Uncategorized
ਵਿਆਹ ਕਰ ਰਹੇ ਲਾੜਾ ਲਾੜੀ ਨੂੰ ਗੁਰਦੁਆਰਾ ਸਾਹਿਬ ‘ਚ ਹੀ ਮਾਰ ਮਾਰ ਕੇ ਕੀਤਾ ਅਗਵਾ
ਜਗਰਾਉਂ-ਮੋਗਾ ਹਾਈਵੇ ‘ਤੇ ਕੋਠੇ ਬੱਗੂ ਦੇ ਗੁਰਦਵਾਰਾ ਸਾਹਿਬ ਵਿੱਚ ਅੱਜ ਦੁਪਹਿਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਗੁਰਦਵਾਰਾ ਸਾਹਿਬ ਵਿੱਚ ਹੋ ਰਹੇ ਆਨੰਦ ਕਾਰਜ ਨੂੰ ਰੋਕਦੇ ਹੋਏ ਦਰਜਨ ਭਰ ਅਣਪਛਾਤੇ ਬੰਦਿਆਂ ਨੇ ਵਿਆਹ ਕਰਵਾ ਰਹੇ ਮੁੰਡੇ ਤੇ ਕੁੜੀ ਨੂੰ ਕੁੱਟਦੇ ਹੋਏ ਅਗਵਾ ਕਰ ਲਿਆ। ਅਗਵਾ ਕਰਨ ਦੀ ਪੂਰੀ ਘਟਨਾ ਗੁਰਦਵਾਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਮੌਕੇ ‘ਤੇ ਪਹੁੰਚ ਕੇ ਪਤਾ ਲੱਗਿਆ ਕਿ ਮੁੰਡਾ ਜੱਗਾ ਸਿੰਘ ਦਲਿਤ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ। ਕੁੜੀ ਰੁਪਿੰਦਰ ਕੌਰ ਜ਼ਿਮੀਦਾਰ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਕੋਲ ਦੀ ਰਹਿਣ ਵਾਲੀ ਹੈ। ਕੁੜੀ ਪਿੰਡ ਬੁੱਟਰ ਵਿੱਚ ਆਪਣੀ ਭੂਆ ਕੋਲ ਰਹਿ ਕੇ ਪੜ੍ਹਦੀ ਸੀ। ਇਸੇ ਦੌਰਾਨ ਉਸ ਦੇ ਜੱਗਾ ਸਿੰਘ ਨਾਲ ਪ੍ਰੇਮ ਸਬੰਧ ਬਣ ਗਏ ਤੇ 8 ਦਿਨ ਪਹਿਲਾਂ ਦੋਨਾਂ ਨੇ ਇੱਕ ਵਕੀਲ ਦੇ ਜ਼ਰੀਏ ਪੇਪਰ ਮੈਰਿਜ ਕਰਵਾ ਲਈ।
ਅੱਜ ਮੁੰਡਾ ਜੱਗਾ ਸਿੰਘ ਆਪਣੇ ਪਰਿਵਾਰ ਨਾਲ ਇਸ ਗੁਰਦਵਾਰਾ ਸਾਹਿਬ ਵਿੱਚ ਆਨੰਦ ਕਾਰਜ ਕਰਵਾਉਣ ਲਈ ਪਹੁੰਚਿਆ। ਆਨੰਦ ਕਾਰਜ ਦੌਰਾਨ ਹੀ ਦਰਜਨ ਭਰ ਦੇ ਕਰੀਬ ਨੌਜਵਾਨ ਮੂੰਹ ਢੱਕ ਕੇ ਗੁਰਦੁਵਾਰਾ ਸਾਹਿਬ ਪਹੁੰਚੇ ਤੇ ਦੋਵਾਂ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਕਿਡਨੈਪ ਕਰਕੇ ਆਪਣੇ ਨਾਲ ਲੈ ਗਏ। ਇਸ ਮੌਕੇ ਮੁੰਡੇ ਦੀ ਮਾਂ ਨੇ ਕਿਹਾ ਕਿ ਦੋਵਾਂ ਨੂੰ ਕਿਡਨੈਪ ਕਰਨ ਵਾਲੇ ਕੌਣ ਸਨ, ਇਸ ਦਾ ਪਤਾ ਤਾਂ ਨਹੀਂ ਲੱਗ ਸਕਿਆ ਪਰ ਉਨ੍ਹਾਂ ਵਿੱਚੋਂ ਦੋ ਦੇ ਮੂੰਹ ਨਹੀਂ ਢੱਕੇ ਸਨ। ਉਨ੍ਹਾਂ ਵਿੱਚੋਂ ਇੱਕ ਪਿੰਡ ਬੁੱਟਰ ਦਾ ਸਾਬਕਾ ਸਰਪੰਚ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਚੱਪਲ, ਬੂਟ ਪਾਏ ਹੋਏ ਹੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੁੰਡੇ ਕੁੜੀ ਨੂੰ ਕੁੱਟਦੇ ਰਹੇ ਤੇ ਫਿਰ ਆਪਣੇ ਨਾਲ ਲੈ ਗਏ। ਇਸ ਮੌਕੇ DSP ਹਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।