Connect with us

Ludhiana

ਪਾਕਿਸਤਾਨੀਆਂ ਨੇ ਫਸਾਇਆ ਪੰਜਾਬੀ ਮੁੰਡਾ, ਕੱਟਣੀ ਪਈ ਜੇਲ੍ਹ!

Published

on

ਅੱਖਾਂ ‘ਚ ਆਪਣੇ ਸੁਨਿਹਰੇ ਭਵਿੱਖ ਦੇ ਸੁਪਨੇ ਸਜਾ ਕੇ ਵਿਦੇਸ਼ ਗਿਆ ਮਾਛੀਵਾੜਾ ਦਾ ਨੌਜਵਾਨ ਆਖਰ ਢਾਈ ਸਾਲਾਂ ਬਾਅਦ ਦਰਦ ਲੈ ਕੇ ਵਾਪਿਸ ਪੰਜਾਬ ਪਰਤਿਆ ਹੈ। ਨੌਜਵਾਨ ਦਾ ਨਾਂ ਮਨਪ੍ਰੀਤ ਸਿੰਘ ਹੈ ਜੋ ਕਿ ਢਾਈ ਸਾਲਾਂ ਬਾਅਦ ਜਦੋਂ ਆਪਣੇ ਵਤਨ ਪੰਜਾਬ ਸਥਿਤ ਘਰ ਪਰਤਿਆ ਤਾਂ ਉਸ ਨੂੰ ਦੇਖ ਕੇ ਬਜ਼ੁਰਗ ਵਿਧਵਾ ਮਾਂ, ਭੈਣਾਂ, ਭਰਾਵਾਂ ਅਤੇ ਰਿਸ਼ਤੇਦਾਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।

ਦਰਅਸਲ ਮਾਛੀਵਾੜਾ ਦੀ ਇੰਦਰਾ ਕਾਲੋਨੀ ਦਾ ਵਾਸੀ ਅਤੇ ਗਰੀਬ ਮਾਪਿਆਂ ਦਾ ਪੁੱਤਰ ਮਨਪ੍ਰੀਤ ਸਿੰਘ ਕੁੱਝ ਸਾਲ ਪਹਿਲਾਂ ਦੁਬਈ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ 2020 ਵਿਚ ਚੰਗੇ ਭਵਿੱਖ ਲਈ ਉਸਦੀ ਮਾਂ ਤੇ ਭਰਾ ਨੇ 1.20 ਲੱਖ ਰੁਪਏ ਦਾ ਕਰਜਾ ਚੁੱਕ ਕੇ ਉਸ ਨੂੰ ਦੁਬਈ ਭੇਜਿਆ ਸੀ, ਜਿੱਥੇ ਕਰੀਬ ਡੇਢ ਸਾਲ ਉਹ ਇੱਕ ਕੰਪਨੀ ਨਾਲ ਠੇਕੇਦਾਰੀ ਸਿਸਟਮ ’ਤੇ ਕੰਮ ਕਰਦਾ ਰਿਹਾ ਪਰ ਜਦੋਂ ਉਸਦਾ ਠੇਕਾ ਖ਼ਤਮ ਹੋ ਗਿਆ ਤਾਂ ਉਹ ਆਪਣੇ ਜਾਣ ਪਹਿਚਾਣ ਵਾਲੇ ਪੰਜਾਬੀਆਂ ਕੋਲ ਅਜਮਾਨ ਸ਼ਹਿਰ ਆ ਗਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਅਜਮਾਨ ਸ਼ਹਿਰ ‘ਚ ਆਏ ਅਜੇ 10 ਹੀ ਦਿਨ ਹੋਏ ਸਨ ਤੇ ਉਹ ਉੱਥੇ ਕਮਰੇ ‘ਚ ਪਾਕਿਸਤਾਨੀ ਤੇ ਪੰਜਾਬੀਆਂ ਨਾਲ ਇਕੱਠੇ ਰਹਿ ਰਿਹਾ ਸੀ ਕਿ ਅਚਾਨਕ ਅਜਮਾਨ ਪੁਲਸ ਦੀ ਛਾਪੇਮਾਰੀ ਹੋ ਗਈ। ਮਨਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਨਾਗਰਿਕਾਂ ਕੋਲ ਨਸ਼ੇ ਦੀ ਖੇਪ ਫੜੀ ਗਈ ਪਰ ਉਨ੍ਹਾਂ ਨਾਲ ਕਮਰੇ ‘ਚ ਰਹਿੰਦੇ 4 ਪੰਜਾਬੀਆਂ ਸਮੇਤ ਉਸ ਨੂੰ ਵੀ ਅਜਮਾਨ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।

ਮਨਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਪੰਜਾਬੀਆਂ ਨੇ ਪੁਲਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਇਹ ਨਸ਼ਾ ਉਨ੍ਹਾਂ ਦਾ ਨਹੀਂ ਜਿਸ ਲਈ ਸਾਡਾ ਡੋਪ ਟੈਸਟ ਕਰਵਾ ਲਿਆ ਜਾਵੇ ਅਤੇ ਨਾ ਹੀ ਉਹ ਨਸ਼ਾ ਕਰਦੇ ਹਨ। ਮਿੰਨਤਾਂ ਕਰਨ ਦੇ ਬਾਵਜ਼ੂਦ ਵੀ ਪੁਲਸ ਨੇ ਉਨ੍ਹਾਂ ਨੂੰ ਜੇਲ੍ਹ ‘ਚ ਸੁੱਟ ਦਿੱਤਾ ਅਤੇ ਉੱਥੋਂ ਦੀ ਅਦਾਲਤ ਨੇ ਸਾਨੂੰ ਸਾਰਿਆਂ ਨੂੰ 25 ਸਾਲ ਦੀ ਸਜ਼ਾ ਸੁਣਾ ਦਿੱਤੀ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੂੰ 25 ਸਾਲ ਦੀ ਸਜ਼ਾ ਹੋਈ ਤਾਂ ਉਹ ਬਿਲਕੁਲ ਹੌਂਸਲਾ ਹਾਰ ਚੁੱਕਾ ਸੀ ਕਿ ਉਹ ਹੁਣ ਜ਼ਿੰਦਗੀ ਭਰ ਆਪਣੀ ਮਾਂ, ਭਰਾ ਤੇ ਭੈਣਾਂ ਨੂੰ ਕਦੇ ਨਹੀਂ ਮਿਲ ਸਕੇਗਾ। ਉਸਨੇ ਦੱਸਿਆ ਕਿ ਜੇਲ੍ਹ ਅੰਦਰ ਉਸਦੇ ਨਾਲ ਹੋਰ ਵੀ ਕਈ ਪੰਜਾਬੀ ਸਨ ਅਤੇ ਸਾਰਿਆਂ ਨੂੰ ਬਹੁਤ ਹੀ ਘੱਟ ਖਾਣਾ ਦਿੱਤਾ ਜਾਂਦਾ ਸੀ ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਰਹਿਣ ਲੱਗ ਪਿਆ। ਘਰ 2 ਮਹੀਨੇ ਬਾਅਦ ਕੇਵਲ ਇੱਕ ਵਾਰ ਫੋਨ ਕਰਨ ਦੀ ਇਜਾਜ਼ਤ ਹੁੰਦੀ ਸੀ ਪਰ ਉਹ ਵੀ
1-2 ਮਿੰਟ ‘ਚ ਗੱਲ ਖ਼ਤਮ ਕਰਨ ਦੇ ਪੁਲਿਸ ਵਲੋਂ ਨਿਰਦੇਸ਼ ਸਨ।

ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਜੇਲ੍ਹ ਅੰਦਰ ਬੈਠਾ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਕਿ ਉਹ ਵਿਦੇਸ਼ ਤਾਂ ਚੰਗੇ ਭਵਿੱਖ ਲਈ ਆਇਆ ਸੀ ਪਰ ਇੱਥੇ ਨਿਰਦੋਸ਼ ਹੋਣ ਦੇ ਬਾਵਜ਼ੂਦ ਵੀ ਉਸ ਨੂੰ ਸਲਾਖ਼ਾਂ ਪਿੱਛੇ ਡੱਕ ਦਿੱਤਾ ਅਤੇ ਪਿੱਛੇ ਭਾਰਤ ਉਸਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।ਅਦਾਲਤ ਨੇ ਤਾਂ ਉਸ ਨੂੰ 25 ਸਾਲ ਦੀ ਸਜ਼ਾ ਦਿੱਤੀ ਸੀ ਪਰ ਅਜਮਾਨ ਵਿਚ ‘ਈਦ ਤੇ ਨੈਸ਼ਨਲ ਡੇ’ ‘ਤੇ ਕੁਝ ਕੈਦੀਆਂ ਨੂੰ ਤਰਸ ਦੇ ਅਧਾਰ ’ਤੇ ਰਿਹਾਅ ਕੀਤਾ ਜਾਂਦਾ ਹੈ। ਉਸਨੇ ਦੱਸਿਆ ਕਿ ‘ਨੈਸ਼ਨਲ ਡੇ’ ਮੌਕੇ ਉਸਦਾ ਨਾਮ ਵੀ ਸੂਚੀ ‘ਚ ਆ ਗਿਆ ਸੀ, ਜਿਸ ਕਾਰਨ ਉਸ ਨੂੰ ਢਾਈ ਸਾਲ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ ਅਤੇ ਜੇਲ੍ਹ ਤੋਂ ਸਿੱਧਾ ਏਅਰਪੋਰਟ ਲਿਜਾ ਕੇ ਭਾਰਤ ਭੇਜ ਦਿੱਤਾ ਗਿਆ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਨਾਲ 4 ਹੋਰ ਪੰਜਾਬੀ ਸਾਥੀ ਵੀ ਰਿਹਾਅ ਹੋ ਕੇ ਆਏ ਹਨ।

ਜੇਲ੍ਹ ਤੋਂ ਰਿਹਾਅ ਹੋ ਕੇ ਆਏ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਬਹੁਤ ਔਖਾ ਸਮਾਂ ਕੱਢਿਆ ਅਤੇ ਜਿਉਂਦੇ ਜੀਅ ਆਪਣੇ ਘਰ ਪਰਤਣ ਦੀ ਆਸ ਹੀ ਛੱਡ ਦਿੱਤੀ ਸੀ। ਉਸਨੇ ਦੱਸਿਆ ਕਿ ਉਹ ਹੁਣ ਕਦੇ ਵੀ ਵਿਦੇਸ਼ ਨਹੀਂ ਜਾਵੇਗਾ ਬਲਕਿ ਆਪਣੀ ਧਰਤੀ ’ਤੇ ਹੀ ਰੋਜ਼ਗਾਰ ਕਰ ਪਰਿਵਾਰ ਨਾਲ ਰਹੇਗਾ। ਉਸਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਆਪਣੀ ਜਨਮ ਭੂਮੀ ਨੂੰ ਛੱਡ ਕੇ ਵਿਦੇਸ਼ ਨਾ ਜਾਣ ਬਲਕਿ ਇੱਥੇ ਹੀ ਰੋਜ਼ਗਾਰ ਕਰਨ।
ਦੂਜੇ ਪਾਸੇ ਮਨਪ੍ਰੀਤ ਸਿੰਘ ਦੀ ਮਾਂ ਪਰਮਜੀਤ ਕੌਰ ਦੇ ਪੁੱਤਰ ਨੂੰ ਮਿਲਣ ਤੋਂ ਬਾਅਦ ਅੱਖਾਂ ‘ਚੋਂ ਹੰਝੂ ਨਹੀਂ ਰੁਕ ਰਹੇ ਸਨ ਅਤੇ ਉਨ੍ਹਾਂ ਕਿਹਾ ਕਿ ਆਪਣੇ ਪੁੱਤ ਦੇ ਵਿਛੋੜੇ ’ਚ ਉਹ ਬੀਮਾਰ ਹੋ ਰਹੀ ਸੀ ਅਤੇ ਉਹ ਹਮੇਸ਼ਾ ਇਹੀ ਅਰਦਾਸ ਕਰਦੀ ਸੀ ਕਿ ਰੱਬ ਉਸਨੂੰ ਇੱਕ ਵਾਰ ਉਸਦੇ ਪੁੱਤਰ ਨੂੰ ਮਿਲਾ ਦੇਵੇ ਜੋ ਅੱਜ ਪੂਰੀ ਹੋ ਗਈ।