National
ਅੰਤਰਰਾਸ਼ਟਰੀ ਯੋਗ ਦਿਵਸ ਵਾਲੇ ਦਿਨ ਸ਼ਿਮਲਾ ‘ਚ ਹੋਈਆਂ ਮੌਤਾਂ
BUS ACCIDENT : ਸ਼ਿਮਲਾ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਹਿਮਾਚਲ ਦੀ ਰਾਜਧਾਨੀ ਸ਼ਿਮਲਾ ‘ਚ ਵੱਡਾ ਹਾਦਸਾ ਵਾਪਰ ਗਿਆ ਹੈ । ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚ.ਆਰ.ਟੀ.ਸੀ.) ਸ਼ਿਮਲਾ ਦੇ ਜੁਬਲ ਦੇ ਇਲਾਕੇ ‘ਚ ਬੱਸ ਨਾਲ ਹਾਦਸਾ ਵਾਪਰ ਗਿਆ ਹੈ। ਹਾਦਸੇ ਦੌਰਾਨ ਬੱਸ ਇੱਕ ਸੜਕ ਤੋਂ ਪਲਟ ਗਈ ਅਤੇ ਹੇਠਾਂ ਦੂਜੀ ਸੜਕ ਦੇ ਕਿਨਾਰੇ ‘ਤੇ ਜਾ ਵੱਜੀ।
ਸ਼ਿਮਲਾ ਜ਼ਿਲ੍ਹੇ ਦੇ ਜੁਬਲ ਵਿੱਚ ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ‘ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ ਲਈ ਰੋਹੜੂ ਹਸਪਤਾਲ ਲਿਆਂਦਾ ਗਿਆ ਹੈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ।
ਮਰਨ ਵਾਲਿਆਂ ਦੀ ਹੋਈ ਪਛਾਣ
ਹਾਦਸੇ ਦੇ ਸਮੇਂ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ ਕੁੱਲ 7 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਬੱਸ ਡਰਾਈਵਰ ਕਰਮਾ ਦਾਸ ਪੁੱਤਰ ਭੋਗੀ ਰਾਮ ਪਿੰਡ ਕੁੱਡੂ ਜੁਬਲ, ਕੰਡਕਟਰ ਰਾਕੇਸ਼ ਪੁੱਤਰ ਸ਼ਿਵ ਰਾਮ ਵਾਸੀ ਪਿੰਡ ਧਾਰਕੋਟੀ ਬਿਲਾਸਪੁਰ, ਬੀਰਮਾ ਦੇਵੀ (62 ਸਾਲ), ਪਤਨੀ ਅਮਰ ਸਿੰਘ ਵਾਸੀ ਪਿੰਡ ਧਨਸਰ ਅਤੇ ਨੇਪਾਲ ਵਾਸੀ ਧਨਸ਼ਾਹ (52 ਸਾਲ) ਦੀ ਮੌਤ ਹੋ ਗਈ ਹੈ, ਜਦਕਿ ਐੱਸ. ਜੈੇਂਦਰ ਸਿੰਘ ਰੰਗਾ (63), ਦੀਪਿਕਾ (25) ਪੁੱਤਰੀ ਸੰਜੇ ਠਾਕੁਰ ਵਾਸੀ ਗਿਲਟਾਡੀ ਅਤੇ ਹਸਤ ਬਹਾਦਰ ਜ਼ਖ਼ਮੀ ਹਨ।
ਜਾਣਕਾਰੀ ਮੁਤਾਬਕ ਐਚਆਰਟੀਸੀ ਦੇ ਰੋਹੜੂ ਡਿਪੂ ਦੀ ਬੱਸ ਸਵੇਰੇ 7 ਵਜੇ ਜੁਬਲ ਦੇ ਕੁਡੂ ਤੋਂ ਗਿਲਟਾਡੀ ਲਈ ਰਵਾਨਾ ਹੋਈ ਸੀ। ਕੁਡੂ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ‘ਤੇ ਪਹੁੰਚਣ ਤੋਂ ਬਾਅਦ, ਬੱਸ ਸਵੇਰੇ 7.10 ਵਜੇ ਦੇ ਕਰੀਬ ਚੌੜੀ ਕੰਚ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਢਾਂਕ ਤੋਂ ਲਗਭਗ 100 ਮੀਟਰ ਹੇਠਾਂ ਇਕ ਹੋਰ ਸੜਕ ‘ਤੇ ਜਾ ਡਿੱਗੀ।
ਐਸਡੀਐਮ ਜੁਬਲ ਨੇ ਦਿੱਤੀ ਜਾਣਕਾਰੀ
ਐਸਡੀਐਮ ਜੁਬਲ ਰਾਜੀਵ ਸਾਂਖਯਾਨ ਨੇ ਦੱਸਿਆ ਕਿ ਹਾਦਸਾ ਸਵੇਰੇ 7.10 ਵਜੇ ਦੇ ਕਰੀਬ ਵਾਪਰਿਆ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਡਰਾਈਵਰ-ਕੰਡਕਟਰ ਸਮੇਤ ਕੁੱਲ 7 ਲੋਕ ਸਵਾਰ ਸਨ। ਇਸ ‘ਚ 4 ਦੀ ਮੌਤ ਹੋ ਗਈ ਹੈ, ਜਦਕਿ 3 ਗੰਭੀਰ ਰੂਪ ਨਾਲ ਜ਼ਖਮੀ ਹਨ। ਉਨ੍ਹਾਂ ਕਿਹਾ ਕਿ ਦੋ ਜ਼ਖ਼ਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਈਜੀਐਮਸੀ ਸ਼ਿਮਲਾ ਰੈਫਰ ਕਰਨਾ ਪੈ ਸਕਦਾ ਹੈ।