਮੁੱਚ ਅਜਿਹੀਆਂ ਦੁੱਖਦਾਈ ਘਟਨਾਵਾਂ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸਾਨੂੰ ਸਿਰਫ਼ ਅਫਸੋਸ ਕਰਨ ਦੀ ਬਜਾਇ ਆਪਣੇ-ਆਪਣੇ ਫਰਜ਼ ਨੂੰ ਸਮਝਣਾ ਪਵੇਗਾ।

ਨੌਜਵਾਨੀ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਜੇ ਉਸਦੀ ਸੋਚ ਸਹੀ ਦਿਸ਼ਾ ਵਿੱਚ ਤਿਆਰ ਕੀਤੀ ਜਾਵੇ ਤਾਂ ਉਹ ਸਮਾਜ ਨੂੰ ਉੱਚਾਈਆਂ ਤੱਕ ਲੈ ਜਾਂਦੀ ਹੈ, ਪਰ ਜੇ ਉਹੀ ਤਾਕਤ ਭਟਕ ਜਾਵੇ ਤਾਂ ਨਤੀਜੇ ਬਹੁਤ ਭਿਆਨਕ ਹੁੰਦੇ ਹਨ। ਇਸ ਲਈ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਰਫ਼ ਕਾਮਯਾਬ ਨਹੀਂ, ਸੰਜੀਦਾ ਅਤੇ ਸੰਵੇਦਨਸ਼ੀਲ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰੀਏ, ਤਾਂ ਜੋ ਕਿਸੇ ਮਾਂ ਦੀ ਗੋਦ ਇੰਝ ਸੁੰਨੀ ਨਾ ਹੋਵੇ ਅਤੇ ਕਿਸੇ ਕਾਲਜ ਦਾ ਮਾਹੌਲ ਇੰਝ ਖੂਨ ਨਾਲ ਨਾ ਰੰਗੇ।

ਕੁਲਵੰਤ ਸਿੰਘ ਗੱਗੜਪੁਰੀ