Connect with us

National

ਜੰਗਬੰਦੀ ਨਾਲ ਬਹੁਤ ਵੱਡਾ ਖ਼ਤਰਾ ਟਲਿਆ, ਟਰੰਪ ਨੇ ਵਧੀਆ ਰੋਲ ਨਿਭਾਇਆ; ਵਿਰੋਧੀ ਸੁਆਗਤ ਕਰਨ ਆਲੋਚਨਾ ਨਹੀਂ

Published

on

ਭਾਰਤ ਅਤੇ ਪਾਕਿਸਤਾਨ ਵਿਚਾਲੇ ਚਾਰ ਦਿਨ ਚੱਲੀ ਜੰਗ ਰੁਕ ਗਈ ਹੈ। ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਨਾਲ ਜੰਗਬੰਦੀ ਹੋਈ ਹੈ। ਪ੍ਰਮੁੱਖ ਹਿੰਦੀ ਅਖ਼ਬਾਰ ਦੈਨਿਕ ਭਾਸਕਰ ਲਿਖਦਾ ਹੈ ਕਿ ਪਾਕਿਸਤਾਨ ਵਿੱਚ ਐਟਮੀ ਖ਼ਤਰੇ ਦਾ ਡਰ ਸੀ ਜਿਸ ਕਾਰਨ ਟਰੰਪ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਫੋਨ ਘੁਮਾਉਣੇ ਸ਼ੁਰੂ ਕਰ ਦਿੱਤੇ। ਨਿਊਯਾਰਕ ਟਾਈਮਜ਼ ਨੇ ਖੁਲਾਸਾ ਕੀਤਾ ਹੈ ਕਿ ਰਾਵਲਪਿੰਡੀ ਵਿੱਚ ਜਿੱਥੇ ਨੂਰਖਾਨ ਏਅਰ ਬੇਸ ਉਸ ਤੋਂ ਮਾਤਰ 10 ਕਿਲੋਮੀਟਰ ਦੂਰ ਪਾਕਿਸਤਾਨ ਦਾ ਪਰਮਾਣੂ ਜਖੀਰਾ ਹੈ। ਇਸ ਹਾਈ ਸਿਕਿਓਰਿਟੀ ਸਾਈਟ ਨੂੰ ਪਾਕਿਸਤਾਨੀ ਸਟ੍ਰੇਟਜਿਕ ਪਲਾਨ ਡਵੀਜ਼ਨ (ਪੀ ਐਸ ਪੀ ਡੀ) ਕਿਹਾ ਜਾਂਦਾ ਹੈ।

ਜਦੋਂ ਭਾਰਤ ਵੱਲੋਂ ਪਾਕਿਸਤਾਨ ਦੇ ਵੱਖ ਵੱਖ ਏਅਰ ਬੇਸਾਂ ਉੱਪਰ ਹਵਾਈ ਹਮਲੇ ਕੀਤੇ ਜਾ ਰਹੇ ਸਨ ਤਾਂ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵ੍ਹਾਈਟ ਹਾਊਸ ਨੂੰ ਇਹ ਆਸ਼ੰਕਾ ਹੋਈ ਕਿ ਪਾਕਿਸਤਾਨ ਦਾ ਪਰਮਾਣੂ ਜਖ਼ੀਰਾ ਖ਼ਤਰੇ ਵਿੱਚ ਹੈ। ਇੱਥੇ ਹਮਲਾ ਹੋਣ ਨਾਲ ਖਿੱਤੇ ਵਿੱਚ ਵੱਡਾ ਖ਼ਤਰਾ ਹੋ ਸਕਦਾ ਹੈ। ਇਸ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਪਾਕਿਸਤਾਨ ਦੇ ਸੈਨਾ ਮੁਖੀ ਆਸਿਮ ਮੁਨੀਰ ਨਾਲ ਨਾਲ ਫ਼ੋਨ ਉੱਪਰ ਰਾਬਤਾ ਕਾਇਮ ਕੀਤਾ। ਇਸ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਸਾਊਦੀ ਅਰਬ ਅਤੇ ਕਤਰ ਦੇ ਰਾਜਦੂਤਾਂ ਨਾਲ ਗੱਲਬਾਤ ਸ਼ੁਰੂ ਕੀਤੀ। ਇਸੇ ਦੌਰਾਨ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਤੇ ਵਿਦੇਸ਼ ਮੰਤਰੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਰਕੋ ਰੂਬੀਓ ਨੇ ਭਾਰਤ ਨਾਲ ਰਾਬਤਾ ਬਣਾਇਆ। ਵੱਡੇ ਖ਼ਤਰੇ ਨੂੰ ਭਾਸਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਜੰਗਬੰਦੀ ਲਈ ਰਾਜ਼ੀ ਕਰ ਲਿਆ।ਜੰਗਬੰਦੀ ਨਾਲ ਸਰਹੱਦ ਨੇੜੇ ਰਹਿੰਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪੰਜਾਬ, ਜੰਮੂ ਕਸ਼ਮੀਰ, ਹਰਿਆਣਾ ਅਤੇ ਰਾਜਸਥਾਨ ਸੂਬਿਆਂ ਦੇ ਲੋਕ ਇਸ ਯੁੱਧ ਨਾਲ ਪ੍ਰਭਾਵਿਤ ਹੋ ਰਹੇ ਸਨ ਇਸ ਲਈ ਇਨ੍ਹਾਂ ਸੂਬਿਆਂ ਦੇ ਲੋਕ ਇਸ ਜੰਗਬੰਦੀ ਦੇ ਫੈਸਲੇ ਨੂੰ ਬਿਲਕੁੱਲ ਦਰੁੱਸਤ ਫ਼ੈਸਲਾ ਦੱਸ ਰਹੇ ਹਨ ਕਿਉਂਕਿ ਲੜਾਈ ਦੌਰਾਨ ਇਨ੍ਹਾਂ ਸੂਬਿਆਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਸੀ। ਵੈਸੇ ਤਾਂ ਯੁੱਧ ਨਾਲ ਪੂਰੇ ਦੇਸ਼ ਨੂੰ ਨੁਕਸਾਨ ਹੁੰਦਾ ਹੈ ਪਰ ਜਿਵੇਂ ਚੀਨੀ ਲੇਖਕ ਸਨ ਟਜ਼ੁ ਨੇ ਆਪਣੀ ਕਿਤਾਬ The Art of War ਵਿੱਚ ਲਿਖਿਆ ਹੈ,”War is Necessary for Peace” ਮਤਲਬ ਲਈ ਸ਼ਾਂਤੀ ਲਈ ਯੁੱਧ ਜ਼ਰੂਰੀ ਹੈ।

ਭਾਰਤ ਨੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਨਿਰਦੋਸ਼ ਲੋਕਾਂ ਦੇ ਕੀਤੇ ਕਤਲੇਆਮ ਪਿੱਛੋਂ ਅੱਤਵਾਦੀਆਂ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਉੱਪਰ ਹਵਾਈ ਹਮਲੇ ਕੀਤੇ ਸਨ ਜਿਸ ਵਿੱਚ ਭਾਰਤ ਕਾਮਯਾਬ ਵੀ ਰਿਹਾ ਹੈ ਲੇਕਿਨ ਪਾਕਿਸਤਾਨ ਨੇ ਅੱਤਵਾਦੀਆਂ ਦੇ ਖ਼ਾਤਮੇ ਲਈ ਭਾਰਤ ਦਾ ਸਾਥ ਦੇਣ ਦੀ ਬਜਾਏ ਭਾਰਤ ਨਾਲ ਯੁੱਧ ਛੇੜ ਲਿਆ। ਪਾਕਿਸਤਾਨ ਅੱਤਵਾਦ ਨੂੰ ਸਹਿ ਦਿੰਦਾ ਆ ਰਿਹਾ ਹੈ ਅਤੇ ਭਾਰਤ ਦੇ ਮਾਸੂਮ ਲੋਕਾਂ ਉੱਪਰ ਹਮਲੇ ਕਰਵਾਉਂਦਾ ਆ ਰਿਹਾ ਹੈ ਜਿਸ ਕਰਕੇ ਭਾਰਤ ਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ ਸੀ। ਭਾਰਤੀ ਸੈਨਾਵਾਂ ਨੇ ਪਾਕਿਸਤਾਨ ਵਿਚਲੇ ਅੱਤਵਾਦੀ ਠਿਕਾਣਿਆਂ ਨੂੰ ਤਕ਼ਰੀਬਨ ਤਬਾਹ ਕਰ ਦਿੱਤਾ ਹੈ। ਯੁੱਧ ਦੌਰਾਨ ਪਾਕਿਸਤਾਨ ਨੂੰ ਵੱਡਾ ਨੁਕਸਾਨ ਹੋਇਆ ਹੈ।ਇਸ ਦੌਰਾਨ ਭਾਰਤ ਦਾ ਵੀ ਕੁੱਝ ਨੁਕਸਾਨ ਹੋਇਆ ਹੈ। ਯੁੱਧ ਤਬਾਹੀ ਹੀ ਲਿਆਉਂਦਾ ਹੈ।

ਭਾਰਤ ਜਿੱਥੇ ਇੱਕ ਧਰਮ ਨਿਰਪੱਖ ਦੇਸ਼ ਹੈ ਉੱਥੇ ਹੀ ਮਾਨਵਤਾਵਾਦੀ ਦੇਸ਼ ਹੈ। ਭਾਰਤ ਦਾ ਮੰਤਵ ਅੱਤਵਾਦੀਆਂ ਨੂੰ ਅਤੇ ਉਨ੍ਹਾਂ ਦੇ ਠਿਕਾਣਿਆਂ ਨੂੰ ਖ਼ਤਮ ਕਰਨਾ ਸੀ ਨਾ ਕਿ ਪਾਕਿਸਤਾਨ ਦੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣਾ ਤੇ ਇਹ ਮੰਤਵ ਭਾਰਤ ਨੇ ਪੂਰਾ ਵੀ ਕਰ ਲਿਆ ਹੈ। ਭਾਰਤ ਹਮੇਸ਼ਾ ਖਿੱਤੇ ਵਿੱਚ ਸ਼ਾਂਤੀ ਚਾਹੁੰਦਾ ਹੈ। ਜੇਕਰ ਪ੍ਰਮੁੱਖ ਹਿੰਦੀ ਅਖ਼ਬਾਰ ਦੈਨਿਕ ਭਾਸਕਰ ਅਤੇ ਨਿਊਯਾਰਕ ਟਾਈਮਜ਼ ਦੀਆਂ ਖਬਰਾਂ ਨੂੰ ਸੱਚ ਹਨ ਤਾਂ ਯੁੱਧਬੰਦੀ ਨਾਲ ਵੱਡਾ ਖ਼ਤਰਾ ਟਲ ਗਿਆ ਹੈ। ਪਾਕਿਸਤਾਨ ਨੂੰ ਹੁਣ ਸਬਕ ਸਿੱਖ ਲੈਣਾ ਚਾਹੀਦਾ ਹੈ ਅਤੇ ਅੱਤਵਾਦੀਆਂ ਨੂੰ ਸਹਿ ਦੇਣੀ ਬੰਦ ਕਰਨੀ ਚਾਹੀਦੀ ਹੈ। ਜੰਗਬੰਦੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ ਜੋ ਸਹੀ ਨਹੀਂ ਹੈ ਕਿਉੰਕਿ ਅਗਰ ਯੁੱਧ ਚਲਦਾ ਰਹਿੰਦਾ ਤਾਂ ਵੱਡੇ ਨੁਕਸਾਨ ਹੋ ਸਕਦੇ ਸਨ ਇਸ ਲਈ ਸਭ ਨੂੰ ਯੁੱਧਬੰਦੀ ਦਾ ਸੁਆਗਤ ਕਰਨਾ ਚਾਹੀਦਾ ਹੈ ਆਲੋਚਨਾ ਨਹੀਂ।

ਕੁਲਵੰਤ ਸਿੰਘ ਗੱਗੜਪੁਰੀ