Punjab
MP ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ, ਕੀ ਨੇਤਾਵਾਂ ਵੱਲੋਂ ਪਾਲੇ ਸੱਪ ਉਨ੍ਹਾਂ ਨੂੰ ਹੀ ਡੰਗ ਮਾਰਨ ਲੱਗ ਪਏ ਨੇ ?
worldਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਚਰਚਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਦਿੱਤੀ ਹੈ। ਇਹ ਜਾਣਕਾਰੀ ਖੁਦ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੋਸ਼ਲ ਮੀਡੀਆ ਉੱਪਰ ਦਿੱਤੀ ਹੈ।ਧਮਕੀ ਦੇਣ ਤੋਂ ਇੱਕ ਘੰਟਾ ਬਾਅਦ ਗੋਲੀ ਚਲਾਉਣ ਦੀ ਵੀ ਖ਼ਬਰ ਹੈ । ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਗੈਂਗਸਟਰਾਂ ਨੂੰ ਸ਼ਰਨ ਦੇਣ ਦਾ ਦੋਸ ਲਗਾਇਆ ਹੈ। ਲੇਕਿਨ ਅਕਾਲੀ ਆਗੂ ਅਤੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਦੋਸ਼ ਲਗਾਇਆ ਹੈ ਕਿ ਜੱਗੂ ਭਗਵਾਨਪੁਰੀਆ ਦੀ ਪੁਸ਼ਤ ਪਨਾਹੀ ਖੁਦ ਸੁਖਜਿੰਦਰ ਸਿੰਘ ਰੰਧਾਵਾ ਕਰਦੇ ਰਹੇ ਹਨ। ਕਲੇਰ ਨੇ ਕਿਹਾ ਹੈ ਕਿ ਗੈਂਗਸਟਰ ਵੱਲੋਂ ਦਿੱਤੀ ਧਮਕੀ ਇੱਕ ਮੰਦਭਾਗੀ ਘਟਨਾ ਹੈ ਅਤੇ ਸਰਕਾਰ ਇਸ ਧਮਕੀ ਨੂੰ ਗੰਭੀਰਤਾ ਲੈ ਕੇ ਘਟਨਾ ਦੀ ਜਾਂਚ ਕਰੇ ਪਰ ਉਨ੍ਹਾਂ ਨੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਹ ਵੀ ਸਵਾਲ ਕੀਤਾ ਕਿ ਕੀ ਇਹ ਗੈਂਗਸਟਰ ਤੁਹਾਡੇ ਪਾਲੇ ਹੋਏ ਨਹੀਂ ਹਨ? ਉਹ ਕਹਿੰਦੇ ਹਨ ਕਿ ਸੁਖਜਿੰਦਰ ਸਿੰਘ ਰੰਧਾਵਾ ਜੱਗੂ ਭਗਵਾਨਪੁਰੀਆ ਦੀ ਪੁਸ਼ਤ ਪਨਾਹੀ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੈਂਗਸਟਰ ਦੀ ਮਾਂ ਨੂੰ ਸੁੱਖੀ ਰੰਧਾਵਾ ਨੇ ਹੀ ਸਰਪੰਚ ਬਣਵਾਇਆ ਸੀ। ਕਲੇਰ ਨੇ ਇਹ ਵੀ ਕਿਹਾ ਹੈ ਕਿ ਜੱਗੂ ਨੇ ਅਕਾਲੀ ਦਲ ਨਾਲ ਸਬੰਧਿਤ ਢਿੱਲਵਾਂ ਸਰਪੰਚ ਦਾ ਕਤਲ ਵੀ ਕੀਤਾ ਸੀ।
ਉਹ ਕਹਿੰਦੇ ਹਨ ਕਿ ਇੱਕ ਸਰਪੰਚ ਹੀ ਨਹੀਂ ਕਈ ਕਤਲ ਇਸ ਗੈਂਗਸਟਰ ਨੇ ਕਾਂਗਰਸ ਸਰਕਾਰ ਦੇ ਸ਼ਾਸਨ ਵਿੱਚ ਕੀਤੇ ਸਨ। ਉਹ ਕਹਿੰਦੇ ਹਨ ਕਿ ਤੁਹਾਡੇ ਪਾਲੇ ਗੁੰਡੇ ਤੁਹਾਡੇ ਲਈ ਖ਼ਤਰਾ ਬਣ ਰਹੇ ਹਨ। ਕਲੇਰ ਅੱਗੇ ਕਹਿੰਦੇ ਹਨ ਕਿ ਜਦੋਂ ਸੁੱਖੀ ਰੰਧਾਵਾ ਜੇਲ੍ਹ ਮੰਤਰੀ ਸਨ ਤੇ ਜੱਗੂ ਜੇਲ੍ਹ ਵਿੱਚ ਸੀ ਜੇਲ੍ਹ ਚੋਂ ਹੀ ਫਿਰੌਤੀ ਦੇ ਫੋਨ ਲੋਕਾਂ ਨੂੰ ਜਾਂਦੇ ਰਹੇ ਹਨ। ਅਰਸ਼ਦੀਪ ਸਿੰਘ ਕਲੇਰ ਨੇ ਜੋ ਦੋਸ਼ ਲਗਾਏ ਹਨ ਇਹ ਕਈ ਸਵਾਲ ਖੜ੍ਹੇ ਕਰਦੇ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਨ੍ਹਾਂ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਸਿਆਸਤਦਾਨਾਂ ਵੱਲੋਂ ਹੀ ਕੀਤੀ ਜਾਂਦੀ ਹੈ। ਸਿਆਸਤਦਾਨਾਂ ਦੀ ਸ਼ਹਿ ਨਾਲ ਹੀ ਵੱਡੇ ਵੱਡੇ ਜ਼ੁਰਮ ਹੁੰਦੇ ਹਨ। ਲੇਕਿਨ ਸਮਾਂ ਆਉਣ ‘ਤੇ ਇਹ ਗੁੰਡੇ ਇਨ੍ਹਾਂ ਸਿਆਸਤਦਾਨਾਂ ਲਈ ਖ਼ਤਰਾ ਬਣ ਜਾਂਦੇ ਹਨ ।
ਪੰਜਾਬ ਅੰਦਰ ਗੈਂਗਸਟਰ ਕਲਚਰ ਅੱਜ ਨਵਾਂ ਨਹੀਂ ਹੈ ਇਹ ਬਹੁਤ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਨੂੰ ਸਿਆਸਤਦਾਨਾਂ ਨੇ ਹੀ ਪੈਦਾ ਕੀਤਾ ਹੈ। ਪ੍ਰਸਿੱਧ ਗਾਇਕ ਸਿੱਧੂ ਮੁੱਸੇਵਾਲਾ ਗੈਂਗਸਟਰ ਕਲਚਰ ਦੀ ਭੇਂਟ ਚੜ੍ਹਿਆ ਹੈ , ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਵੀ ਗੈਂਗ ਵਾਰ ਕਰਕੇ ਮਾਰੀ ਗਈ। ਇਸੇ ਤਰ੍ਹਾਂ ਵਿੱਕੀ ਮਿੱਡੂ ਖੇੜਾ ਨੂੰ ਵੀ ਗੈਂਗਸਟਰਾਂ ਨੇ ਮਾਰਿਆ ਸੀ। ਕਈ ਸਿਆਸਤਦਾਨ ਵੀ ਗੈਂਗਸਟਰ ਕਲਚਰ ਦੀ ਭੇਂਟ ਚੜ੍ਹ ਚੁੱਕੇ ਹਨ। ਜਿਵੇਂ ਹੁਣ ਸੁੱਖੀ ਰੰਧਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ , ਇਸ ਘਟਨਾ ਤੋਂ ਸਿਆਸੀ ਨੇਤਾਵਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਜ਼ਹਿਰੀਲੇ ਸੱਪਾਂ ਨੂੰ ਪਾਲੋਗੇ ਤਾਂ ਉਹ ਤੁਹਾਨੂੰ ਵੀ ਡੰਗ ਮਾਰਨ ਤੋਂ ਬਾਜ਼ ਨਹੀਂ ਆਉਣਗੇ। ਜੋ ਵੀ ਹੈ ਇਹ ਗਲਤ ਅਤੇ ਗੰਭੀਰ ਹੈ ਸਰਕਾਰ ਨੂੰ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਕੇ ਤੁਰੰਤ ਗੈਂਗਸਟਰ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।

