Punjab
ਬੰਦੀ ਸਿੰਘਾਂ ਦੀ ਰਿਹਾਈ ਲਈ ਰਾਹ ਪੱਧਰਾ !
“ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਤਰੁੰਤ ਰਿਹਾਅ ਕੀਤਾ ਜਾਵੇ।” ਇਹ ਨਿਰਦੇਸ਼ ਦੇਸ਼ ਦੀ ਸਰਵਉਚ ਅਦਾਲਤ ਨੇ ਜਾਰੀ ਕੀਤੇ ਹਨ। ਮਾਣਯੋਗ ਅਦਾਲਤ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਗ੍ਰਹਿ ਸਕੱਤਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇ ਕਿ ਕੋਈ ਅਜਿਹਾ ਵਿਅਕਤੀ ਤਾਂ ਜੇਲ੍ਹ ਵਿੱਚ ਨਹੀਂ ਜੋ ਆਪਣੀ ਸਜ਼ਾ ਪੂਰੀ ਕਰ ਚੁੱਕਾ ਹੈ। ਸੁਪਰੀਮ ਕੋਰਟ ਨੇ ਇਹ ਹੁਕਮ ਸੁਖਦੇਵ ਯਾਦਵ ਦੇ ਕੇਸ ਦੀ ਸੁਣਵਾਈ ਕਰਦਿਆਂ ਸੁਣਾਏ ਹਨ। ਸੁਖਦੇਵ ਯਾਦਵ ਨੂੰ 20 ਸਾਲ ਦੀ ਸਜ਼ਾ ਹੋਈ ਸੀ ਜੋ ਉਹ ਪੂਰੀ ਕਰ ਚੁੱਕਾ ਹੈ। ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ ਸਿੱਖ ਕੌਮ ਵਿੱਚ ਇੱਕ ਚਰਚਾ ਛਿੜੀ ਹੈ ਕਿ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ। ਲੇਕਿਨ ਇਸ ਬਾਰੇ ਅਸੀਂ ਜਦੋਂ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਹੈਰਾਨੀਜਨਕ ਤੱਥ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਜਿਹੜੇ ਕੈਦੀਆਂ ਨੂੰ ਉਮਰ ਕੈਦ ਹੈ ਅਤੇ ਨਾਲ ਇਹ ਵੀ ਸਪੱਸ਼ਟ ਹੈ ਕਿ ਕਿੰਨੇ ਸਾਲ ਤੱਕ। ਜਿਵੇਂ ਸੁਖਦੇਵ ਯਾਦਵ ਨੂੰ ਉਮਰ ਕੈਦ ਸੀ ਪਰ ਨਾਲ 20 ਸਾਲ ਵੀ ਲਿਖਿਆ ਗਿਆ ਸੀ। ਵਕੀਲ ਨੇ ਦੱਸਿਆ ਕਿ ਬੰਦੀ ਸਿੰਘਾਂ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਬੇਅੰਤ ਸਿੰਘ ਦੀ ਹੱਤਿਆ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਬਾਅਦ ਵਿੱਚ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ ਲੇਕਿਨ ਇਸ ਸਜ਼ਾ ਵਿੱਚ till natural Life ਲਿਖਿਆ ਗਿਆ ਹੈ। ਇਸੇ ਤਰ੍ਹਾਂ ਕਈ ਹੋਰ ਸਿੱਖ ਕੈਦੀਆਂ ਨੂੰ ਉਮਰ ਕੈਦ ਹੋਈ ਹੈ ਪਰ ਉਸ ਵਿੱਚ ਮਿਆਦ ਨਹੀਂ ਲਿਖੀ ਗਈ ਅਜਿਹੇ ਬੰਦੀ ਸਿੰਘਾਂ ਦਾ ਰਿਹਾਅ ਹੋਣਾ ਸਬੰਧਤ ਸਰਕਾਰਾਂ ਉੱਪਰ ਨਿਰਭਰ ਕਰਦਾ ਹੈ। ਬਲਵੰਤ ਸਿੰਘ ਰਾਜੋਆਣਾ ਇਹ ਵੀ ਬੇਅੰਤ ਸਿੰਘ ਹੱਤਿਆ ਕਾਂਡ ਵਿੱਚ ਸ਼ਾਮਲ ਦੱਸੇ ਗਏ ਸਨ ਦੀ ਫਾਂਸੀ ਦੀ ਸਜਾ ਟਲ ਗਈ ਸੀ ਪਰ ਅੱਗੇ ਕੋਈ ਫੈਸਲਾ ਨਹੀਂ ਸੁਣਾਇਆ ਗਿਆ। ਇਸੇ ਤਰ੍ਹਾਂ ਗੁਰਮੀਤ ਸਿੰਘ ਮੀਤਾ, ਲਖਵਿੰਦਰ ਸਿੰਘ ਲੱਖਾ, ਸ਼ਮਸ਼ੇਰ ਸਿੰਘ, ਪਰਮਜੀਤ ਸਿੰਘ ਭਿਉਰਾ, ਜਗਤਾਰ ਸਿੰਘ ਤਾਰਾ,ਇਹ ਸਾਰੇ ਵੀ ਬੇਅੰਤ ਸਿੰਘ ਹੱਤਿਆ ਕਾਂਡ ਵਿੱਚ ਸ਼ਾਮਲ ਦੱਸੇ ਗਏ ਸਨ ਅਤੇ ਇਨ੍ਹਾਂ ਨੂੰ ਉਮਰ ਕੈਦ ਹੋਈ ਹੈ ਪਰ ਮਿਆਦ mention ਨਹੀਂ ਕੀਤੀ ਗਈ।
ਇਸੇ ਤਰ੍ਹਾਂ ਦਵਿੰਦਰਪਾਲ ਸਿੰਘ ਭੁੱਲਰ ਜੋ 1993ਦੇ ਦਿੱਲੀ ਬੰਬ ਧਮਾਕੇ ਲਈ ਜ਼ਿੰਮੇਵਾਰ ਦੱਸੇ ਗਏ ਸਨ ਜਿਸ ਵਿੱਚ ਮਨਿੰਦਰਜੀਤ ਬਿੱਟਾ ਬੂਰੀ ਤਰ੍ਹਾਂ ਜ਼ਖਮੀ ਹੋਇਆ ਸੀ ਨੂੰ ਉਮਰ ਕੈਦ ਹੋਈ ਸੀ।ਭੁੱਲਰ ਨੂੰ ਇਲਾਜ ਕਰਵਾਉਣ ਲਈ ਪੈਰੋਲ ਮਿਲੀ ਪਰ ਉਸਦੀ ਰਿਹਾਈ ‘ਤੇ ਦਿੱਲੀ ਸਰਕਾਰ ਨੇ ਹਾਲੇ ਤੱਕ ਰੋਕ ਲਗਾਈ ਹੋਈ ਹੈ। ਗੁਰਦੀਪ ਸਿੰਘ ਖੇੜਾ ਨੂੰ ਵੀ ਇੱਕ ਬੰਬ ਧਮਾਕੇ ਦੇ ਦੋਸ਼ ਵਿੱਚ ਉਮਰ ਕੈਦ ਹੋਈ ਸੀ। ਖੇੜਾ ਦੋ ਵਾਰ ਪੈਰੋਲ ਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਇਨ੍ਹਾਂ ਤੋਂ ਇਲਾਵਾ ਸਤਨਾਮ ਸਿੰਘ, ਦਯਾ ਸਿੰਘ ਲਹੌਰੀਆ, ਹਰਨੇਕ ਸਿੰਘ ਭੱਪ, ਦਿਆਲ ਸਿੰਘ, ਸੁੱਚਾ ਸਿੰਘ, ਜਗਮੋਹਨ ਸਿੰਘ ਕੁਲਵੀਰ ਸਿੰਘ, ਰਣਜੀਤ ਸਿੰਘ ਆਦਿ ਐਸੇ ਬੰਦੀ ਸਿੰਘ ਹਨ ਜੋ ਸਿਆਸੀ ਕੈਦੀਆਂ ਦੀ ਸੂਚੀ ਵਿੱਚ ਸ਼ਾਮਲ ਹਨ,ਇਨ੍ਹਾਂ ਦੀ ਰਿਹਾਈ ਵੀ ਸਬੰਧਤ ਸਰਕਾਰਾਂ ਉੱਪਰ ਨਿਰਭਰ ਕਰਦੀ ਹੈ। ਇਸਦੇ ਨਾਲ ਕੁੱਝ ਅਜਿਹੇ ਬੰਦੀ ਸਿੰਘ ਸਨ ਜਿਨ੍ਹਾਂ ਦੀ ਕੈਦ ਵਿੱਚ ਮਿਆਦ mention ਕੀਤੀ ਗਈ ਸੀ ਨੂੰ 2019ਵਿੱਚ ਸਜ਼ਾਵਾਂ ਪੂਰੀਆਂ ਹੋਣ ‘ਤੇ ਰਿਹਾਅ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਿੱਚ ਨੰਦ ਸਿੰਘ, ਸੁਬੇਗ ਸਿੰਘ, ਬਲਬੀਰ ਸਿੰਘ ਹਰਜਿੰਦਰ ਸਿੰਘ ਅਤੇ ਲਾਲ ਸਿੰਘ ਸ਼ਾਮਲ ਹਨ। ਹੁਣ ਜੇਕਰ ਕਾਨੂੰਨੀ ਪੱਖ ਨੂੰ ਵੇਖੀਏ ਤਾਂ ਸਿੱਖ ਸਿਆਤਦਾਨ ਹੁਣ ਤੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਬਿਨਾਂ ਸਮਝੇ ਰੌਲਾ ਪਾ ਕੇ ਸਿਆਸੀ ਲਾਭ ਖੱਟਣ ਦੀ ਕੋਸ਼ਿਸ ਕਰਦੇ ਆ ਰਹੇ ਹਨ, ਬੰਦੀ ਸਿੰਘਾਂ ਦੀ ਕਾਨੂੰਨੀ ਲੜਾਈ ਵੀ ਸਹੀ ਢੰਗ ਨਾਲ ਨਹੀਂ ਲੜੀ ਗਈ ਅਤੇ ਨਾ ਹੀ ਸਬੰਧਤ ਸਰਕਾਰਾਂ ਉੱਪਰ ਦਬਾਅ ਬਣਾਇਆ ਗਿਆ। ਹਾਲਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੋ ਤਿੰਨ ਵਾਰ ਕੇਂਦਰ ਸਰਕਾਰ ਵਿੱਚ ਭਾਈਵਾਲ਼ ਰਿਹਾ ਲੇਕਿਨ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਸ਼ਿਸ ਤੱਕ ਵੀ ਨਹੀਂ ਕੀਤੀ ਗਈ।
ਬਾਦਲ ਦਲ ਜਦੋਂ ਸੱਤਾ ਚੋਂ ਬਾਹਰ ਹੁੰਦਾ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਰਿਹਾ ਅਤੇ ਸੱਤਾ ਮਿਲਦਿਆਂ ਹੀ ਇਹ ਮੁੱਦਾ ਵਿਸਾਰ ਦਿੱਤਾ ਜਾਂਦਾ ਰਿਹਾ। ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਜਾਪਦਾ ਹੈ ਪਰ ਸਬੰਧਤ ਸਰਕਾਰਾਂ ਹਾਲੇ ਵੀ ਹੀਲ ਹੁੱਜਤ ਕਰ ਸਕਦੀਆਂ ਹਨ ਇਸ ਲਈ ਹੁਣ ਸਿੱਖ ਸਿਆਸਤਦਾਨਾਂ ਅਤੇ ਖਾਸ ਕਰਕੇ ਨਵੇਂ ਬਣੇ ਗਿਆਨੀ ਹਰਪ੍ਰੀਤ ਸਿੰਘ ਵਾਲ਼ੇ ਅਕਾਲੀ ਦਲ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕੇ। ਆਸ ਕਰਦੇ ਹਾਂ ਕਿ ਸਿੱਖ ਸਿਆਸਤਦਾਨ ਇਸ ਮੌਕੇ ਦਾ ਲਾਭ ਲੈਣਗੇ।

