Connect with us

Uncategorized

ਟਰੰਪ ਦੀ ਜੰਗਬੰਦੀ ਕੂਟਨੀਤੀ ਪਿੱਛੇ ਵੱਡੀ ਰਣਨੀਤਿਕ ਖੇਡ- ਸਟ੍ਰੇਟ ਆਫ ਹਰਮੂਜ਼ ਤੋਂ ਬਾਅਦ ਮਲੱਕਾ ਸਟ੍ਰੇਟ ਵੱਲ ਨਜ਼ਰਾਂ!

Published

on

ਦੁਨੀਆ ਦੀ ਰਾਜਨੀਤੀ ਵਿੱਚ ਵੱਡੀਆਂ ਤਾਕਤਾਂ ਜੰਗ ਸਿਰਫ਼ ਮੈਦਾਨ ਵਿੱਚ ਨਹੀਂ ਲੜਦੀਆਂ, ਉਹ ਸਮੁੰਦਰੀ ਰਸਤਿਆਂ, ਵਪਾਰਕ ਲਾਂਘਿਆਂ ਅਤੇ ਰਣਨੀਤਿਕ ਸਾਂਝਾ ਰਾਹੀਂ ਵੀ ਆਪਣਾ ਦਬਦਬਾ ਬਣਾਉਂਦੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਾ ਰਣਨੀਤੀ ਨੂੰ ਵੇਖ ਕੇ ਇਹੀ ਲੱਗਦਾ ਹੈ ਕਿ ਇੱਕ ਪਾਸੇ ਉਹ ਇਰਾਨ ਨਾਲ ਜੰਗਬੰਦੀ ਦੀ ਗੱਲ ਕਰ ਰਹੇ ਹਨ, ਪਰ ਦੂਜੇ ਪਾਸੇ ਏਸ਼ੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤੇ ਮਲੱਕਾ ਸਟ੍ਰੇਟ ‘ਤੇ ਆਪਣੀ ਪਕੜ ਮਜ਼ਬੂਤ ਕਰਨ ਦੀ ਯੋਜਨਾ ਵੀ ਅੱਗੇ ਵਧਾ ਰਹੇ ਹਨ।
ਹਾਲ ਹੀ ਵਿੱਚ ਅਮਰੀਕਾ ਅਤੇ ਇੰਡੋਨੇਸ਼ੀਆ ਵਿਚਾਲੇ ਹੋਇਆ ਰੱਖਿਆ ਸਮਝੌਤਾ ਸਿਰਫ਼ ਇੱਕ ਆਮ ਸੁਰੱਖਿਆ ਸਾਂਝ ਨਹੀਂ ਲੱਗਦਾ। ਜਦੋਂ ਦੁਨੀਆ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਅਤੇ ਜੰਗਬੰਦੀ ਦੀਆਂ ਕੋਸ਼ਿਸ਼ਾਂ ਵੱਲ ਦੇਖ ਰਹੀ ਹੈ, ਉਸੇ ਵੇਲੇ ਇੰਡੋਨੇਸ਼ੀਆ ਨਾਲ ਰੱਖਿਆ ਸਾਂਝ ਅਮਰੀਕਾ ਦੀ ਇੱਕ ਵੱਡੀ ਰਣਨੀਤਿਕ ਚਾਲ ਵਜੋਂ ਸਾਹਮਣੇ ਆ ਰਹੀ ਹੈ।
ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਮਲੱਕਾ ਸਟ੍ਰੇਟ, ਜੋ ਹਿੰਦ ਮਹਾਂਸਾਗਰ ਨੂੰ ਦੱਖਣੀ ਚੀਨ ਸਮੁੰਦਰ ਨਾਲ ਜੋੜਦਾ ਹੈ। ਇਹ ਉਹ ਰਸਤਾ ਹੈ ਜਿਸ ਰਾਹੀਂ ਚੀਨ ਦਾ ਲਗਭਗ 80 ਫੀਸਦੀ ਤੇਲ ਅਤੇ ਭਾਰਤ ਦੇ ਵੱਡੇ ਪੱਧਰ ਦਾ ਸਮੁੰਦਰੀ ਵਪਾਰ ਹੁੰਦਾ ਹੈ। ਜਪਾਨ, ਦੱਖਣੀ ਕੋਰੀਆ, ਮਲੇਸ਼ੀਆ, ਸਿੰਗਾਪੁਰ ਅਤੇ ਖਾੜੀ ਦੇਸ਼ਾਂ ਲਈ ਵੀ ਇਹ ਰਸਤਾ ਬਹੁਤ ਅਹਿਮ ਹੈ।
ਜੇ ਇਹ ਰਸਤਾ ਕਿਸੇ ਵੀ ਕਾਰਨ ਨਾਲ ਰੁਕਦਾ ਹੈ ਤਾਂ ਚੀਨ ਅਤੇ ਭਾਰਤ ਵਰਗੀਆਂ ਵੱਡੀਆਂ ਅਰਥਵਿਵਸਥਾਵਾਂ ਨੂੰ ਭਾਰੀ ਝਟਕਾ ਲੱਗ ਸਕਦਾ ਹੈ। ਵਪਾਰਕ ਜਹਾਜ਼ਾਂ ਨੂੰ ਹਜ਼ਾਰਾਂ ਕਿਲੋਮੀਟਰ ਵਧੇਰੇ ਚੱਕਰ ਲਗਾਉਣਾ ਪਵੇਗਾ, ਜਿਸ ਨਾਲ ਤੇਲ ਦੀਆਂ ਕੀਮਤਾਂ, ਸਮਾਨ ਦੀ ਲਾਗਤ ਅਤੇ ਵਿਸ਼ਵ ਮਹਿੰਗਾਈ ਵਿੱਚ ਵੱਡਾ ਵਾਧਾ ਹੋਵੇਗਾ।
ਇੱਥੇ ਟਰੰਪ ਦੀ ਦੋਹਰੀ ਨੀਤੀ ਸਾਹਮਣੇ ਆਉਂਦੀ ਹੈ। ਇੱਕ ਪਾਸੇ ਇਰਾਨ ਨਾਲ ਤਣਾਅ ਘਟਾਉਣ ਲਈ ਪਾਕਿਸਤਾਨ ਵਰਗੇ ਦੇਸ਼ਾਂ ਰਾਹੀਂ ਜੰਗਬੰਦੀ ਲਈ ਵਿਚੋਲਗੀ ਕਰਵਾਈ ਜਾ ਰਹੀ ਹੈ, ਪਰ ਦੂਜੇ ਪਾਸੇ ਅਮਰੀਕਾ ਏਸ਼ੀਆ ਦੇ ਸਮੁੰਦਰੀ ਵਪਾਰਕ ਰਸਤੇ ‘ਤੇ ਆਪਣਾ ਪ੍ਰਭਾਵ ਵਧਾਉਣ ਲਈ ਇੰਡੋਨੇਸ਼ੀਆ ਵਰਗੇ ਦੇਸ਼ਾਂ ਨਾਲ ਰੱਖਿਆ ਗਠਜੋੜ ਮਜ਼ਬੂਤ ਕਰ ਰਿਹਾ ਹੈ।
ਇਸਦਾ ਸਿੱਧਾ ਸੰਦੇਸ਼ ਚੀਨ ਲਈ ਹੈ। ਚੀਨ ਦੀ ਅਰਥਵਿਵਸਥਾ ਵੱਡੇ ਪੱਧਰ ‘ਤੇ ਸਮੁੰਦਰੀ ਰਸਤੇ ‘ਤੇ ਨਿਰਭਰ ਹੈ। ਜੇ ਮਲੱਕਾ ਸਟ੍ਰੇਟ ‘ਤੇ ਅਮਰੀਕੀ ਪ੍ਰਭਾਵ ਵਧਦਾ ਹੈ ਤਾਂ ਚੀਨ ਦੀ ਸਪਲਾਈ ਲਾਈਨ ਉੱਤੇ ਅਮਰੀਕੀ ਦਬਾਅ ਵੀ ਵੱਧੇਗਾ। ਇਹ ਓਹੀ ਰਣਨੀਤੀ ਹੈ ਜੋ ਅਮਰੀਕਾ ਮੱਧ-ਪੂਰਬ ਵਿੱਚ ਹਰਮੂਜ਼ ਸਟ੍ਰੇਟ ਰਾਹੀਂ ਵਰਤਦਾ ਆ ਰਿਹਾ ਹੈ—ਜੰਗ ਲੜਨ ਤੋਂ ਬਿਨਾਂ ਵਪਾਰਕ ਰਾਹਾਂ ‘ਤੇ ਕਾਬੂ ਪਾ ਕੇ ਵਿਰੋਧੀ ਨੂੰ ਦਬਾਅ ਹੇਠ ਲਿਆਉਣਾ।
ਅਮਰੀਕਾ ਸਮਝਦਾ ਹੈ ਕਿ ਅੱਜ ਦੀ ਦੁਨੀਆ ਵਿੱਚ ਸਿੱਧੀ ਜੰਗ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹਥਿਆਰ ਹੈ ਵਪਾਰਕ ਰਸਤਿਆਂ ‘ਤੇ ਰਣਨੀਤਿਕ ਕਾਬੂ। ਜੇ ਕਿਸੇ ਦੇਸ਼ ਦੀ ਤੇਲ ਸਪਲਾਈ ਜਾਂ ਨਿਰਯਾਤ ਰੁਕ ਜਾਵੇ ਤਾਂ ਉਸਦੀ ਅਰਥਵਿਵਸਥਾ ਬਿਨਾਂ ਗੋਲੀ ਚਲਾਏ ਹੀ ਕਮਜ਼ੋਰ ਹੋ ਸਕਦੀ ਹੈ।
ਇਸੇ ਕਰਕੇ ਇੰਡੋਨੇਸ਼ੀਆ ਨਾਲ ਰੱਖਿਆ ਸਮਝੌਤਾ ਇੱਕ ਵੱਡੇ ਸਮੁੰਦਰੀ ਖੇਡ ਦਾ ਹਿੱਸਾ ਦਿਖਾਈ ਦੇ ਰਿਹਾ ਹੈ। ਇਹ ਸਿਰਫ਼ ਸੁਰੱਖਿਆ ਸਾਂਝ ਨਹੀਂ, ਸਗੋਂ ਮਲੱਕਾ ਸਟ੍ਰੇਟ ਰਾਹੀਂ ਚੀਨ ਅਤੇ ਏਸ਼ੀਆਈ ਵਪਾਰ ‘ਤੇ ਅਮਰੀਕੀ ਪਕੜ ਵਧਾਉਣ ਦੀ ਚਾਲ ਹੋ ਸਕਦੀ ਹੈ।
ਜੇ ਇਹ ਰਣਨੀਤੀ ਅੱਗੇ ਵਧਦੀ ਹੈ ਤਾਂ ਦੁਨੀਆ ਦੇ ਦੋ ਸਭ ਤੋਂ ਮਹੱਤਵਪੂਰਨ ਸਮੁੰਦਰੀ ਲਾਂਘੇ—ਹਰਮੂਜ਼ ਅਤੇ ਮਲੱਕਾ—ਦੋਵੇਂ ਅਮਰੀਕੀ ਰਣਨੀਤਿਕ ਪ੍ਰਭਾਵ ਹੇਠ ਆ ਸਕਦੇ ਹਨ। ਇਹ ਸਿਰਫ਼ ਇਰਾਨ ਲਈ ਨਹੀਂ, ਸਗੋਂ ਚੀਨ ਅਤੇ ਭਾਰਤ ਲਈ ਵੀ ਵੱਡੀ ਚੁਣੌਤੀ ਬਣ ਸਕਦੀ ਹੈ।
ਇਸ ਸਾਰੀ ਸਥਿਤੀ ਨੂੰ ਵੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟਰੰਪ ਦੀ ਜੰਗਬੰਦੀ ਵਾਲੀ ਕੂਟਨੀਤੀ ਦੇ ਪਿੱਛੇ ਇੱਕ ਵੱਡੀ ਰਣਨੀਤਿਕ ਖੇਡ ਚੱਲ ਰਹੀ ਹੈ। ਬਾਹਰੋਂ ਸ਼ਾਂਤੀ ਦੀ ਗੱਲ, ਅੰਦਰੋਂ ਸਮੁੰਦਰੀ ਰਸਤੇ ‘ਤੇ ਕਾਬੂ—ਇਹ ਅਮਰੀਕੀ ਰਣਨੀਤੀ ਦਾ ਨਵਾਂ ਰੂਪ ਹੈ।
ਅੱਜ ਸਵਾਲ ਇਹ ਨਹੀਂ ਕਿ ਜੰਗਬੰਦੀ ਹੋਵੇਗੀ ਜਾਂ ਨਹੀਂ, ਸਵਾਲ ਇਹ ਹੈ ਕਿ ਕੀ ਅਮਰੀਕਾ ਜੰਗ ਨੂੰ ਰੋਕ ਕੇ ਵਪਾਰਕ ਰਸਤਿਆਂ ‘ਤੇ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ?
ਜੇ ਇਹ ਸੱਚ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਲੜਾਈ ਮਿਸਾਈਲਾਂ ਨਾਲ ਨਹੀਂ, ਸਗੋਂ ਸਮੁੰਦਰੀ ਰਸਤਿਆਂ ਅਤੇ ਵਪਾਰਕ ਕਬਜ਼ੇ ਰਾਹੀਂ ਹੋਵੇਗੀ

ਕੁਲਵੰਤ ਸਿੰਘ ਗੱਗੜਪੁਰੀ

Continue Reading