Connect with us

India

ਕੀ ਕੰਗਨਾ ਨਾਲ ਭਾਜਪਾ ਨੇ ਧੋਖਾ ਕੀਤਾ? ਨਾ ਘਰ ਦੀ ਰਹੀ ਨਾ ਘਾਟ ਦੀ !

Published

on

ਕੀ ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਨਾਲ ਭਾਰਤੀ ਜਨਤਾ ਪਾਰਟੀ ਨੇ ਧੋਖਾ ਕੀਤਾ ਹੈ? ਕੰਗਨਾ ਰਣੌਤ ਮੀਡੀਆ ਵਿੱਚ ਸ਼ਰ੍ਹੇਆਮ ਇਸ ਗੱਲ ਦਾ ਦਾਅਵਾ ਪਰ ਰਹੀ ਹੈ ਕਿ ਭਾਜਪਾ ਹਾਈ ਕਮਾਂਡ ਨੇ ਉਸ ਨਾਲ ਡੀਲ ਕਰਕੇ ਚੋਣ ਲੜਾਈ ਸੀ। ਉਹ ਕਹਿੰਦੀ ਹੈ ਕਿ ਉਸਨੂੰ ਕਿਹਾ ਗਿਆ ਸੀ ਕਿ ਤੂੰ ਪਾਰਟ ਟਾਈਮ ਸੰਸਦ ਮੈਂਬਰ ਹੋਵੇਂਗੀ। ਕੰਗਨਾ ਦੇ ਕਹਿਣ ਮੁਤਾਬਕ ਉਸ ਨਾਲ ਡੀਲ ਹੋਈ ਸੀ ਕਿ ਉਸਨੂੰ ਸਾਲ ਵਿੱਚ ਸਿਰਫ 60 -70 ਦਿਨ ਹੀ ਸੰਸਦ ਵਿੱਚ ਅਉਣਾ ਹੋਵੇਗਾ। ਮਤਲਬ ਕਿ ਪਾਰਲੀਮੈਂਟ ਸੈਸ਼ਨ ਦੌਰਾਨ ਹੀ ਸੰਸਦ ਵਿੱਚ ਅਉਣਾ ਹੋਵੇਗਾ। ਕੰਗਨਾ ਇਹ ਵੀ ਕਹਿੰਦੀ ਹੈ ਕਿ ਉਸਨੂੰ ਕਿਹਾ ਗਿਆ ਸੀ ਕਿ ਤੂੰ ਜ਼ਿਆਦਾ ਸਮਾਂ ਫਿਲਮਾਂ ਵਿੱਚ ਅਦਾਕਾਰੀ ਕਰਨ ਲਈ ਦੇ ਸਕਦੀ ਹੈਂ। ਪਿਛਲੇ ਕੁੱਝ ਦਿਨਾਂ ਤੋਂ ਜਿਸ ਤਰ੍ਹਾਂ ਦੇ ਬਿਆਨ ਕੰਗਨਾ ਰਣੌਤ ਵੱਲੋਂ ਦਿੱਤੇ ਜਾ ਰਹੇ ਹਨ ਇਸ ਤੋਂ ਇਹ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਉਸਦਾ ਸਿਆਸਤ ਤੋਂ ਮੋਹ ਭੰਗ ਹੋ ਚੁੱਕਾ ਹੈ। ਕੰਗਨਾ ਰਣੌਤ ਦੇ ਭਾਜਪਾ ਨਾਲ ਡੀਲ ਵਾਲੇ ਬਿਆਨ ਨਾਲ ਭਾਜਪਾ ਦੀ ਵੀ ਬਦਨਾਮੀ ਹੋ ਰਹੀ ਹੈ। ਲੋਕਾਂ ਵਿੱਚ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ ਕਿ ਕੀ ਭਾਜਪਾ ਪਾਰਟ ਟਾਈਮ ਸੰਸਦ ਮੈਂਬਰ ਬਣਾਉਣ ਦਾ ਰੁਝਾਣ ਪੈਦਾ ਕਰ ਰਹੀ ਹੈ ਅਤੇ ਲੋਕਾਂ ਨਾਲ ਧੋਖਾ ਕਰ ਰਹੀ ਹੈ? ਕੰਗਨਾ ਰਣੌਤ ਦੇ ਹਲਕੇ ਮੰਡੀ ਦੇ ਲੋਕ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।

ਹੁਣ ਜਦੋਂ ਮੰਡੀ ਵਿੱਚ ਬੱਦਲ ਫਟਣ ਕਾਰਨ ਕਈ ਲੋਕ ਮਾਰੇ ਗਏ ਸਨ ਤਾਂ ਕੰਗਨਾ ਰਣੌਤ ਪਹਿਲਾਂ ਤਾਂ ਆਪਣੇ ਹਲਕੇ ਵਿੱਚ ਜਾਂਦੀ ਹੀ ਨਹੀਂ ਲੇਕਿਨ ਜਦੋਂ ਉਸਦੀ ਆਲੋਚਨਾ ਹੋਈ ਤਾਂ ਚਾਰ ਪੰਜ ਦਿਨ ਬਾਅਦ ਮੰਡੀ ਗਈ ਤਾਂ ਉੱਥੇ ਜਾ ਕੇ ਜਿਹੜੇ ਬਿਆਨ ਉਸਨੇ ਦਿੱਤੇ ਉਹ ਵੀ ਬੜੇ ਗੈਰ ਜ਼ਿੰਮੇਵਾਰਾਨਾ ਸਨ। ਜਦੋਂ ਮੰਡੀ ਦੇ ਲੋਕ ਉਸਨੂੰ ਦੇਰੀ ਨਾਲ ਆਉਣ ਬਾਰੇ ਪੁੱਛਦੇ ਹਨ ਤਾਂ ਉਹ ਕਹਿੰਦੀ ਹੈ ਕਿ ਉਹ ਕਿਹੜੀ ਕੈਬਨਿਟ ਮੰਤਰੀ ਹੈ ਜਿਸ ਕੋਲ ਤੁਹਾਨੂੰ ਦੇਣ ਲਈ ਕੋਈ ਫੰਡ ਹਨ? ਉਹ ਮੀਡੀਆ ਵਿੱਚ ਇਸ ਗੱਲ ਦਾ ਵੀ ਗਿਲਾ ਕਰਦੀ ਹੈ ਕਿ ਉਸਨੂੰ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ। ਕਦੇ ਉਹ ਕਹਿੰਦੀ ਹੈ ਕਿ ਸੰਸਦ ਮੈਂਬਰ ਬਣਨਾ ਇੱਕ ਮਹਿੰਗਾ ਸ਼ੌਂਕ ਹੈ ਇਸ ਵਿੱਚ ਕੁੱਝ ਨਹੀਂ ਬਚਦਾ। ਹੁਣ ਜਿਵੇਂ ਕੰਗਨਾ ਰਣੌਤ ਬਿਆਨਬਾਜ਼ੀ ਕਰਦੀ ਆ ਰਹੀ ਹੈ ਲੱਗਦਾ ਹੈ ਕਿ ਉਹ ਸਿਆਸਤ ਛੱਡ ਕੇ ਵਾਪਸ ਫਿਲਮਾਂ ਵਿੱਚ ਅਦਾਕਾਰੀ ਕਰਨ ਚਲੀ ਜਾਵੇਗੀ ਪਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਲੋਕ ਹੁਣ ਉਸਨੂੰ ਫਿਲਮਾਂ ਵਿੱਚ ਉਸੇ ਤਰ੍ਹਾਂ ਪਸੰਦ ਕਰਨਗੇ ਜਿਵੇਂ ਕਦੇ ਕਰਦੇ ਹੁੰਦੇ ਸਨ। ਪਿਛਲੇ ਸਮੇਂ ਦੌਰਾਨ ਉਸ ਵੱਲੋਂ ਬਣਾਈਆਂ ਗਈਆਂ ਫਿਲਮਾਂ ਜੈ ਲਲਿਤਾ ਦੀ ਜੀਵਨੀ ਅਤੇ ਐਮਰਜੈਂਸੀ ਆਦਿ ਬੁਰੀ ਤਰ੍ਹਾਂ ਫਲਾਪ ਹੋਈਆਂ ਹਨ। ਇਸਦਾ ਵੱਡਾ ਕਾਰਨ ਇਹ ਹੈ ਕਿ ਸਿਆਸਤ ਵਿੱਚ ਆਉਣ ਲਈ ਜਿਵੇਂ ਉਸਨੇ ਕਿਸਾਨਾਂ ਖਿਲਾਫ ਅਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਅੱਗ ਉਗਲੀ ਲੋਕਾਂ ਨੇ ਉਸਦੀਆਂ ਫ਼ਿਲਮਾਂ ਵੇਖਣੀਆਂ ਹੀ ਬੰਦ ਕਰ ਦਿੱਤੀਆਂ। ਉਸਦੀਆਂ ਫ਼ਿਲਮਾਂ ਜ਼ਿਆਦਾਤਰ ਪੰਜਾਬੀਆਂ ਵੱਲੋਂ ਪਸੰਦ ਕੀਤੀਆਂ ਜਾਂਦੀਆਂ ਸਨ ਲੇਕਿਨ ਕਿਸਾਨਾਂ ਖਿਲਾਫ ਬਿਆਨਬਾਜ਼ੀ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਉਸਦੀਆਂ ਫ਼ਿਲਮਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਤਨੂ ਵੈੱਡਸ ਮਨੂ ਅਤੇ ਕਵੀਨ ਫਿਲਮਾਂ ਵਿੱਚ ਉਸਨੇ ਕਮਾਲ ਦੀ ਅਦਾਕਾਰੀ ਕੀਤੀ ਸੀ। ਪਰ ਸਿਆਸਤ ਵਿੱਚ ਆ ਕੇ ਕੰਗਨਾ ਦਾ ਹਾਲ ਧੋਬੀ ਦੇ ਕੁੱਤੇ ਵਾਲਾ ਹੋ ਗਿਆ ਹੈ ਉਹ ਨਾ ਸਿਆਸਤ ਵਿੱਚ ਸਫ਼ਲ ਹੋ ਪਾਈ ਹੈ ਅਤੇ ਸਿਆਸਤ ਕਾਰਨ ਉਸਨੂੰ ਲੋਕਾਂ ਨੇ ਅਦਾਕਾਰ ਵਜੋਂ ਨਕਾਰਨਾ ਸ਼ੁਰੂ ਕਰ ਦਿੱਤਾ ਹੈ। ਇਹ ਤਾਂ ਉਹ ਗੱਲ ਹੋਈ,” ਕਾਉਵਾ ਚਲਾ ਹੰਸ ਕੀ ਚਾਲ ਅਪਨੀ ਭੀ ਖੋ ਬੈਠਾ।”

ਕੁਲਵੰਤ ਸਿੰਘ ਗੱਗੜਪੁਰੀ