Punjab
ਪ੍ਰੇਰਣਾ ਸਰੋਤ ‘ਪੱਪੂ’ ਹੋ ਗਿਆ ਤੇ ਪੱਗ ਬੰਨ੍ਹਣ ਦੀ ਪ੍ਰੇਰਣਾ ਦੇਣ ਵਾਲਾ ਹੀ ਪੱਗ ਲਾਹੁਣ ਲੱਗਾ!
ਰਾਜਨੀਤੀ ਇੱਕ ਨਿਵੇਕਲਾ ਤੇ ਦਿਲਚਸਪ ਖੇਤਰ ਹੈ। ਇਸ ਖੇਤਰ ਵਿੱਚ ਵਿਚਰਦੇ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਆਮ ਲੋਕਾਂ ਦੀ ਯਾਦਾਸ਼ਤ ਕਮਜ਼ੋਰ ਹੁੰਦੀ ਹੈ ਅਤੇ ਜਨਤਾ ਪਿਛਲੇ ਸਮੇਂ ਦੀਆਂ ਸਾਰੀਆਂ ਗੱਲਾਂ ਭੁੱਲ ਜਾਂਦੀ ਹੈ। ਕਈ ਸਿਆਸਤਦਾਨ ਤਾਂ ਰੰਗ ਬਦਲਣ ਵਿੱਚ ਗਿਰਗਟ ਨੂੰ ਵੀ ਪਿੱਛੇ ਛੱਡ ਰਹੇ ਹਨ।
ਦਲ ਬਦਲਣ ਵਾਲਾ ਤਕਰੀਬਨ ਹਰ ਨੇਤਾ ਜਿਸ ਪਾਰਟੀ ਵਿੱਚ ਜਾਂਦਾ ਹੈ, ਉਸਦੇ ਸੋਹਿਲੇ ਗਾਉਣ ਲੱਗ ਪੈਂਦਾ ਹੈ ਅਤੇ ਪਿਛਲੀ ਪਾਰਟੀ ਦੀਆਂ ਖਾਮੀਆਂ ਗਿਣਾਉਣ ਲੱਗ ਜਾਂਦਾ ਹੈ। ਪਰ ਪੰਜਾਬ ਦੇ ਕੁਝ ਨੇਤਾ ਤਾਂ ਲੋਕਾਂ ਨੂੰ ਹੱਦ ਤੋਂ ਵੱਧ ਭੁਲੱਕੜ ਸਮਝਦੇ ਹਨ। ਇਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ, ਨਵਜੋਤ ਕੌਰ ਸਿੱਧੂ ਅਤੇ ਰਵਨੀਤ ਸਿੰਘ ਬਿੱਟੂ ਦੇ ਨਾਮ ਖਾਸ ਤੌਰ ‘ਤੇ ਲਏ ਜਾ ਸਕਦੇ ਹਨ।
ਪਹਿਲਾਂ ਗੱਲ ਕਰੀਏ ਸਿੱਧੂ ਜੋੜੇ ਦੀ। ਨਵਜੋਤ ਸਿੰਘ ਸਿੱਧੂ ਜਦੋਂ ਭਾਜਪਾ ਵਿੱਚ ਸਨ ਤਾਂ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ‘ਤੇ ਮਜ਼ਾਹੀਆ ਤੰਜ ਕੱਸਦੇ ਰਹੇ। ਸੋਨੀਆ ਗਾਂਧੀ ਬਾਰੇ ਤਿੱਖੇ ਸ਼ਬਦ ਵੀ ਵਰਤੇ ਜਾਂਦੇ ਸਨ। ਪਰ ਜਦੋਂ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਤਾਂ ਉਹੀ ਨੇਤਾ ਕਾਂਗਰਸ ਦੇ ਸੋਹਿਲੇ ਗਾਉਣ ਲੱਗ ਪਏ। ਪ੍ਰਿਯੰਕਾ ਗਾਂਧੀ ਨੂੰ ਆਪਣੀ ਭੈਣ ਦੱਸਣ ਅਤੇ ਰਾਹੁਲ ਗਾਂਧੀ ਨੂੰ ਆਪਣਾ ਪ੍ਰੇਰਣਾ ਸਰੋਤ ਕਹਿਣ ਲੱਗ ਪਏ।
ਹੁਣ ਜਦੋਂ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿੱਚੋਂ ਬਾਹਰ ਕੀਤਾ ਗਿਆ ਤਾਂ ਉਹੀ ਪ੍ਰੇਰਣਾ ਸਰੋਤ “ਪੱਪੂ” ਬਣ ਗਿਆ ਅਤੇ ਰਾਹੁਲ ਗਾਂਧੀ ‘ਤੇ ਤਿੱਖੇ ਹਮਲੇ ਕੀਤੇ ਗਏ। ਭਾਵੇਂ ਇਹ ਸ਼ਬਦ ਨਵਜੋਤ ਕੌਰ ਸਿੱਧੂ ਨੇ ਬੋਲੇ, ਪਰ ਇਹ ਵੀ ਸੱਚ ਹੈ ਕਿ ਇਹ ਬਿਆਨ ਪੂਰੀ ਤਰ੍ਹਾਂ ਵੱਖਰੇ ਸਟੈਂਡ ਨਾਲ ਨਹੀਂ ਦਿੱਸਦੇ। ਕਾਂਗਰਸ ਵਿੱਚ ਰਹਿੰਦੇ ਹੋਏ ਜਿਹੜੀਆਂ ਭਾਜਪਾ ਦੀਆਂ ਖਾਮੀਆਂ ਦਿੱਸਦੀਆਂ ਸਨ, ਹੁਣ ਉਸਦੀਆਂ ਖੂਬੀਆਂ ਨਜ਼ਰ ਆਉਣ ਲੱਗੀਆਂ ਹਨ।
ਇਸੇ ਤਰ੍ਹਾਂ ਰੰਗ ਬਦਲਣ ਦੇ ਦੋਸ਼ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਵੀ ਲੱਗ ਰਹੇ ਹਨ। ਜਦੋਂ ਉਹ ਕਾਂਗਰਸ ਵਿੱਚ ਸਨ ਤਾਂ ਰਾਹੁਲ ਗਾਂਧੀ ਦੀ ਖੂਬ ਤਾਰੀਫ਼ ਕਰਦੇ ਸਨ। ਲੋਕ ਇੰਨੇ ਭੁਲੱਕੜ ਨਹੀਂ ਜਿੰਨਾ ਕੁਝ ਸਿਆਸਤਦਾਨ ਸਮਝਦੇ ਹਨ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ—ਨਵੀਆਂ ਵੀਡੀਓ ਦੇ ਨਾਲ ਪੁਰਾਣੀਆਂ ਵੀਡੀਓ ਵੀ ਤੁਰੰਤ ਸਾਹਮਣੇ ਆ ਜਾਂਦੀਆਂ ਹਨ।
ਇੱਕ ਪੁਰਾਣੀ ਵੀਡੀਓ ਵਿੱਚ ਰਵਨੀਤ ਬਿੱਟੂ ਕਹਿੰਦੇ ਸੁਣੇ ਗਏ ਕਿ ਉਨ੍ਹਾਂ ਨੂੰ ਪੱਗ ਬੰਨ੍ਹਣ ਦੀ ਪ੍ਰੇਰਣਾ ਰਾਹੁਲ ਗਾਂਧੀ ਤੋਂ ਮਿਲੀ ਸੀ। ਪਰ ਹੁਣ ਇੱਕ ਹੋਰ ਵੀਡੀਓ ਚੱਲ ਰਹੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਰਾਹੁਲ ਗਾਂਧੀ ਉਨ੍ਹਾਂ ਦੀ ਪੱਗ ਲਾਹੁਣ ਵਾਲੇ ਸਨ ਅਤੇ ਪੱਗਾਂ ਵਾਲਿਆਂ ਨਾਲ ਨਫਰਤ ਕਰਦੇ ਹਨ।
ਅਸਲ ਵਿੱਚ ਸੰਸਦ ਦੇ ਬਾਹਰ ਹੋਈ ਇਕ ਤਕਰਾਰ ਵਿੱਚ ਰਾਹੁਲ ਗਾਂਧੀ ਨੇ ਛੇੜਦਿਆਂ “ਗਦਾਰ ਦੋਸਤ” ਕਿਹਾ ਅਤੇ ਹੱਥ ਮਿਲਾਉਣ ਲਈ ਹੱਥ ਵਧਾਇਆ ਸੀ, ਪਰ ਰਵਨੀਤ ਬਿੱਟੂ ਬਿਨਾਂ ਹੱਥ ਮਿਲਾਏ ਅੱਗੇ ਲੰਘ ਗਏ ਅਤੇ ਤਿੱਖੇ ਸ਼ਬਦ ਕਹੇ। ਇਸ ਘਟਨਾ ਵਿੱਚ ਪੱਗ ਲਾਹੁਣ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਉਂਦੀ।
ਅਸੀਂ ਰਾਹੁਲ ਗਾਂਧੀ ਵੱਲੋਂ ਵਰਤੇ ਗਏ ਸ਼ਬਦਾਂ ਨੂੰ ਵੀ ਜਾਇਜ਼ ਨਹੀਂ ਮੰਨਦੇ। ਉਨ੍ਹਾਂ ਨੂੰ ਆਪਣੇ ਰੁਤਬੇ ਦੇ ਅਨੁਸਾਰ ਹੀ ਬੋਲਣਾ ਚਾਹੀਦਾ ਹੈ। ਪਰ ਨਾਲ ਹੀ ਰਵਨੀਤ ਸਿੰਘ ਬਿੱਟੂ ਵੱਲੋਂ ਇਸ ਤਕਰਾਰ ਨੂੰ ਪੱਗ ਅਤੇ ਧਾਰਮਿਕ ਭਾਵਨਾਵਾਂ ਨਾਲ ਜੋੜਨਾ ਵੀ ਠੀਕ ਨਹੀਂ ਮੰਨਿਆ ਜਾ ਸਕਦਾ।
ਸਿਆਣੇ ਕਹਿੰਦੇ ਹਨ ਕਿ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਪਿੱਛੇ ਮੁੜਨ ਲਈ ਵੀ ਥਾਂ ਛੱਡ ਕੇ ਚੱਲਣਾ ਚਾਹੀਦਾ ਹੈ। ਅਤੇ ਇਹ ਵੀ ਕਿਹਾ ਜਾਂਦਾ ਹੈ—“ਸੱਜਣ ਛੱਡੀਏ ਰੰਗ ਸਿਓ, ਫਿਰ ਆਵਨ ਕੰਮ।”
ਆਖ਼ਰ ਵਿੱਚ ਇਹੀ ਕਹਿਣਾ ਬਣਦਾ ਹੈ ਕਿ ਸਿਆਸਤਦਾਨ ਲੋਕਾਂ ਨੂੰ ਬੁੱਧੂ ਨਾ ਸਮਝਣ—“ਯੇ ਪਬਲਿਕ ਹੈ, ਸਭ ਜਾਣਤੀ ਹੈ।”

ਕੁਲਵੰਤ ਸਿੰਘ ਗੱਗੜਪੁਰੀ
