Amritsar
BREAKING NEWS: ਅੰਮ੍ਰਿਤਸਰ ‘ਚ 32 ਘੰਟਿਆਂ ਬਾਅਦ ਮੁੜ ਹੋਇਆ ਦੂਜਾ ਧਮਾਕਾ, ਹਜੇ ਤੱਕ ਕਾਰਨਾਂ ਦਾ ਨਹੀਂ ਲੱਗਾ ਪਤਾ
ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ ‘ਤੇ 32 ਘੰਟਿਆਂ ਬਾਅਦ ਮੁੜ ਹੋਇਆ ਧਮਾਕਾ। ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਧਮਾਕਾ ਉਸੇ ਥਾਂ ਦੇ ਨੇੜੇ ਹੋਇਆ ਜਿੱਥੇ ਸ਼ਨੀਵਾਰ ਦੇਰ ਰਾਤ ਇਹ ਘਟਨਾ ਵਾਪਰੀ ਸੀ। ਹੁਣ ਤੱਕ ਪੁਲਿਸ ਪਹਿਲੇ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੀ ਹੈ ਅਤੇ ਇਸ ਦੌਰਾਨ ਹੁਣ ਫਿਰ ਇਹ ਧਮਾਕਾ ਹੋਇਆ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਚੁੱਪ ਧਾਰੀ ਹੋਈ ਹੈ। ਸਵੇਰੇ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਖੁਦ ਮੌਕੇ ‘ਤੇ ਪਹੁੰਚ ਗਏ। ਡਿਟੈਕਟਿਵ ਡੀਸੀਪੀ ਅਤੇ ਏਸੀਪੀ ਗੁਰਿੰਦਰਪਾਲ ਸਿੰਘ ਨਾਗਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ।
ਘਟਨਾ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੇ ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਮੈਟਲ ਡਿਟੈਕਟਰ ਨਾਲ ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਸੀਵਰੇਜ ਲਾਈਨਾਂ ਅਤੇ ਗਟਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਫੋਰੈਂਸਿਕ ਵਿਭਾਗ ਦੀਆਂ ਟੀਮਾਂ ਵੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ
ਬੀ.ਆਰ.ਅੰਬੇਦਕਰ ਦੇ ਬੁੱਤ ਤੋਂ ਮਹਾਰਾਜਾ ਰਣਜੀਤ ਸਿੰਘ ਬੂਟੇ ਵਾਲਾ ਚੌਕ ਤੱਕ ਇੱਕ ਤਰਫਾ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਸ਼ੱਕੀ ਚੀਜ਼ਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਇਸ ਮਾਮਲੇ ਵਿੱਚ ਅਜੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ। 36 ਘੰਟਿਆਂ ‘ਚ ਦੂਜੇ ਧਮਾਕੇ ਅਤੇ ਇਸ ਦੇ ਪਿੱਛੇ ਦਾ ਕਾਰਨ ਪਤਾ ਨਾ ਲੱਗਣ ਕਾਰਨ ਚਿੰਤਾ ਵਧਦੀ ਜਾ ਰਹੀ ਹੈ।
ਪਹਿਲਾਂ ਪੁਲਿਸ ਚਿਮਨੀ ਬਲਾਸਟ ਬਾਰੇ ਸੋਚ ਰਹੀ ਸੀ
ਪੁਲਿਸ ਪਹਿਲਾਂ ਸ਼ਨੀਵਾਰ ਰਾਤ ਕਰੀਬ 12 ਵਜੇ ਵਾਪਰੇ ਇਸ ਹਾਦਸੇ ਲਈ ਨੇੜਲੇ ਰੈਸਟੋਰੈਂਟ ਦੀ ਚਿਮਨੀ ਦੇ ਧਮਾਕੇ ਨੂੰ ਜ਼ਿੰਮੇਵਾਰ ਠਹਿਰਾ ਰਹੀ ਸੀ। ਪਰ ਜਦੋਂ ਸਵੇਰੇ ਤਫ਼ਤੀਸ਼ ਸ਼ੁਰੂ ਹੋਈ ਤਾਂ ਪੁਲਿਸ ਦੇ ਤੱਥ ਹੀ ਬਦਲ ਗਏ। ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇਹ ਘਟਨਾ ਚਿਮਨੀ ਧਮਾਕੇ ਕਾਰਨ ਨਹੀਂ ਵਾਪਰੀ। ਕੁਝ ਸ਼ੱਕੀ ਵਸਤੂਆਂ ਮਿਲੀਆਂ ਹਨ, ਜਿਨ੍ਹਾਂ ਨੂੰ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਨੇ ਕਬਜ਼ੇ ਵਿਚ ਲੈ ਲਿਆ ਹੈ।