Uncategorized
18-44 ਉਮਰ ਵਰਗ ਦੇ ਉਸਾਰੂ ਕਾਮਿਆਂ ਲਈ ਟੀਕਾਕਰਨ ਮੁਹਿੰਮ ਲੁਧਿਆਣਾ ‘ਚ ਸ਼ੁਰੂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਲੁਧਿਆਣਾ ਵਿਚ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੂ ਕਾਮਿਆਂ ਲਈ ਕੋਵਿਡ ਟੀਕਾਕਰਨ ਮੁਹਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਗਿੱਲ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੀ ਮੌਜੂਦ ਸਨ। ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਕੋਰੋਨਾ ਵਾਇਰਸ ਦਾ ਸਾਹਮਣਾ ਕਰਨ ਅਤੇ ਇਸ ਨਾਲ ਨਜਿੱਠਣ ਦਾ ਇੱਕੋ-ਇੱਕ ਢੰਗ ਹੈ। ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਜੇ. ਐਲਨਚੇਜੀਅਨ ਤੇ ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਦੀ ਹਾਜ਼ਰੀ ‘ਚ ਉਨ੍ਹਾਂ ਕਿਹਾ ਕਿ ਉਸਾਰੂ ਕਾਮਿਆਂ ਨੂੰ ਉੱਚ ਜੋਖਮ ਵਾਲੀ ਸ਼੍ਰੇਣੀ ‘ਚ ਸ਼ਾਮਲ ਕੀਤਾ ਗਿਆ ਹੈ ਤੇ ਉਨ੍ਹਾਂ ਦਾ ਤਰਜ਼ੀਹੀ ਆਧਾਰ ‘ਤੇ ਟੀਕਾਕਰਨ ਕੀਤਾ ਜਾਵੇਗਾ।
ਸ੍ਰੀ ਬਿੰਦਰਾ ਨੇ ਕਿਹਾ ਕਿ ਇਹ ਟੀਕਾ ਕੋਰੋਨਾ ਲਾਗ ਤੋਂ ਬਚਾਅ ਕਰੇਗਾ ਤੇ ਜੇ ਪਰਸਪਰ ਪ੍ਰਭਾਵ ਕਾਰਨ ਇਹ ਲਾਗ ਲੱਗ ਜਾਂਦਾ ਹੈ, ਤਾਂ ਇਹ ਲਾਗ ਵਧੇਰੇ ਅਸਰਦਾਰ ਨਹੀਂ ਹੋਵੇਗਾ। ਪੀਵਾਈਡੀਬੀ ਦੇ ਚੇਅਰਮੈਨ ਨੇ ਕਿਹਾ ਕਿ ਬੋਰਡ ਪਹਿਲਾਂ ਹੀ ਸੂਬੇ ਵਿੱਚ 33 ਟੀਕਾਕਰਨ ਕੈਂਪ ਲਗਾ ਚੁੱਕਾ ਹੈ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜ ਦੇ ਹਿੱਤ ਨੂੰ ਧਿਆਨ ‘ਚ ਰੱਖਦਿਆਂ ਆਪਣੇ ਆਪ ਨੂੰ ਟੀਕਾ ਲਗਵਾਉਣ। ਸਾਰੇ ਪਤਵੰਤਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਜ਼ਦੀਕੀ ਸਰਕਾਰੀ/ਨਿੱਜੀ ਸਿਹਤ ਸੰਸਥਾਵਾਂ ਵਿੱਚ ਵੱਡੀ ਗਿਣਤੀ ਵਿੱਚ ਟੀਕਾ ਲਗਵਾਕੇ ਮਹਾਂਮਾਰੀ ਦੀ ਜਲਦ ਤੋਂ ਜਲਦ ਰੋਕਥਾਮ ਲਈ ਪ੍ਰਸ਼ਾਸਨ ਦਾ ਸਾਥ ਦੇਣ। ਲੁਧਿਆਣਾ ਵਿੱਚ 25000 ਰਜਿਸਟਰਡ ਉਸਾਰੂ ਕਾਮੇ ਹਨ ਅਤੇ ਇਹਨਾਂ ਨੂੰ ਤਰਜ਼ੀਹੀ ਆਧਾਰ ‘ਤੇ ਕਵਰ ਕੀਤਾ ਜਾਵੇਗਾ।