Connect with us

International

ਕੈਨੇਡਾ ‘ਚ 2 ਪੰਜਾਬੀ ਮੁੰਡਿਆਂ ਨਾਲ ਵਾਪਰੀ ਅਣਹੋਣੀ, ਮੌਕੇ ‘ਤੇ ਨਿਕਲੇ ਸਾਹ

Published

on

ਕੈਨੇਡਾ ਵਿੱਚ 2 ਪੰਜਾਬੀ ਮੁੰਡਿਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸੜਕ ਹਾਦਸੇ ਦੌਰਾਨ 2 ਮੁੰਡਿਆਂ ਦੀ ਮੌਤ ਹੋ ਗਈ ਹੈ। ਪਤਾ ਲੱਗਿਆ ਹੈ ਕਿ ਦੋਵੇਂ ਮ੍ਰਿਤਕ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਸਨ।

ਦੱਸਣਯੋਗ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਮਾੜੀ ਗੌਰ ਸਿੰਘ ਅਤੇ ਆਈਲੋਵਾਲ ਪਿੰਡਾਂ ਦੇ ਵਸਨੀਕ ਤਲਵਿੰਦਰ ਸਿੰਘ ਅਤੇ ਜਜਬੀਰ ਸਿੰਘ, ਰੋਜ਼ੀ-ਰੋਟੀ ਅਤੇ ਆਪਣੇ ਪਰਿਵਾਰਾਂ ਲਈ ਬਿਹਤਰ ਭਵਿੱਖ ਦੀ ਭਾਲ ਵਿੱਚ ਕੈਨੇਡਾ ਗਏ ਸਨ। ਕੱਲ੍ਹ, ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਨੈਲਸਨ ਨੇੜੇ ਹਾਈਵੇਅ 97, ਅਲਾਸਕਾ ਹਾਈਵੇਅ ‘ਤੇ ਇੱਕ ਭਿਆਨਕ ਟਰੱਕ ਹਾਦਸਾ ਵਾਪਰਿਆ। ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਜਾਨ ਚਲੀ ਗਈ। ਹਾਦਸੇ ਦੀ ਖ਼ਬਰ ਫੈਲਦੇ ਹੀ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਸੋਗ ਨਾਲ ਭਰ ਗਿਆ।

ਮ੍ਰਿਤਕਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਨੌਜਵਾਨ ਪੜ੍ਹਾਈ ਅਤੇ ਕੰਮ ਲਈ ਕੈਨੇਡਾ ਗਏ ਸਨ। ਉਨ੍ਹਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਤਲਵਿੰਦਰ ਸਿੰਘ ਅਤੇ ਜਾਬੀਰ ਸਿੰਘ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਸਨ ਜੋ ਹਮੇਸ਼ਾ ਆਪਣੇ ਪਰਿਵਾਰਾਂ ਲਈ ਬਿਹਤਰ ਮੌਕੇ ਭਾਲਦੇ ਸਨ।

ਦੂਜੇ ਪਾਸੇ ਹਾਦਸੇ ਤੋਂ ਤੁਰੰਤ ਬਾਅਦ, ਕੈਨੇਡੀਅਨ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਰਿਵਾਰਾਂ ਦੀ ਮੰਗ ਹੈ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਜਲਦੀ ਤੋਂ ਜਲਦੀ ਪੰਜਾਬ ਵਾਪਸ ਲਿਆਂਦਾ ਜਾਵੇ ਤਾਂ ਜੋ ਉਨ੍ਹਾਂ ਨੂੰ ਅੰਤਿਮ ਸੰਸਕਾਰ ਲਈ ਘਰ ਲਿਆਂਦਾ ਜਾ ਸਕੇ।