Punjab
ਜਾਤੀਵਾਦ ਦਾ ਜ਼ਹਿਰ ਪੂਰਨ ਕੁਮਾਰ ਤੋਂ ਗਿ. ਹਰਪ੍ਰੀਤ ਸਿੰਘ ਤੱਕ; ਪੰਥਕ ਕਹਾਉਣ ਵਾਲਾ ਦਲ ਵੀ ਕੋਹੜ ਦਾ ਸ਼ਿਕਾਰ!
ਅੱਜ ਵੀ ਸਾਡਾ ਦੇਸ਼ ਜਾਤੀਵਾਦ ਦੀ ਉਸ ਗੰਦੀ ਬਿਮਾਰੀ ਨਾਲ ਪੀੜਤ ਹੈ ਜਿਸ ਨੇ ਸਦੀਆਂ ਤੋਂ ਭਾਰਤੀ ਸਮਾਜ ਨੂੰ ਅੰਦਰੋਂ ਖਾ ਲਿਆ ਹੈ। ਆਜ਼ਾਦੀ ਤੋਂ ਅਠੱਤਰ ਸਾਲ ਬਾਅਦ ਵੀ ਜਾਤੀ ਦਾ ਜ਼ਹਿਰ ਨਾ ਸਿਰਫ਼ ਆਮ ਲੋਕਾਂ ਦੇ ਮਨਾਂ ਵਿੱਚ ਵੱਸਿਆ ਹੋਇਆ ਹੈ ਸਗੋਂ ਉਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਵੀ ਹੈ ਜੋ ਆਪਣੇ ਆਪ ਨੂੰ ਉੱਚ ਸਿੱਖਿਆਯਾਫ਼ਤਾ ਅਤੇ ਸਿਵਲ ਸੇਵਾਵਾਂ ਦੇ ਜ਼ਰੀਏ ਸਮਾਜ ਦਾ ਮਾਰਗਦਰਸ਼ਕ ਮੰਨਦੇ ਹਨ। ਹਰਿਆਣਾ ਦੇ ਆਈ.ਪੀ.ਐਸ. ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਇਸ ਗੱਲ ਦੀ ਸਭ ਤੋਂ ਦਰਦਨਾਕ ਮਿਸਾਲ ਹੈ। ਇੱਕ ਇਮਾਨਦਾਰ ਅਤੇ ਕਾਬਲ ਅਧਿਕਾਰੀ ਜਿਸ ਨੇ ਦੇਸ਼ ਦੀ ਸੇਵਾ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ, ਉਸਨੂੰ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ਨੇ ਜਾਤੀਵਾਦੀ ਨਫ਼ਰਤ ਨਾਲ ਇਸ ਹੱਦ ਤੱਕ ਸਤਾਇਆ ਕਿ ਉਸਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਇਹ ਕੇਵਲ ਇੱਕ ਅਧਿਕਾਰੀ ਦੀ ਮੌਤ ਨਹੀਂ — ਇਹ ਪੂਰੀ ਪ੍ਰਣਾਲੀ ਉੱਤੇ ਸਵਾਲ ਹੈ। ਜਦੋਂ ਇੱਕ ਆਈ.ਪੀ.ਐਸ. ਅਧਿਕਾਰੀ ਤੱਕ ਜਾਤੀ ਦੇ ਆਧਾਰ ‘ਤੇ ਪੱਖਪਾਤ ਦਾ ਸ਼ਿਕਾਰ ਬਣ ਸਕਦਾ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਜੋ ਬਿਨਾਂ ਕਿਸੇ ਸੁਰੱਖਿਆ ਦੇ ਇਸ ਜ਼ਹਿਰੀਲੇ ਸਮਾਜ ਵਿੱਚ ਜਿੰਦਗੀ ਜੀਅ ਰਹੇ ਹਨ?
ਸਿੱਖ ਗੁਰੂ ਸਾਹਿਬਾਨ ਨੇ ਤਾਂ ਜਾਤ ਪਾਤ ਦੇ ਖਿਲਾਫ਼ ਸਭ ਤੋਂ ਵੱਡੀ ਲੜਾਈ ਲੜੀ ਸੀ। ਗੁਰੂ ਸਾਹਿਬ ਨੇ ਸਾਫ ਕਿਹਾ ਸੀ “ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ।।” ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਜਾਤੀ ਦੇ ਗੁਲਾਮੀ ਵਾਲੇ ਜਾਲ ਤੋਂ ਆਜ਼ਾਦ ਕੀਤਾ ਸੀ। ਖਾਲਸਾ ਦਾ ਅਰਥ ਹੀ ਸੀ – ਖਾਲਸ ਇਨਸਾਨ, ਜਿਸ ਦੀ ਕੋਈ ਜਾਤ ਨਹੀਂ, ਕੋਈ ਉੱਚਾ-ਨੀਚਾ ਨਹੀਂ, ਸਿਰਫ਼ ਮਾਨਵਤਾ ਦਾ ਪਾਠ ਪੜ੍ਹਾਇਆ ਏ ਸਿੱਖ ਗੁਰੂ ਸਾਹਿਬਾਨ ਨੇ।
ਪਰ ਦੁੱਖ ਦੀ ਗੱਲ ਹੈ ਕਿ ਅੱਜ ਉਹੀ ਸਿੱਖ ਕੌਮ, ਜਿਸ ਨੇ ਜਾਤੀਵਾਦ ਦੇ ਖਿਲਾਫ਼ ਝੰਡਾ ਚੁੱਕਿਆ ਸੀ, ਆਪ ਇਸ ਕੋਹੜ ਦੀ ਸ਼ਿਕਾਰ ਬਣ ਗਈ ਹੈ। ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਜੋ ਆਪਣੇ ਆਪ ਨੂੰ ਪੰਥਕ ਦਲ ਕਹਾਉਂਦਾ ਹੈ, ਉਹ ਅੱਜ ਸਭ ਤੋਂ ਵੱਧ ਜਾਤੀ ਦੇ ਆਧਾਰ ‘ਤੇ ਵੰਡਿਆ ਹੋਇਆ ਹੈ। ਅਹੁਦੇ ਮਿਲਦੇ ਹਨ ਤਾਂ ਜਾਤੀ ਦੇ ਆਧਾਰ ‘ਤੇ, ਟਿਕਟ ਮਿਲਦੇ ਹਨ ਤਾਂ ਜਾਤੀ ਦੇ ਆਧਾਰ ‘ਤੇ, ਅਤੇ ਹੁਣ ਤਾਂ ਰੈਲੀਆਂ ਵਿੱਚ ਵੀ ਉਹੀ ਨਫ਼ਰਤ ਟਪਕ ਰਹੀ ਹੈ।
ਬੀਤੇ ਦਿਨੀਂ ਇੱਕ ਸੀਨੀਅਰ ਅਕਾਲੀ ਆਗੂ ਦਾ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਉਹ ਸਾਬਕਾ ਜਥੇਦਾਰ ਅਤੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ “ਮਰਾਸੀ” ਕਹਿ ਕੇ ਤੰਝ ਕੱਸ ਰਿਹਾ ਹੈ। ਉਹ ਕਹਿੰਦਾ ਹੈ – “ਆਪਾਂ ਇਨ੍ਹਾਂ ਮਰਾਸੀਆਂ ਤੋਂ ਬਚਣਾ ਹੈ, ਇਹ ਮਰਾਸੀ ਕਿਸੇ ਨੂੰ ਗੱਲ ਨਹੀਂ ਆਉਣ ਦਿੰਦੇ।” ਸੋਚੋ, ਸਾਨੂੰ ਮਨੁੱਖੀ ਸਮਾਨਤਾ ਸਿਖਾਈ ਹੈ ਗੁਰੂ ਸਾਹਿਬਾਨ ਨੇ ਸਭ ਨੂੰ ਬਰਾਬਰ ਕਿਹਾ ਹੈ, ਲੇਕਿਨ ਸਿੱਖ ਧਰਮ ਦੇ ਠੇਕੇਦਾਰ ਕਿਵੇਂ ਜ਼ਹਿਰ ਉਗਲ ਰਹੇ ਹਨ।
ਇਹ ਕੇਵਲ ਗਿਆਨੀ ਹਰਪ੍ਰੀਤ ਸਿੰਘ ਦੀ ਬੇਇਜ਼ਤੀ ਨਹੀਂ — ਇਹ ਪੂਰੇ ਪੰਥ ਦੀ ਬੇਇਜ਼ਤੀ ਹੈ। ਇਹ ਉਨ੍ਹਾਂ ਖੂਨ-ਪਸੀਨੇ ਨਾਲ ਖੜ੍ਹੇ ਕੀਤੇ ਮੁੱਲਾਂ ਦੀ ਤੌਹੀਨ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੇ ਸਨ। ਜਦੋਂ ਜਾਤੀਵਾਦ ਦਾ ਜ਼ਹਿਰ ਸਿੱਖਾਂ ਦੀਆਂ ਨਸਾਂ ਵਿੱਚ ਚੜ੍ਹਣਾ ਸ਼ੁਰੂ ਹੋ ਜਾਵੇ, ਤਾਂ ਸਮਝੋ ਕਿ ਅਸਲ ਗੁਰੂ ਮਰਯਾਦਾ ਤੋਂ ਅਸੀਂ ਕਿੰਨੇ ਦੂਰ ਹੋ ਚੁੱਕੇ ਹਾਂ।
ਸਵਾਲ ਇਹ ਨਹੀਂ ਕਿ ਵਾਈ ਪੂਰਨ ਕੁਮਾਰ ਨੇ ਕਿਉਂ ਜਾਨ ਦਿੱਤੀ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਸਨੇ ਕੀ ਕਿਹਾ, ਸਵਾਲ ਇਹ ਹੈ ਕਿ ਅਸੀਂ ਸਾਰੇ ਆਪਣੇ ਮਨ ਦੇ ਜਾਤੀਵਾਦੀ ਭਰਮ ਕਦੋਂ ਤੋੜਾਂਗੇ? ਜਦ ਤੱਕ ਅਸੀਂ ਜਾਤੀ ਦੇ ਚਿੱਕੜ ਤੋਂ ਬਾਹਰ ਨਹੀਂ ਆਉਂਦੇ, ਤਦ ਤੱਕ ਨਾ ਕੋਈ ਸਮਾਜ ਬਦਲੇਗਾ ਤੇ ਨਾ ਹੀ ਸਿਸਟਮ ਅਤੇ ਨਾ ਹੀ ਦੇਸ਼ ਤਰੱਕੀ ਕਰ ਸਕੇਗਾ। ਗੁਰੂ ਨਾਨਕ ਦਾ ਰਾਹ ਸਾਫ਼ ਹੈ — “ਮਾਣਸ ਕੀ ਜਾਤ ਸਭੈ ਏਕੈ ਪਹਿਚਾਨਬੋ।” ਜੇ ਅਸੀਂ ਇਹ ਗੱਲ ਸਮਝ ਲਈ, ਤਾਂ ਸ਼ਾਇਦ ਕੋਈ ਹੋਰ ਵਾਈ ਪੂਰਨ ਕੁਮਾਰ ਆਪਣੀ ਜਾਨ ਨਾ ਗਵਾਏ ਤੇ ਕੋਈ ਹੋਰ ਗਿਆਨੀ ਹਰਪ੍ਰੀਤ ਸਿੰਘ ਜਾਤੀ ਦੇ ਤੰਝ ਨਾ ਸਹੇ।
ਕੁਲਵੰਤ ਸਿੰਘ ਗੱਗੜਪੁਰੀ

