Connect with us

News

ਇਨ੍ਹਾਂ ਲੋਕਾਂ ਨਾਲੋਂ ਤਾਂ ਵੇਸਵਾ ਕਈ ਦਰਜ਼ੇ ਚੰਗੀ ਐ: ਪੈਸੈ ਖਾਤਰ ਪੰਜਾਬੀ ਫਿਲਮ ਸਟਾਰ ਨੇ ਧਰਮ, ਇਮਾਨ ਤੇ ਕਿਰਦਾਰ ਮਿੱਟੀ ‘ਚ ਮਿਲਾ ਲਿਆ!

Published

on

ਪੰਜਾਬੀ ਸਿਨੇਮਾ ਅਤੇ ਕਲਾ ਜਗਤ ਨੂੰ ਪੰਜਾਬ ਦੇ ਲੋਕਾਂ ਨੇ ਹਮੇਸ਼ਾਂ ਬਹੁਤ ਪਿਆਰ ਦਿੱਤਾ ਹੈ। ਇੱਥੋਂ ਦੇ ਕਲਾਕਾਰਾਂ ਨੂੰ ਲੋਕ ਸਿਰਫ਼ ਅਦਾਕਾਰ ਨਹੀਂ ਸਮਝਦੇ, ਸਗੋਂ ਆਪਣੇ ਘਰਾਂ ਦੇ ਮੈਂਬਰਾਂ ਵਾਂਗ ਮਾਣ-ਸਤਿਕਾਰ ਦਿੰਦੇ ਹਨ। ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ ਜਿੱਥੇ ਕਲਾ ਨੂੰ ਵੀ ਹਮੇਸ਼ਾਂ ਇੱਕ ਮਰਿਆਦਾ ਅਤੇ ਸੰਸਕਾਰਾਂ ਨਾਲ ਜੋੜ ਕੇ ਦੇਖਿਆ ਗਿਆ। ਪਰ ਅੱਜ ਦੇ ਸਮੇਂ ਵਿੱਚ ਕੁੱਝ ਕਲਾਕਾਰ ਪੈਸੇ, ਦੀ ਦੌੜ ਵਿੱਚ ਆਪਣੀ ਜ਼ਮੀਰ, ਧਰਮ ਅਤੇ ਕਿਰਦਾਰ ਤੱਕ ਵੇਚਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਉੱਘੇ ਪੰਜਾਬੀ ਫਿਲਮ ਸਟਾਰ Yograj Singh ਵੱਲੋਂ ਇੱਕ web series ਵਿੱਚ ਬੋਲੇ ਗਏ ਅਸ਼ਲੀਲ ਅਤੇ ਔਰਤ ਵਿਰੋਧੀ ਡਾਇਲਾਗਾਂ ਨੇ ਪੰਜਾਬ ਦੇ ਹਰ ਸੰਵੇਦਨਸ਼ੀਲ ਇਨਸਾਨ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ।

ਯੋਗਰਾਜ ਸਿੰਘ ਨੂੰ ਲੋਕ ਇੱਕ ਦਮਦਾਰ ਅਦਾਕਾਰ, ਖੁੱਲ੍ਹ ਕੇ ਗੱਲ ਕਰਨ ਵਾਲੇ ਵਿਅਕਤੀ ਅਤੇ ਇੱਕ ਧਾਰਮਿਕ ਸਿੱਖ ਦੇ ਰੂਪ ਵਿੱਚ ਜਾਣਦੇ ਰਹੇ ਹਨ। ਉਹ ਅਕਸਰ ਗੁਰੂ ਘਰ ਨਾਲ ਆਪਣੀ ਸ਼ਰਧਾ ਦੀਆਂ ਗੱਲਾਂ ਕਰਦਾ ਹੈ, ਬਾਬਾ ਦੀਪ ਸਿੰਘ ਜੀ ਪ੍ਰਤੀ ਆਪਣਾ ਪਿਆਰ ਦੱਸਦਾ ਹੈ ਅਤੇ ਅੰਮ੍ਰਿਤਧਾਰੀ ਹੋਣ ਦਾ ਮਾਣ ਵੀ ਕਰਦਾ ਹੈ। ਪਰ ਜਿਸ ਤਰ੍ਹਾਂ ਉਸਨੇ ਇੱਕ web series ਵਿੱਚ ਔਰਤਾਂ ਲਈ ਗਿਰੇ ਹੋਏ ਅਤੇ ਨੀਚ ਪੱਧਰ ਦੇ ਸ਼ਬਦ ਵਰਤੇ, ਉਸਨੇ ਉਸਦੀ ਸਾਰੀ ਬਣਾਈ ਹੋਈ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਇਹ ਸਿਰਫ਼ ਇੱਕ ਡਾਇਲਾਗ ਨਹੀਂ ਸੀ, ਇਹ ਪੰਜਾਬੀ ਸਭਿਆਚਾਰ, ਸਿੱਖੀ ਦੇ ਸਿਧਾਂਤਾਂ ਅਤੇ ਔਰਤ ਦੀ ਇੱਜ਼ਤ ਉੱਪਰ ਸਿੱਧਾ ਹਮਲਾ ਸੀ।

ਸਿੱਖ ਧਰਮ ਨੇ ਤਾਂ ਔਰਤ ਨੂੰ ਸਭ ਤੋਂ ਉੱਚਾ ਦਰਜ਼ਾ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ, “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” ਜਿਸ ਧਰਮ ਨੇ ਔਰਤ ਨੂੰ ਰਾਜਿਆਂ ਦੀ ਜਨਨੀ ਕਿਹਾ ਹੋਵੇ, ਉਸ ਧਰਮ ਦਾ ਸਿੱਖ ਬਣ ਕੇ ਜੇ ਕੋਈ ਵਿਅਕਤੀ ਔਰਤ ਲਈ ਇੰਨੀ ਗੰਦੀ ਭਾਸ਼ਾ ਵਰਤੇ ਤਾਂ ਇਹ ਸਿਰਫ਼ ਸ਼ਰਮਨਾਕ ਹੀ ਨਹੀਂ ਸਗੋਂ ਬਹੁਤ ਦੁੱਖਦਾਇਕ ਵੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜਿਹੇ ਸ਼ਬਦ ਬੋਲਦੇ ਸਮੇਂ ਸ਼ਾਇਦ ਇਹ ਵੀ ਭੁੱਲ ਗਿਆ ਕਿ ਜਿਸ ਔਰਤ ਨੂੰ ਉਹ ਗੰਦੇ ਸ਼ਬਦਾਂ ਨਾਲ ਨਿਵਾਜ ਰਿਹਾ ਹੈ, ਉਹ ਕਿਸੇ ਦੀ ਭੈਣ ਜਾਂ ਧੀ ਹੈ। ਜਿਸ ਮਾਂ ਨੇ ਉਸਨੂੰ ਜਨਮ ਦਿੱਤਾ, ਉਹ ਵੀ ਇੱਕ ਔਰਤ ਹੀ ਹੈ। ਫਿਰ ਕਿਵੇਂ ਇੱਕ ਇਨਸਾਨ ਆਪਣੀ ਜ਼ਬਾਨ ਨੂੰ ਇੰਨਾ ਗਿਰਾ ਸਕਦਾ ਹੈ?

ਇਹ ਵੀ ਬਹੁਤ ਚਿੰਤਾ ਵਾਲੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ web series ਅਤੇ ਫਿਲਮਾਂ ਦੇ ਨਾਂ ‘ਤੇ ਅਸ਼ਲੀਲਤਾ ਨੂੰ “bold content” ਕਹਿ ਕੇ ਪਰੋਸਿਆ ਜਾ ਰਿਹਾ ਹੈ। ਗਾਲਾਂ ਕੱਢਣੀਆਂ, ਔਰਤਾਂ ਦੀ ਬੇਇੱਜ਼ਤੀ ਕਰਨੀ, ਗੰਦੀ ਭਾਸ਼ਾ ਵਰਤਣੀ ਅਤੇ ਨਸ਼ਿਆਂ ਨੂੰ glamour ਬਣਾਕੇ ਦਿਖਾਉਣਾ ਹੁਣ ਕੁੱਝ ਲੋਕ modern entertainment ਸਮਝਣ ਲੱਗ ਪਏ ਹਨ। ਅਸਲ ਵਿੱਚ ਇਹ ਮਨੋਰੰਜਨ ਨਹੀਂ, ਸਗੋਂ ਸਮਾਜ ਦੀ ਸੋਚ ਨੂੰ ਗੰਦਾ ਕਰਨ ਦੀ ਕੋਸ਼ਿਸ਼ ਹੈ। ਜਿਹੜੇ ਲੇਖਕ ਐਸੇ ਡਾਇਲਾਗ ਲਿਖਦੇ ਹਨ, ਜਿਹੜੇ ਨਿਰਦੇਸ਼ਕ ਇਹ scene shoot ਕਰਦੇ ਹਨ ਅਤੇ ਜਿਹੜੇ ਅਦਾਕਾਰ ਪੈਸਿਆਂ ਲਈ ਇਹ ਸਭ ਬੋਲ ਜਾਂਦੇ ਹਨ, ਉਹ ਸਾਰੇ ਇਕੋ ਜਿਹੀ ਗਿਰੀ ਹੋਈ ਮਾਨਸਿਕਤਾ ਦੇ ਸ਼ਿਕਾਰ ਹਨ।

ਕਲਾਕਾਰ ਸਮਾਜ ਦੇ role model ਮੰਨੇ ਜਾਂਦੇ ਹਨ। ਨੌਜਵਾਨ ਉਹਨਾਂ ਨੂੰ follow ਕਰਦੇ ਹਨ, ਉਹਨਾਂ ਦੀਆਂ ਗੱਲਾਂ ਨੂੰ style ਅਤੇ fashion ਸਮਝਦੇ ਹਨ। ਪਰ ਜਦੋਂ ਵੱਡੇ ਕਲਾਕਾਰ ਹੀ ਅਸ਼ਲੀਲਤਾ ਅਤੇ ਔਰਤ ਦੀ ਬੇਇੱਜ਼ਤੀ ਨੂੰ ਆਪਣੀ ਕਲਾ ਬਣਾ ਲੈਣ ਤਾਂ ਸਮਾਜ ਨੂੰ ਕੀ ਸਨੇਹਾ ਜਾਵੇਗਾ? ਪੰਜਾਬ ਪਹਿਲਾਂ ਹੀ ਨਸ਼ਿਆਂ, ਗੈਂਗਸਟਰ culture ਅਤੇ ਸਮਾਜਿਕ ਗਿਰਾਵਟ ਨਾਲ ਲੜ ਰਿਹਾ ਹੈ। ਅਜਿਹੇ ਸਮੇਂ ਵਿੱਚ ਜੇ ਕਲਾਕਾਰ ਵੀ ਸਿਰਫ਼ ਪੈਸੇ ਲਈ ਆਪਣਾ ਜ਼ਮੀਰ ਵੇਚ ਦੇਣ ਤਾਂ ਫਿਰ ਸਮਾਜ ਨੂੰ ਸਹੀ ਰਾਹ ਕੌਣ ਦਿਖਾਏਗਾ?

ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਅੱਜ ਕਈ ਲੋਕ views ਅਤੇ popularity ਲਈ ਕਿਸੇ ਵੀ ਹੱਦ ਤੱਕ ਡਿੱਗਣ ਨੂੰ ਤਿਆਰ ਹਨ। ਨਾ ਧਰਮ ਦੀ ਪਰਵਾਹ ਰਹੀ, ਨਾ ਮਰਿਆਦਾ ਦੀ ਅਤੇ ਨਾ ਹੀ ਆਪਣੇ ਕਿਰਦਾਰ ਦੀ। ਪੈਸੇ ਦੀ ਭੁੱਖ ਨੇ ਇਨਸਾਨ ਨੂੰ ਇੰਨਾ ਅੰਨਾ ਕਰ ਦਿੱਤਾ ਹੈ ਕਿ ਉਹ ਇਹ ਵੀ ਨਹੀਂ ਸੋਚਦਾ ਕਿ ਉਸਦੇ ਸ਼ਬਦ ਲੱਖਾਂ ਲੋਕਾਂ ਦੇ ਮਨਾਂ ਉੱਤੇ ਕੀ ਅਸਰ ਪਾਉਣਗੇ। ਅਜਿਹੇ ਲੋਕਾਂ ਨਾਲੋਂ ਤਾਂ ਉਹ ਔਰਤ ਕਈ ਦਰਜ਼ੇ ਚੰਗੀ ਹੈ ਜੋ ਆਪਣੀ ਮਜਬੂਰੀ ਕਰਕੇ ਗਲਤ ਰਸਤੇ ‘ਤੇ ਜਾਂਦੀ ਹੈ, ਪਰ ਘੱਟੋ-ਘੱਟ ਉਹ ਸਮਾਜ ਨੂੰ ਇਸ ਤਰ੍ਹਾਂ ਗੰਦ ਨਹੀਂ ਵੇਚਦੀ। ਇੱਥੇ ਤਾਂ ਲੋਕ ਪੈਸੇ ਅਤੇ ਸ਼ੋਹਰਤ ਲਈ ਆਪਣੀ ਰੂਹ ਤੱਕ ਵੇਚਣ ਨੂੰ ਤਿਆਰ ਹਨ।

ਪੰਜਾਬ ਦੇ ਲੋਕਾਂ ਨੂੰ ਵੀ ਹੁਣ ਸੋਚਣਾ ਪਵੇਗਾ ਕਿ ਉਹ ਕਿਸ ਤਰ੍ਹਾਂ ਦੇ ਕਲਾਕਾਰਾਂ ਨੂੰ ਸਿਰ ਉੱਤੇ ਬਿਠਾ ਰਹੇ ਹਨ। ਕਲਾ ਉਹ ਹੁੰਦੀ ਹੈ ਜੋ ਸਮਾਜ ਨੂੰ ਚੰਗਾ ਸਨੇਹਾ ਦੇਵੇ, ਲੋਕਾਂ ਨੂੰ ਜੋੜੇ, ਇਨਸਾਨੀਅਤ ਅਤੇ ਸੰਸਕਾਰਾਂ ਨੂੰ ਮਜ਼ਬੂਤ ਕਰੇ। ਜੇ ਕੋਈ ਕਲਾਕਾਰ ਆਪਣੀ ਕਲਾ ਦੇ ਨਾਂ ‘ਤੇ ਗੰਦਗੀ ਪਰੋਸ ਰਿਹਾ ਹੈ ਤਾਂ ਉਸਦੀ ਖੁੱਲ੍ਹ ਕੇ ਨਿੰਦਾ ਹੋਣੀ ਚਾਹੀਦੀ ਹੈ। ਕਿਉਂਕਿ ਜਦੋਂ ਸਮਾਜ ਗਲਤ ਨੂੰ ਸਹਿਣਾ ਸ਼ੁਰੂ ਕਰ ਦਿੰਦਾ ਹੈ, ਓਦੋਂ ਗਲਤ ਹੀ ਆਮ ਬਣ ਜਾਂਦਾ ਹੈ।

ਕੁਲਵੰਤ ਸਿੰਘ ਗੱਗੜਪੁਰੀ