National
ਜਾਪਾਨੀਆਂ ਨੂੰ ਸਾਡੀ ਗਦਾਰੀ ਹੀ ਨਹੀਂ, ਸਾਡੀ ਕੁਰਬਾਨੀ ਵੀ ਪੜ੍ਹਨੀ ਚਾਹੀਦੀ ਏ
ਮੈਂ ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਪੜ੍ਹੀ ਜਿਸ ਵਿੱਚ ਲਿਖਿਆ ਸੀ ਕਿ ਜਾਪਾਨੀ ਭਾਰਤੀਆਂ ਨੂੰ ਆਪਣੇ ਘਰ ਕਿਉਂ ਨਹੀਂ ਬੁਲਾਉਂਦੇ।
ਉਹ ਕਹਿੰਦੇ ਹਨ — “ਸਾਨੂੰ ਭਾਰਤ ਦਾ ਇਤਿਹਾਸ ਸਿਖਾਇਆ ਜਾਂਦਾ ਹੈ, ਪਰ ਪ੍ਰੇਰਨਾ ਲਈ ਨਹੀਂ… ਚੇਤਾਵਨੀ ਲਈ।”
ਉਸ ਪੋਸਟ ਵਿੱਚ ਇੱਕ ਜਪਾਨੀ ਦੋਸਤ ਨੇ ਆਪਣੇ ਭਾਰਤੀ ਦੋਸਤ ਨੂੰ ਕਿਹਾ ਕਿ ਅੰਗਰੇਜ਼ਾਂ ਤੇ ਮੁਗਲਾਂ ਨੇ ਭਾਰਤ ਉੱਤੇ ਰਾਜ ਕੀਤਾ ਤਾਂ ਕੇਵਲ ਇਸ ਲਈ ਨਹੀਂ ਕਿ ਉਹ ਸ਼ਕਤੀਸ਼ਾਲੀ ਸਨ ਸਗੋਂ ਇਸ ਲਈ ਕਿ ਤੁਹਾਡੇ ਆਪਣੇ ਹੀ ਲੋਕਾਂ ਨੇ ਆਪਣੀ ਆਤਮਾ ਗੁਆ ਦਿੱਤੀ ਸੀ —
ਜੋ ਲਾਭ ਲਈ, ਅਹੁਦੇ ਲਈ, ਜਾਂ ਡਰ ਦੇ ਕਾਰਨ ਆਪਣੇ ਹੀ ਭਰਾਵਾਂ ਨਾਲ ਧੋਖਾ ਕਰ ਬੈਠੇ।
ਜੱਲ੍ਹਿਆਂ ਵਾਲੇ ਬਾਗ ਵਿੱਚ ਜਨਰਲ ਡਾਇਰ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ, ਪਰ ਟ੍ਰਿਗਰ ਕਿਸਨੇ ਦਬਾਇਆ?
ਬ੍ਰਿਟਿਸ਼ ਨਹੀਂ — ਤੁਹਾਡੇ ਆਪਣੇ ਲੋਕਾਂ ਨੇ।
ਚੰਦਰਸ਼ੇਖਰ ਆਜ਼ਾਦ ਨੂੰ ਕਿਸਨੇ ਧੋਖਾ ਦਿੱਤਾ?
ਕਿਸਨੇ ਭਗਤ ਸਿੰਘ ਦੀ ਫਾਂਸੀ ਨੂੰ ਰੋਕਣ ਦੀ ਹਿੰਮਤ ਨਹੀਂ ਦਿਖਾਈ?
ਇਹ ਸਾਰੇ ਪ੍ਰਸ਼ਨ ਭਾਰਤੀ ਗ਼ਦਾਰਾਂ ਦੀ ਯਾਦ ਦਿਵਾਉਂਦੇ ਹਨ।
ਜਪਾਨੀ ਦੋਸਤ ਦਾ ਸਵਾਲ ਵਾਜਬ ਸੀ —
“ਜਦੋਂ 10 ਹਜ਼ਾਰ ਅੰਗਰੇਜ਼ 30 ਕਰੋੜ ਭਾਰਤੀਆਂ ‘ਤੇ ਰਾਜ ਕਰ ਸਕਦੇ ਸਨ, ਤਾਂ ਗ਼ਲਤੀ ਕਿੱਥੇ ਸੀ?”
ਉਹ ਕਹਿੰਦਾ ਹੈ, “ਤੁਹਾਡੀ ਗੁਲਾਮੀ ਸਰੀਰ ਦੀ ਨਹੀਂ, ਆਤਮਾ ਦੀ ਸੀ।”
ਅਤੇ ਇਹ ਕਹਾਣੀ ਅੱਜ ਵੀ ਕਈ ਵਾਰ ਸੱਚ ਲੱਗਦੀ ਹੈ — ਜਦੋਂ ਅਸੀਂ ਆਪਣੇ ਫਾਇਦੇ ਲਈ ਸੱਚ ਦਾ ਸੌਦਾ ਕਰ ਲੈਂਦੇ ਹਾਂ ਅਤੇ ਆਪਣਿਆਂ ਨਾਲ ਗਦਾਰੀ ਕਰਦੇ ਹਾਂ।
ਪਰ ਜਪਾਨੀਆਂ ਨੂੰ ਸਾਡਾ ਸਿਰਫ਼ ਇਹ ਕਾਲਾ ਇਤਿਹਾਸ ਹੀ ਨਹੀਂ ਪੜ੍ਹਨਾ ਚਾਹੀਦਾ —
ਉਹਨਾਂ ਨੂੰ ਉਨ੍ਹਾਂ ਸੂਰਮਿਆਂ ਦਾ ਇਤਿਹਾਸ ਵੀ ਪੜ੍ਹਨਾ ਚਾਹੀਦਾ ਹੈ ਜਿਨ੍ਹਾਂ ਨੇ ਇਸ ਮਿੱਟੀ ਨੂੰ ਮਾਣ ਬਖ਼ਸ਼ਿਆ।
ਤੱਤੀਆਂ ਤਵੀਆਂ ‘ਤੇ ਬੈਠਣ ਵਾਲੇ ਗੁਰੂ ਅਰਜਨ ਦੇਵ ਜੀ,
ਜਿਨ੍ਹਾਂ ਨੇ ਮਨੁੱਖਤਾ, ਸੱਚਾਈ ਅਤੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਆਪਣਾ ਜੀਵਨ ਨਛਾਵਰ ਕਰ ਦਿੱਤਾ।
ਮਾਨਵ ਅਧਿਕਾਰਾਂ ਦੀ ਰੱਖਿਆ ਲਈ ਆਪਣਾ ਸੀਸ ਕਟਵਾਉਣ ਵਾਲੇ ਗੁਰੂ ਤੇਗ ਬਹਾਦੁਰ ਸਾਹਿਬ,
ਜਿਨ੍ਹਾਂ ਨੇ ਪਰਾਏ ਧਰਮ ਦੇ ਲੋਕਾਂ ਦੀ ਰੱਖਿਆ ਲਈ ਆਪਣਾ ਖੂਨ ਦਿੱਤਾ — ਇਹ ਮਨੁੱਖਤਾ ਦਾ ਸਭ ਤੋਂ ਉੱਚਾ ਉਦਾਹਰਣ ਹੈ।
ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਆਪਣੇ ਚਾਰ ਚਿਰਾਗ਼ — ਚਾਰ ਪੁੱਤਰ — ਕੌਮ ਅਤੇ ਧਰਮ ਲਈ ਵਾਰ ਦਿੱਤੇ।
ਉਨ੍ਹਾਂ ਨੇ ਕਹਿ ਦਿੱਤਾ — “ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।।” ਉਨ੍ਹਾਂ ਸਿੰਘਾਂ ਦੀ ਕੁਰਬਾਨੀ ਵੀ ਜਪਾਨੀ ਲੋਕਾਂ ਨੂੰ ਪੜ੍ਹਨੀ ਚਾਹੀਦੀ ਹੈ ਜਿਨ੍ਹਾਂ ਨੇ ਬੰਦ ਬੰਦ ਕਟਾਏ, ਪੁੱਠੀਆਂ ਖੱਲਾਂ ਲੁਹਾਈਆਂ,ਦੇਗਾਂ ‘ਚ ਉਬਾਲੇ ਗਏ, ਚਰਖੜੀਆਂ ਤੇ ਚੜ੍ਹੇ, ਛੋਟੀ ਉਮਰ ਦੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਦਿੱਤੇ ਗਏ।
ਸ਼ਹੀਦ ਭਗਤ ਸਿੰਘ, ਜਿਨ੍ਹਾਂ ਨੇ 23 ਸਾਲ ਦੀ ਉਮਰ ਵਿੱਚ ਫਾਂਸੀ ਦੇ ਤਖ਼ਤੇ ‘ਤੇ ਹੱਸਦੇ ਹੋਏ ਕਦਮ ਰੱਖਿਆ;
ਸ਼ਹੀਦ ਊਧਮ ਸਿੰਘ, ਜਿਨ੍ਹਾਂ ਨੇਜੱਲ੍ਹਿਆਂ ਵਾਲੇ ਬਾਗ ਦਾ ਬਦਲਾ ਲੈ ਕੇ ਦੂਨੀਆ ਨੂੰ ਯਾਦ ਕਰਵਾ ਦਿੱਤਾ ਕਿ ਭਾਰਤੀ ਲੋਕ ਅਣਖ ਤੇ ਗ਼ੈਰਤ ਲਈ ਸੱਤ ਸਮੁੰਦਰ ਪਾਰ ਜਾ ਕੇ ਵੀ ਵੈਰੀ ਦਾ ਖਾਤਮਾ ਕਰ ਸਕਦੇ ਹਨ
ਅਤੇ ਹੋਰ ਅਣਗਿਣਤ ਸ਼ਹੀਦ
ਲੱਖਾਂ ਨੌਜਵਾਨ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਪਰ ਕਦੇ ਵੈਰੀ ਅੱਗੇ ਸਿਰ ਨਹੀਂ ਝੁਕਾਇਆ।
ਇਹ ਵੀ ਤਾਂ ਭਾਰਤ ਦਾ ਹੀ ਇਤਿਹਾਸ ਹੈ —
ਉਹ ਇਤਿਹਾਸ ਜੋ ਜਪਾਨ, ਯੂਰਪ ਜਾਂ ਪੱਛਮ ਦੇ ਕਿਸੇ ਸਕੂਲ ਵਿੱਚ ਨਹੀਂ ਪੜ੍ਹਾਇਆ ਜਾਂਦਾ।
ਹਾਂ, ਅਸੀਂ ਗ਼ਦਾਰ ਵੀ ਦੇਖੇ ਹਨ,
ਪਰ ਭਾਰਤ ਦੀ ਧਰਤੀ ਨੇ ਲੋਕ ਵੀ ਪੈਦਾ ਕੀਤੇ ਹਨ ਜਿਨ੍ਹਾਂ ਨੇ ਧਰਮ, ਕੌਮ ਅਤੇ ਮਨੁੱਖਤਾ ਲਈ ਆਪਣਾ ਸਾਰਾ ਕੁੱਝ ਕੁਰਬਾਨ ਕਰ ਦਿੱਤਾ।
ਇਸ ਲਈ ਜਦੋਂ ਜਪਾਨੀ ਸਾਡੇ ਇਤਿਹਾਸ ਨੂੰ ਚੇਤਾਵਨੀ ਵਜੋਂ ਪੜ੍ਹਦੇ ਹਨ,
ਉਹਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਇਸ ਧਰਤੀ ਨੇ ਸੂਰਵੀਰਤਾ, ਸਹਿਨਸ਼ੀਲਤਾ ਅਤੇ ਆਤਮ-ਸਮਰਪਣ ਦਾ ਸਭ ਤੋਂ ਉੱਚਾ ਦਰਜਾ ਵੀ ਦਿੱਤਾ ਹੈ।
ਜਿੱਥੇ ਕੁਝ ਲੋਕ ਗ਼ਦਾਰੀ ਕਰਦੇ ਸਨ,
ਉੱਥੇ ਹੀ ਗੁਰੂਆਂ ਨੇ ਕੁਰਬਾਨੀ ਦਾ ਇਤਿਹਾਸ ਲਿਖਿਆ ਹੈ।
ਇਹੀ ਭਾਰਤ ਹੈ — ਜਿੱਥੇ ਧੋਖੇ ਦੇ ਪਿੱਛੇ ਵੀ ਕਿਸੇ ਨਾ ਕਿਸੇ ਸੱਚ ਦੀ ਜੋਤ ਜਗਦੀ ਰਹਿੰਦੀ ਹੈ।

