Punjab
ਅਕਾਲੀ ਵਰਕਰ ਘੱਟ ਤੇ ਜੇਬ ਕਤਰੇ ਵੱਧ ਸਨ ਅਕਾਲੀ ਦਲ ਦੇ ਧਰਨੇ ਵਿੱਚ!
ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਯੋਜਨਾ ਦਾ ਵਿਰੋਧ ਕਰਦਿਆਂ ਕੱਲ੍ਹ ਮੋਹਾਲੀ ਦੇ ਪੁੱਡਾ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਧਰਨੇ ਵਿੱਚ ਅਕਾਲੀ ਵਰਕਰਾਂ ਨਾਲੋਂ ਵੱਧ ਜੇਬ ਕਤਰੇ ਸ਼ਾਮਲ ਸਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਮੁੱਖ ਅਕਾਲੀ ਆਗੂ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਦੱਸਿਆ ਕਿ ਧਰਨੇ ਵਿੱਚ ਅਕਾਲੀ ਵਰਕਰਾਂ ਦੀਆਂ ਜੇਬਾਂ ਕੱਟ ਕੇ 50 ਲੱਖ ਦੇ ਕਰੀਬ ਰੁਪਏ ਜੇਬ ਕਤਰੇ ਲੈ ਗਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਕ ਅਕਾਲੀ ਆਗੂ ਮਨਵੀਰ ਸਿੰਘ ਦਾ 12 ਲੱਖ ਰੁਪਏ ਦਾ ਮੋਬਾਇਲ ਫੋਨ ਵੀ ਜੇਬ ਕਤਰੇ ਲੈ ਗਏ। ਇਹ ਦੱਸਿਆ ਗਿਆ ਕਿ ਇੱਕ ਵਰਕਰ ਦੇ ਸਵਾ ਲੱਖ ਰੁਪਏ ਜੇਬਾਂ ਕੱਟਣ ਵਾਲੇ ਲੈ ਗਏ।
ਹੁਣ ਜੇਕਰ ਸ਼ਮਸ਼ੇਰ ਸਿੰਘ ਦੇ ਦਾਅਵੇ ਨੂੰ ਸੱਚ ਮੰਨ ਲਿਆ ਜਾਵੇ ਕਿ ਧਰਨੇ ਵਿਚੋਂ ਅਕਾਲੀ ਵਰਕਰਾਂ ਦੀਆਂ ਜੇਬਾਂ ਕੱਟ ਕੇ ਜੇਬ ਕਤਰੇ 50 ਲੱਖ ਰੁਪਏ ਲੁੱਟ ਕੇ ਲੈ ਗਏ ਤਾਂ ਇੱਥੇ ਕੁੱਝ ਸਵਾਲ ਖੜ੍ਹੇ ਹੁੰਦੇ ਹਨ । ਪਹਿਲਾ ਇਹ ਕਿ ਧਰਨੇ ਵਿੱਚ ਜੇਬ ਕਤਰੇ ਕਿੰਨੇ ਸਨ? ਦੂਜਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ 50 ਅਕਾਲੀ ਵਰਕਰਾਂ ਦੀਆਂ ਜੇਬਾਂ ਕੱਟੀਆਂ ਗਈਆਂ ਹੋਣ ਤਾਂ ਕੀ ਹਰੇਕ ਬੰਦੇ ਦੀ ਜੇਬ ਵਿੱਚ ਲੱਖ ਲੱਖ ਰੁਪਏ ਸਨ? ਜੇਕਰ ਇਹ ਮੰਨ ਲਿਆ ਜਾਵੇ ਕਿ ਸੌ ਵਰਕਰਾਂ ਦੀਆਂ ਜੇਬਾਂ ਕੱਟੀਆਂ ਗਈਆਂ ਹੋਣ ਤਾਂ ਹਰੇਕ ਵਿਅਕਤੀ ਦੀ ਜੇਬ ਵਿੱਚ 50- 50 ਹਜ਼ਾਰ ਰੁਪਏ ਸਨ।
ਇਹ ਵੀ ਸਵਾਲ ਖੜ੍ਹਾ ਹੁੰਦਾ ਹੈ ਕਿ ਅਕਾਲੀ ਵਰਕਰਾਂ ਕੋਲ ਇੰਨਾਂ ਪੈਸਾ ਹੈ ਕਿ ਉਹ ਲੱਖਾਂ ਰੁਪਏ ਜੇਬਾਂ ਵਿੱਚ ਪਾ ਕੇ ਤੁਰੇ ਫਿਰਦੇ ਹਨ? ਸਵਾਲ ਇਹ ਵੀ ਬਣਦਾ ਹੈ ਕਿ 12 ਲੱਖ ਰੁਪਏ ਦਾ ਮੋਬਾਇਲ ਅਕਾਲੀ ਆਗੂ ਜੇਬ ਵਿੱਚ ਪਾ ਕੇ ਭੀੜ ਵਿੱਚ ਤੁਰਿਆ ਫਿਰਦਾ ਸੀ? ਇੰਨਾ ਮਹਿੰਗਾ ਫ਼ੋਨ ਵੀ ਹੁੰਦਾ ਹੈ ਮੈਂ ਤਾਂ ਪਹਿਲੀ ਵਾਰ ਸੁਣਿਆ ਹੈ। ਆਈ ਫੋਨ ਵੱਧ ਤੋਂ ਵੱਧ ਡੇਢ ਲੱਖ ਰੁਪਏ ਦੀ ਕੀਮਤ ਦੇ ਲੋਕਾਂ ਕੋਲ ਵੇਖੇ ਜਾਂਦੇ ਹਨ ਅਤੇ ਇਨ੍ਹਾਂ ਮੋਬਾਇਲਾਂ ਨੂੰ ਲੋਕ ਆਪਣੀ ਜਾਨ ਤੋਂ ਵੱਧ ਸੰਭਾਲ ਕੇ ਰੱਖਦੇ ਹਨ। ਧਰਨੇ ਦੇ ਮੰਚ ‘ਤੇ ਵੱਡੀ ਗਿਣਤੀ ਵਿੱਚ ਲੱਭੇ ਹੋਏ ਪਰਸ ਇਕੱਠੇ ਹੋ ਗਏ ਸਨ ਅਤੇ ਮੰਚ ਤੋਂ ਅਨਾਉਂਸਮੈਂਟ ਕਰਕੇ ਲੋਕਾਂ ਦੇ ਪਰਸ ਦਿੱਤੇ ਜਾ ਰਹੇ ਸਨ।ਜੇਬ ਕਤਰਿਆਂ ਨੇ ਇੱਥੇ ਇੱਕ ਇਮਾਨਦਾਰੀ ਦਿਖਾਈ ਕਿ ਉਹ ਬਟੂਵਿਆਂ ਵਿੱਚੋਂ ਕੇਵਲ ਪੈਸੇ ਕੱਢ ਕੇ ਬਟੂਵੇ ਉੱਥੇ ਹੀ ਸੁੱਟ ਗਏ ਅਤੇ ਲੋਕਾਂ ਦੇ ਲਾਇਸੈਂਸ ਵਗੈਰਾ ਬਚ ਗਏ। ਇੰਨੇ ਜੇਬ ਕਤਰੇ ਆਏ ਕਿੱਥੋਂ? ਕਿਤੇ ਇੰਝ ਤਾਂ ਨਹੀਂ ਕਿ ਧਰਨੇ ਵਿੱਚ ਗਿਣਤੀ ਵਧਾਉਣ ਲਈ ਭਾੜੇ ‘ਤੇ ਲੋਕ ਲਿਆਂਦੇ ਗਏ ਸਨ ਤੇ ਉਨ੍ਹਾਂ ਭਾੜੇ ਦੇ ਲੋਕਾਂ ਵਿੱਚ ਜੇਬ ਕਤਰੇ ਵੀ ਆ ਗਏ ਹੋਣ।
ਇਸ ਸੰਬੰਧ ਵਿੱਚ ਅਕਾਲੀ ਆਗੂਆਂ ਨੇ ਸਥਾਨਕ ਥਾਣੇ ਵਿੱਚ ਡੀ ਡੀ ਆਰ ਦਰਜ ਕਰਵਾ ਦਿੱਤੀ ਹੈ। ਜੇਕਰ ਇਹ ਗੱਲ ਸੱਚ ਹੈ ਕਿ ਧਰਨੇ ਵਿੱਚ ਐਨੀ ਵੱਡੀ ਪੱਧਰ ‘ਤੇ ਜੇਬਾਂ ਕੱਟੀਆਂ ਗਈਆਂ ਹਨ ਤਾਂ ਸਾਨੂੰ ਇਸ ਤੋਂ ਸਬਕ ਸਿੱਖਣ ਦੀ ਲੋੜ ਹੈ ਕਿ ਭੀੜਭਾੜ ਵਾਲੇ ਪ੍ਰੋਗਰਾਮਾਂ ਵਿੱਚ ਨਕਦੀ ਅਤੇ ਮਹਿੰਗੇ ਫ਼ੋਨ ਲੈ ਕੇ ਨਹੀਂ ਜਾਣਾ ਚਾਹੀਦਾ।
ਕੁਲਵੰਤ ਸਿੰਘ ਗੱਗੜਪੁਰੀ

