National
ਪਹਾੜੀਆਂ ‘ਚ ਲੁਕ ਕੇ ਬੈਠੇ ਦਹਿਸ਼ਤਗਰਦਾਂ ਨੇ ਆਪਣੀ ਇੰਝ ਨਾਪਾਕ ਹਰਕਤ ਨੂੰ ਦਿੱਤਾ ਅੰਜ਼ਾਮ

ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅੱਤਵਾਦੀ ਹਮਲੇ ਦੌਰਾਨ ਫੌਜ ਦੇ 5 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਕਠੂਆ ਜ਼ਿਲ੍ਹੇ ਦੇ ਬਿਲਾਵਰ ਇਲਾਕੇ ‘ਚ ਲੁਕੇ ਹੋਏ ਦਹਿਸ਼ਤਗਰਦਾਂ ਨੇ ਫ਼ੌਜ ਦੀ ਇਕ ਗੱਡੀ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ 5 ਜਵਾਨ ਸ਼ਹੀਦ ਹੋ ਗਏ ਅਤੇ 6 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਉੱਚੇ ਪਹਾੜਾਂ ‘ਤੇ ਬੈਠੇ ਦਹਿਸ਼ਤਗਰਦਾਂ ਦੇ ਹਮਲੇ ਤੋਂ ਬਾਅਦ ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲ ਲਿਆ ਅਤੇ ਜਵਾਬੀ ਫਾਇਰਿੰਗ ਕੀਤੀ।
ਇਹ ਹਮਲਾ ਉਦੋਂ ਹੋਇਆ ਜਦੋਂ ਬਿਲਾਵਰ ਦੇ ਲੋਹਾਈ-ਮਲਹਾਰ ਇਲਾਕੇ ਦੇ ਬਦਨੌਟਾ ‘ਚ ਫ਼ੌਜ ਦੀ 22 ਗੜ੍ਹਵਾਲ ਰੈਜੀਮੈਂਟ ਦੀ ਗੱਡੀ ਆਪਣੀ ਮੰਜ਼ਿਲ ਵੱਲ ਜਾ ਰਹੀ ਸੀ। ਜਦੋਂ ਇਹ ਸੋਮਵਾਰ ਦੁਪਹਿਰ ਕਰੀਬ 3.30 ਵਜੇ ਬਲੋਟ ਡਰੇਨ ਨੇੜੇ ਪਹੁੰਚੀ ਤਾਂ ਪਹਾੜਾਂ ‘ਤੇ ਪਹਿਲਾਂ ਤੋਂ ਲੁਕੇ ਹੋਏ ਦਹਿਸ਼ਤਗਰਦਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫ਼ੌਜੀ ਗੱਡੀ ‘ਚ ਸਵਾਰ ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲ ਲਿਆ ਤੇ ਫਾਇਰਿੰਗ ਦਾ ਜਵਾਬ ਦਿੱਤਾ। ਇਸ ਹਮਲੇ ਦੀ ਸੂਚਨਾ ਤੁਰੰਤ ਫ਼ੌਜ, ਜੰਮੂ-ਕਸ਼ਮੀਰ ਪੁਲਸ ਤੇ ਨੀਮ ਸੁਰੱਖਿਆ ਫੋਰਸਾਂ ਨੂੰ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ 4-5 ਦਹਿਸ਼ਤਗਰਦਾਂ ਨੂੰ ਸੁਰੱਖਿਆ ਫੋਰਸਾਂ ਨੇ ਘੇਰ ਲਿਆ ਹੈ।
ਹਮਲੇ ਦੀ ਕਸ਼ਮੀਰ ਟਾਈਗਰਜ਼ ਨਾਂ ਦੇ ਸੰਗਠਨ ਨੇ ਲਈ ਜ਼ਿੰਮੇਵਾਰੀ-
ਹੁਣ ਕਸ਼ਮੀਰ ਟਾਈਗਰਜ਼ ਨਾਂ ਦੇ ਦਹਿਸ਼ਤਗਰਦ ਸੰਗਠਨ ਨੇ ਕਠੂਆ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਹਮਲੇ ‘ਚ ਸ਼ਾਮਲ ਦਹਿਸ਼ਤਗਰਦਾਂ ਨੇ M4 ਅਸਾਲਟ ਰਾਈਫਲਾਂ, ਗ੍ਰਨੇਡਸ ਅਤੇ ਹੋਰ ਹਥਿਆਰਾਂ ਦੀ ਵਰਤੋਂ ਕੀਤੀ ਸੀ।ਇੰਨਾ ਹੀ ਨਹੀਂ ਆਉਣ ਵਾਲੇ ਦਿਨਾਂ ‘ਚ ਹੋਰ ਹਮਲੇ ਕਰਨ ਦੀ ਗੱਲ ਵੀ ਕਹੀ ਹੈ। ਇਹ ਵੀ ਆਖਿਆ ਗਿਆ ਹੈ ਕਿ ਇਹ 26 ਜੂਨ ਨੂੰ ਡੋਡਾ ‘ਚ ਮਾਰੇ ਗਏ ਤਿੰਨ ਦਹਿਸ਼ਤਗਰਦਾਂ ਦੀ ਮੌਤ ਦਾ ਬਦਲਾ ਹੈ।
3 ਦਿਨ ਪਹਿਲਾਂ 2 ਜਵਾਨਾਂ ਨੇ ਪੀਤਾ ਸੀ ਸ਼ਹਾਦਤ ਦਾ ਜਾਮ-
ਜ਼ਿਕਰਯੋਗ ਹੈ ਕਿ 3 ਦਿਨ ਪਹਿਲਾਂ ਵੀ ਕੁਲਗਾਮ ਵਿੱਚ 2 ਥਾਵਾਂ ਤੇ ਦਹਿਸ਼ਤਗਰਦਾਂ ਨੇ ਮੁਕਾਬਲੇ ਦੌਰਾਨ 2 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਪਰ ਇਸ ਦੌਰਾਨ ਫੌਜ ਦੇ ਜਵਾਨਾਂ ਨੇ 6 ਦਹਿਸ਼ਤਗਰਦਾਂ ਨੂੰ ਢੇਰ ਕੀਤਾ ਸੀ।