India
ਕੋਰੋਨਾਵਾਇਰਸ ਨਾਲ ਕਿਵੇਂ ਨਜਿੱਠ ਰਹੀ ਹੈ ਪੰਜਾਬ ਸਰਕਾਰ ?
26 ਮਾਰਚ : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਚਲਾਏ ਗਏ ਕਰਫਿਊ ਦਾ ਚੌਥਾ ਅਤੇ ਦੇਸ਼ ਵਿਆਪੀ ਲੌਕਡਾਉਣ ਦਾ ਦੂਜਾ ਦਿਨ ਹੈ। ਸੂਬੇ ਦੀ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਇਸਨੂੰ ਸਰਕਾਰ ਯਕੀਨੀ ਬਣਾ ਰਹੀ ਹੈ। ਕੋਰੋਨਾਵਾਇਰਸ ਦੇ ਖਤਰੇ ਨੂੰ ਭਾਂਪਦਿਆ 19 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨਾਂ ਸੰਬੋਧਨ ਦੌਰਾਨ 22 ਮਾਰਚ ਨੂੰ ਜਨਤਾ ਕਰਫਿਊ ਲਾਉਣ ਦਾ ਸੱਦਾ ਦਿੱਤਾ ਸੀ। 22 ਮਾਰਚ ਨੂੰ ਪੰਜਾਬ ਦੇ ਵਿੱਚ ਜਨਤਾ ਕਰਫਿਊ ਦਾ ਬਹੁਤਾ ਅਸਰ ਨਹੀਂ ਵੇਖਣ ਨੂੰ ਨਹੀਂ ਮਿਲਿਆ। ਲੋਕ ਆਮ ਦਿਨਾਂ ਵਾਂਗ ਘਰਾਂ ਚੋਂ ਬਾਹਰ ਨਿੱਕਲੇ। ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਅਤੇ ਪ੍ਰਮੁੱਖ ਸਕੱਤਰ ਨਾਲ ਗੱਲਬਾਤ ਕੀਤੀ ਅਤੇ ਹਾਲਾਤ ਨੂੰ ਵੇਖਦਿਆਂ ਸੂਬੇ ’ਚ 23 ਮਾਰਚ ਤੋਂ 31 ਮਾਰਚ ਤੱਕ ਕਰਫਿਊ ਦੇ ਹੁਕਮ ਦੇ ਦਿੱਤੇ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਹੁਕਮ ਸਖਤੀ ਨਾਲ ਲਾਗੂ ਕਰਨ ਲਈ ਆਖਿਆ।
ਜਿਸ ਤੋਂ ਬਾਅਦ 24 ਮਾਰਚ ਦੀ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ ਦੇ ਪੂਰੇ ਦੇਸ਼ ਨੂੰ 21 ਦਿਨਾਂ ਲਈ ਲੌਕਡਾਊਨ ਕਰਨ ਦਾ ਐਲਾਨ ਕੀਤਾ। ਪੰਜਾਬ ਸਰਕਾਰ ਨੇ ਸਿਆਸੀ ਲੀਹਾਂ ਤੋਂ ਉੱਪਰ ਉੱਠ ਕੇ ਇਸ ਫ਼ੈਸਲੇ ਦਾ ਸਵਾਗਤ ਕੀਤਾ। 10 ਮਾਰਚ ਤੋਂ ਬਾਅਦ 94,000 ਲੋਕ ਵਿਦੇਸ਼ਾਂ ਤੋਂ ਪੰਜਾਬ ਆਏ। ਜਿਨ੍ਹਾਂ ਵਿੱਚੋਂ 30,000 ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕਰ ਦਿੱਤਾ। ਸ਼ੱਕੀ ਮਰੀਜ਼ਾਂ ਦੀ ਹਸਪਤਾਲਾਂ ਵਿੱਚ ਜਾਂਚ ਜਾਰੀ ਹੈ। ਇਕਾਂਤਵਾਸ ਕੀਤੇ ਗਏ ਲੋਕਾਂ ਨੂੰ ਘਰਾ ਚੋਂ ਬਾਹਰ ਨਾ ਆਉਣ ਲਈ ਆਖਿਆ ਗਿਆ। ਪੁਲਿਸ ਵਿਭਾਗ ਨੇ ਵੀ ਚੰਗਾ ਕੰਮ ਕੀਤਾ ਹੈ। ਲੌਕਡਾਊਨ ਦੌਰਾਨ ਮੁੱਖ ਮੰਤਰੀ ਨੇ ਆਪਣੇ ਕਰਫਿਊ ਦੇ ਹੁਕਮਾਂ ਨੂੰ ਜਾਰੀ ਰਖਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜ਼ਰੂਰੀ ਸੇਵਾਵਾਂ ਲਈ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਪੰਜਾਬ ਸਰਕਾਰ ਨੇ ਜ਼ਰੂਰੀ ਵਸਤੂਆਂ ਦੀ ਸਪਲਾਈ ਯਕੀਨੀ ਬਣਾਈ। ਫਸਲਾਂ ਦੀ ਸਟੋਰੇਜ ਲਈ ਫੂਡ ਸਪਲਾਈ ਵਿਭਾਗ ਨੂੰ ਹੁਕਮ ਜਾਰੀ ਕੀਤੇ। 26ਮਾਰਚ ਨੂੰ ਹਾਈਵੇਅ ’ਤੇ ਟਰੱਕਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ 25 ਮਾਰਚ ਨੂੰ ਕਈ ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਡਿਊਟੀ ’ਤੇ ਤੈਨਾਤ ਕਰ ਦਿੱਤਾ ਗਿਆ।
ਸੂਬੇ ਦੇ ਹਸਪਤਾਲਾਂ ਦੇ ਵਿੱਚ ਆਈਸੋਲੇਸ਼ਨ ਲਈ 2456 ਬੈੱਡਾਂ ਦੀ ਸੁਵਿਧਾ ਜਾਰੀ ਕੀਤੀ ਗਈ ਅਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ। ਹੁਣ ਤੱਕ ਸੂਬੇ ’ਚ ਕੋਰੋਨਾਵਾਇਰਸ ਤੋਂ ਪੀੜਤ 33 ਮਰੀਜਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਨਵਾਂਸ਼ਹਿਰ ਦੇ ਇੱਕ ਵਿਅਕਤੀ ਦੀ ਜਾਨ ਜਾ ਚੁੱਕੀ ਹੈ। ਹੋਰ ਲੋਕ ਇਸ ਮਹਾਮਾਰੀ ਤੋਂ ਪ੍ਰਭਾਵਿਤ ਨਾ ਹੋਣ ਇਸ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ।