National
ਸੁਪਰ ਪਾਵਰ ਦਾ ਘਮੰਡ ਟੁੱਟਿਆ- ਇਰਾਨ ਦੀ ਜਨਤਾ ਦੇ ਜਜ਼ਬੇ ਨੂੰ ਸਲਾਮ !
ਇਰਾਨ ਦੀ ਜੰਗ ਸਿਰਫ਼ ਮਿਸ਼ਾਈਲਾਂ ਜਾਂ ਬੰਬਾਂ ਦੀ ਲੜਾਈ ਨਹੀਂ ਰਹੀ, ਇਹ ਹੁਣ ਹੌਸਲੇ, ਅਡੋਲਤਾ ਅਤੇ ਵੱਡੀਆਂ ਤਾਕਤਾਂ ਦੇ ਅਹੰਕਾਰ ਦੀ ਟੱਕਰ ਬਣ ਚੁੱਕੀ ਹੈ। ਅਮਰੀਕਾ ਨੇ ਸੋਚਿਆ ਸੀ ਕਿ ਜਿਵੇਂ ਪਹਿਲਾਂ ਕਈ ਦੇਸ਼ਾਂ ਉੱਤੇ ਫੌਜੀ ਦਬਦਬਾ ਬਣਾ ਕੇ ਆਪਣੀਆਂ ਸ਼ਰਤਾਂ ਮਨਵਾਈਆਂ ਗਈਆਂ, ਓਸੇ ਤਰ੍ਹਾਂ ਇਰਾਨ ਨੂੰ ਵੀ ਕੁੱਝ ਦਿਨਾਂ ਵਿੱਚ ਝੁਕਾ ਲਿਆ ਜਾਵੇਗਾ। ਪਰ ਦੋ ਮਹੀਨੇ ਦਾ ਸਮਾਂ ਲੰਘਣ ਮਗਰੋਂ ਵੀ ਇਰਾਨ ਨਾ ਸਿਰਫ਼ ਡਟਿਆ ਹੋਇਆ ਹੈ, ਸਗੋਂ ਉਸਨੇ ਅਮਰੀਕੀ ਦਬਦਬੇ ਦੀ ਚਮਕ ਨੂੰ ਮੰਦੀ ਪਾ ਦਿੱਤਾ ਹੈ। ਜਿਹੜਾ ਅਮਰੀਕਾ ਦੁਨੀਆ ਨੂੰ ਆਪਣੀ ਫੌਜੀ ਤਾਕਤ ਨਾਲ ਡਰਾਉਂਦਾ ਸੀ, ਉਹੀ ਅਮਰੀਕਾ ਅੱਜ ਧਮਕੀਆਂ ਅਤੇ ਰਾਜ਼ੀਨਾਮਿਆਂ ਵਿਚਕਾਰ ਝੂਲਦਾ ਦਿਖਾਈ ਦੇ ਰਿਹਾ ਹੈ।
ਡੋਨਾਲਡ ਟਰੰਪ ਨੇ ਜਦੋਂ ਇਰਾਨ ਉੱਤੇ ਹਮਲਾ ਕੀਤਾ ਸੀ ਤਾਂ ਇਹ ਧਾਰਣਾ ਬਣਾਈ ਗਈ ਕਿ ਕੁੱਝ ਘੰਟਿਆਂ ਜਾਂ ਕੁੱਝ ਦਿਨਾਂ ਵਿੱਚ ਇਰਾਨ ਦੀ ਕਮਰ ਤੋੜ ਦਿੱਤੀ ਜਾਵੇਗੀ। ਟਰੰਪ ਨੇ ਵੱਡੇ ਵੱਡੇ ਦਾਅਵੇ ਕੀਤੇ ਕਿ ਇਰਾਨ ਨੂੰ ਗੋਡਿਆਂ ‘ਤੇ ਲਿਆਇਆ ਜਾਵੇਗਾ, ਉਸਦੇ ਪ੍ਰਮਾਣੂ ਠਿਕਾਣੇ ਮਿਟਾ ਦਿੱਤੇ ਜਾਣਗੇ ਅਤੇ ਉਸਦੀ ਆਰਥਿਕ ਰੀੜ੍ਹ ਦੀ ਹੱਡੀ ਤੋੜ ਦਿੱਤੀ ਜਾਵੇਗੀ। ਪਰ ਮੈਦਾਨ ਵਿੱਚ ਹਾਲਾਤ ਉਲਟ ਹੋ ਗਏ। ਇਰਾਨ ਨੇ ਨਾਂ ਝੁਕਣ ਦੇ ਸੰਕੇਤ ਦਿੱਤੇ ਅਤੇ ਨਾਂ ਹੀ ਆਪਣੀ ਰਾਜਨੀਤਕ ਸਥਿਤੀ ਨੂੰ ਕਮਜ਼ੋਰ ਹੋਣ ਦਿੱਤਾ। ਅਮਰੀਕਾ ਨੂੰ ਯੁੱਧ ਵਿਰਾਮ ਦਾ ਐਲਾਨ ਕਰਨਾ ਪਿਆ ਅਤੇ ਪਾਕਿਸਤਾਨ ਰਾਹੀਂ ਗੱਲਬਾਤ ਦੀ ਕੋਸ਼ਿਸ਼ ਕਰਨੀ ਪਈ। ਇਹੀ ਗੱਲ ਦਰਸਾਉਂਦੀ ਹੈ ਕਿ ਜੰਗ ਸਿਰਫ਼ ਹਥਿਆਰਾਂ ਨਾਲ ਨਹੀਂ ਜਿੱਤੀ ਜਾਂਦੀ, ਜੰਗ ਇਰਾਦਿਆਂ ਨਾਲ ਵੀ ਲੜੀ ਜਾਂਦੀ ਹੈ।
ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਅਮਰੀਕਾ ਦੀ “ਸੁਪਰ ਪਾਵਰ” ਵਾਲੀ ਛਵੀ ਹੁਣ ਪਹਿਲਾਂ ਵਰਗੀ ਨਹੀਂ ਰਹੀ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਜਿੱਥੇ ਅਮਰੀਕਾ ਹਮਲਾ ਕਰੇਗਾ, ਉੱਥੇ ਵਿਰੋਧੀ ਟੁੱਟ ਜਾਵੇਗਾ। ਇਰਾਕ, ਅਫਗਾਨਿਸਤਾਨ ਅਤੇ ਹੋਰ ਕਈ ਥਾਵਾਂ ਦੇ ਤਜ਼ਰਬੇ ਨਾਲ ਇਹ ਭਰਮ ਬਣਿਆ ਹੋਇਆ ਸੀ ਕਿ ਅਮਰੀਕਾ ਦੀ ਸੈਨਿਕ ਤਾਕਤ ਅਜਿੱਤ ਹੈ। ਪਰ ਇਰਾਨ ਦੇ ਮਾਮਲੇ ਵਿੱਚ ਇਹ ਭਰਮ ਟੁੱਟਦਾ ਨਜ਼ਰ ਆ ਰਿਹਾ ਹੈ। ਟਰੰਪ ਵੱਲੋਂ ਦੋ ਹਫ਼ਤਿਆਂ ਦੇ ਯੁੱਧ ਵਿਰਾਮ ਅਤੇ ਫਿਰ ਅਣਮਿੱਥੇ ਸਮੇਂ ਲਈ ceasefire ਵਧਾਉਣ ਦੀਆਂ ਖ਼ਬਰਾਂ ਇਹ ਦਰਸਾਉਂਦੀਆਂ ਹਨ ਕਿ ਮੈਦਾਨ ਵਿੱਚ ਅਮਰੀਕਾ ਆਪਣੀ ਇੱਛਾ ਅਨੁਸਾਰ ਨਤੀਜੇ ਹਾਸਲ ਨਹੀਂ ਕਰ ਸਕਿਆ।
ਟਰੰਪ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਸਾਹਮਣੇ ਆਈ ਕਿ ਉਹ ਹਰ ਵਾਰ ਵੱਡੀ ਧਮਕੀ ਦਿੰਦਾ ਹੈ ਪਰ ਬਾਅਦ ਵਿੱਚ ਆਪਣਾ ਰੁਖ ਬਦਲ ਲੈਂਦਾ ਹੈ। ਪਹਿਲਾਂ ਕਹਿੰਦਾ ਹੈ ਕਿ ਇਰਾਨ ਨੂੰ ਤਬਾਹ ਕਰ ਦੇਵਾਂਗਾ, ਫਿਰ ਗੱਲਬਾਤ ਲਈ ਤਿਆਰ ਹੋ ਜਾਂਦਾ ਹੈ; ਪਹਿਲਾਂ ਦਬਾਅ ਬਣਾਉਂਦਾ ਹੈ, ਫਿਰ ceasefire ਵਧਾ ਦਿੰਦਾ ਹੈ। ਇਸ ਤਰ੍ਹਾਂ ਦੀਆਂ ਨੀਤੀਆਂ ਨਾਲ ਅਮਰੀਕਾ ਦੀ ਸਾਖ ਕਮਜ਼ੋਰ ਹੁੰਦੀ ਹੈ। ਦੁਨੀਆ ਇਹ ਵੇਖ ਰਹੀ ਹੈ ਕਿ ਵੱਡੀਆਂ ਧਮਕੀਆਂ ਦੇ ਬਾਵਜੂਦ ਅਮਰੀਕਾ ਇਰਾਨ ਨੂੰ ਆਪਣੀਆਂ ਸ਼ਰਤਾਂ ‘ਤੇ ਨਹੀਂ ਲਿਆ ਸਕਿਆ। ਅੰਤਰਰਾਸ਼ਟਰੀ ਮੀਡੀਆ ਵਿੱਚ ਵੀ ਇਹ ਗੱਲ ਆ ਰਹੀ ਹੈ ਕਿ ਜੰਗ ਦੇ ਮੈਦਾਨ ਵਿੱਚ ਅਮਰੀਕੀ ਰਣਨੀਤੀ ਨੂੰ ਚੁਣੌਤੀ ਮਿਲੀ ਹੈ ਅਤੇ ਉਸਦੀ ਹਕੂਮਤੀ ਭਾਸ਼ਾ ਦੀ ਧਾਕ ਪਹਿਲਾਂ ਜਿਹੀ ਨਹੀਂ ਰਹੀ।
ਪਰ ਇਸ ਪੂਰੀ ਜੰਗ ਵਿੱਚ ਸਭ ਤੋਂ ਵੱਡੀ ਗੱਲ ਇਰਾਨ ਦੀ ਜਨਤਾ ਦਾ ਮਨੋਬਲ ਹੈ। ਜਦੋਂ ਕੋਈ ਦੇਸ਼ ਬਾਹਰੀ ਹਮਲਿਆਂ ਦੇ ਬਾਵਜੂਦ ਟੁੱਟਦਾ ਨਹੀਂ, ਤਾਂ ਉਸਦਾ ਕਾਰਨ ਸਿਰਫ਼ ਫੌਜ ਨਹੀਂ ਹੁੰਦੀ, ਸਗੋਂ ਲੋਕਾਂ ਦਾ ਜਜ਼ਬਾ ਹੁੰਦਾ ਹੈ। ਇਰਾਨ ਦੇ ਲੋਕਾਂ ਨੇ ਇਹ ਸੰਦੇਸ਼ ਦਿੱਤਾ ਹੈ ਕਿ ਜੇ ਦੇਸ਼ ਉੱਤੇ ਹਮਲਾ ਹੋਵੇ ਤਾਂ ਉਹ ਡਰ ਕੇ ਘਰਾਂ ਵਿੱਚ ਨਹੀਂ ਬੈਠਣਗੇ। ਇਹ ਮਨੋਬਲ ਹੀ ਉਹ ਤਾਕਤ ਹੈ ਜੋ ਵੱਡੇ ਵੱਡੇ ਹਥਿਆਰਾਂ ਨੂੰ ਵੀ ਨਾਕਾਮ ਕਰ ਸਕਦੀ ਹੈ। ਜੇ ਜਨਤਾ ਦਾ ਮਨੋਬਲ ਉੱਚਾ ਹੋਵੇ ਤਾਂ ਵਿਰੋਧੀ ਦੇ ਸਭ ਤੋਂ ਵੱਡੇ ਹਥਿਆਰ ਵੀ ਮਨੁੱਖੀ ਇਰਾਦੇ ਨੂੰ ਨਹੀਂ ਤੋੜ ਸਕਦੇ।
ਇਸ ਜੰਗ ਨੇ ਇੱਕ ਹੋਰ ਸੱਚਾਈ ਵੀ ਬੇਨਕਾਬ ਕੀਤੀ ਹੈ ਕਿ ਤਕਨਾਲੋਜੀ ਅਤੇ ਫੌਜੀ ਤਾਕਤ ਸਭ ਕੁੱਝ ਨਹੀਂ ਹੁੰਦੇ। ਅਮਰੀਕਾ ਕੋਲ ਦੁਨੀਆ ਦੀ ਸਭ ਤੋਂ ਅਧੁਨਿਕ ਹਵਾਈ ਫੌਜ ਹੈ, ਸਭ ਤੋਂ ਵੱਧ ਹਥਿਆਰ ਹਨ, ਪਰ ਫਿਰ ਵੀ ਉਹ ਇਰਾਨ ਦੀ ਰਾਜਨੀਤਕ ਇੱਛਾ ਸ਼ਕਤੀ ਨੂੰ ਨਹੀਂ ਤੋੜ ਸਕਿਆ। ਇਸਦਾ ਮਤਲਬ ਹੈ ਕਿ ਜੰਗ ਵਿੱਚ ਸਿਰਫ਼ ਬੰਬ ਨਹੀਂ, ਮਨੋਬਲ ਵੀ ਮੈਦਾਨ ਜਿੱਤਦਾ ਹੈ। ਇਰਾਨ ਨੇ ਇਹ ਸਾਬਤ ਕੀਤਾ ਹੈ ਕਿ ਜੇ ਕੋਈ ਰਾਸ਼ਟਰ ਮਰਨ ਮਿਟਣ ਲਈ ਤਿਆਰ ਹੋਵੇ ਤਾਂ ਉਸਨੂੰ ਆਸਾਨੀ ਨਾਲ ਝੁਕਾਇਆ ਨਹੀਂ ਜਾ ਸਕਦਾ।
ਕੁੱਲ ਮਿਲਾ ਕੇ ਇਹ ਜੰਗ ਇੱਕ ਵੱਡਾ ਸੰਦੇਸ਼ ਦੇ ਰਹੀ ਹੈ—ਅਮਰੀਕਾ ਭਾਵੇਂ ਸੈਨਿਕ ਤਾਕਤ ਵਿੱਚ ਵੱਡਾ ਹੋਵੇ, ਪਰ ਹਰ ਜੰਗ ਉਸਦੀ ਮਰਜ਼ੀ ਅਨੁਸਾਰ ਨਹੀਂ ਚੱਲ ਸਕਦੀ। ਇਰਾਨ ਭਾਵੇਂ ਆਰਥਿਕ ਅਤੇ ਸੈਨਿਕ ਨੁਕਸਾਨ ਝੱਲੇ, ਪਰ ਉਸਨੇ ਇਹ ਦਿਖਾ ਦਿੱਤਾ ਹੈ ਕਿ ਡਟ ਕੇ ਖੜ੍ਹੇ ਰਹਿਣ ਨਾਲ ਵੱਡੀ ਤਾਕਤ ਦਾ ਅਹੰਕਾਰ ਵੀ ਟੁੱਟ ਸਕਦਾ ਹੈ। ਇਸ ਮਾਇਨੇ ਵਿੱਚ ਕਿਹਾ ਜਾ ਸਕਦਾ ਹੈ ਕਿ ਜੇ ਇਰਾਨ ਮੈਦਾਨ ਵਿੱਚ ਕਮਜ਼ੋਰ ਵੀ ਪੈ ਜਾਵੇ, ਫਿਰ ਵੀ ਉਸਨੇ ਅਮਰੀਕਾ ਦੀ ਸੁਪਰ ਪਾਵਰ ਵਾਲੀ ਛਵੀ ਨੂੰ ਵੱਡਾ ਝਟਕਾ ਦਿੱਤਾ ਹੈ। ਇਹੀ ਉਸਦੀ ਸਭ ਤੋਂ ਵੱਡੀ ਜਿੱਤ ਹੈ—ਕਿਉਂਕਿ ਕਈ ਵਾਰ ਜੰਗ ਮੈਦਾਨ ਵਿੱਚ ਨਹੀਂ, ਮਨੋਵਿਗਿਆਨਕ ਪੱਧਰ ‘ਤੇ ਜਿੱਤੀ ਜਾਂਦੀ ਹੈ।

