National
26 ਜਨਵਰੀ ਨੂੰ ਕਰਤਵਿਆ ਪੱਥ ’ਤੇ ਦਿਸੇਗੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹਾਦਤ ਦੀ ਦਾਸਤਾਨ ‘ਤੇ ਝਾਕੀ
ਨੌਵੇਂ ਪਾਤਸ਼ਾਹ ਤੇ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ 350 ਸਾਲ ਪੂਰੇ ਹੋ ਚੁੱਕੇ ਹਨ। ਪੂਰੇ ਦੇਸ਼ ਭਰ ਵਿੱਚ 24 ਨਵੰਬਰ 2025 ਨੂੰ ਗੁਰੂ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ। ਇਸ ਵਾਰ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੀ ਝਾਕੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਰਤਵ ਪੱਥ ’ਤੇ ਦਿਖਾਈ ਦੇਵੇਗੀ।
ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਇਸ ਥੀਮ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ’ਤੇ ਕੰਮ ਵੀ ਸ਼ੁਰੂ ਹੋ ਗਿਆ ਹੈ। ਇਹ ਲਗਾਤਾਰ ਦੂਜਾ ਸਾਲ ਹੋਵੇਗਾ ਜਦੋਂ ਪੰਜਾਬ ਦੀ ਝਾਕੀ ਕਰਤਵਿਆ ਪੱਥ ’ਤੇ ਦਿਸੇਗੀ। ਪਿਛਲੇ ਸਾਲ ਪੰਜਾਬ ਦੇ ਸੱਭਿਆਚਾਰ ਅਤੇ ਬਾਬਾ ਫ਼ਰੀਦ ਦੀ ਥੀਮ ’ਤੇ ਬਣਾਈ ਝਾਕੀ ਦਿਖਾਈ ਗਈ ਸੀ।
ਦੱਸਣਯੋਗ ਹੈ ਕਿ ਜਦੋਂ ਕੇਂਦਰ ਸਰਕਾਰ ਨੇ ਪਿਛਲੇ ਸਾਲ ਥੀਮ ਮੰਗੀ, ਉਦੋਂ ਪੰਜਾਬ ਵਿਚ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ। ਇਸੇ ਥੀਮ ’ਤੇ ਪੰਜਾਬ ਸਰਕਾਰ ਵੱਲੋਂ ਥੀਮ ਦਿੱਤੀ ਗਈ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ। ਚਾਰ ਦੌਰ ਦੀ ਬੈਠਕ ਅਤੇ ਕੁਝ ਤਬਦੀਲੀਆਂ ਤੋਂ ਬਾਅਦ ਪੰਜਾਬ ਦੀ ਝਾਕੀ ਨੂੰ 26 ਜਨਵਰੀ ਨੂੰ ਕਰਤਵ ਪੱਥ ’ਤੇ ਕੱਢਣ ਦੀ ਮਨਜ਼ੂਰੀ ਮਿਲ ਗਈ ਹੈ। ਇਹ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਮੌਕੇ ਪਿਛਲੇ ਦਿਨੀਂ ਹਰਿਆਣਾ ਵਿਚ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੇਕਰ ਗੁਰੂ ਤੇਗ਼ ਬਹਾਦਰ ਸਾਹਿਬ ਨਾ ਹੁੰਦੇ ਤਾਂ ਨਾ ਧਰਮ ਹੁੰਦਾ ਅਤੇ ਨਾ ਦੇਸ਼। ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਪੂਰੇ ਦੇਸ਼ ਨੇ ਪਿਛਲੇ ਸਾਲ ਹੀ ਸ਼ਹੀਦੀ ਪੁਰਬ ਮਨਾਇਆ ਹੈ।
ਜ਼ਿਕਰਯੋਗ ਹੈ ਕਿ 2017 ਤੋਂ 2022 ਤੱਕ ਲਗਾਤਾਰ ਪੰਜਾਬ ਦੀਆਂ ਝਾਕੀਆਂ ਰਾਜਪੱਥ ’ਤੇ ਦਿਖਾਈ ਦਿੱਤੀਆਂ ਸਨ। ਇਨ੍ਹਾਂ ਵਿਚ ਸਭ ਤੋਂ ਵੱਧ ਜਿਹੜੀ ਝਾਕੀ ਚਰਚਾ ਦਾ ਕੇਂਦਰ ਬਣੀ ਸੀ, ਉਹ ਸੀ ਲੰਗਰ ਪ੍ਰਥਾ। ਗੁਰੂ ਅਮਰਦਾਸ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਪ੍ਰਥਾ ਦੀ ਝਾਕੀ ਜਦੋਂ ਰਾਜਪੱਥ ’ਤੇ ਨਿਕਲੀ ਸੀ ਤਾਂ ਸਾਰਿਆਂ ਨੇ ਇਸ ਦੀ ਸ਼ਲਾਘਾ ਕੀਤੀ ਸੀ।
