Connect with us

Punjab

ਇਲਾਹਾਬਾਦ ਹਾਈਕੋਰਟ, ਔਰਤਾਂ ਤੇ ਕਾਮ ਵਾਸਨਾ ਦੀ ਬਿਮਾਰੀ ਨਾਲ ਪੀੜਤ ਸਮਾਜ …

Published

on

ਇਲਾਹਾਬਾਦ ਹਾਈਕੋਰਟ ਵੱਲੋਂ ਲਗਾਤਾਰ ਔਰਤਾਂ ਨਾਲ ਬਲਾਤਕਾਰ ਜਾਂ ਛੇੜਛਾੜ ਦੇ ਮਾਮਲਿਆਂ ਵਿੱਚ ਵਿਵਾਦਤ ਫ਼ੈਸਲੇ ਸੁਣਾਏ ਜਾ ਰਹੇ ਹਨ, ਜਿਸਦਾ ਨੋਟਿਸ ਦੇਸ਼ ਦੀ ਸਰਵਉਚ ਅਦਾਲਤ ਨੇ ਵੀ ਲਿਆ ਹੈ। ਕਈ ਦਿਨ ਪਹਿਲਾਂ ਇਲਾਹਾਬਾਦ ਹਾਈਕੋਰਟ ਨੇ ਇੱਕ ਫ਼ੈਸਲੇ ਵਿੱਚ ਕਿਹਾ ਸੀ ਕਿ ਨਾਬਾਲਗ ਲੜਕੀ ਦੀਆਂ ਛਾਤੀਆਂ ਨੂੰ ਛੇੜਨਾ ਜਾਂ ਨਾੜਾ ਖਿੱਚਣਾ ਬਲਾਤਕਾਰ ਦੀ ਕੋਸ਼ਿਸ ਨਹੀਂ ਮੰਨੀ ਜਾ ਸਕਦੀ। ਇਸ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਸੀ ਕਿ ਜੱਜਾਂ ਨੂੰ ਇਹੋ ਜਿਹੀਆਂ ਟਿੱਪਣੀਆਂ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਨੂੰ ਪਲਟਦਿਆਂ ਕਿਹਾ ਸੀ ਕਿ ਨਾਬਾਲਗ ਲੜਕੀ ਦੇ ਪ੍ਰਾਈਵੇਟ ਪਾਰਟਸ ਨੂੰ ਛੇੜਨਾ ਜਾਂ ਨਾੜਾ ਖਿੱਚਣਾ ਬਲਾਤਕਾਰ ਦੀ ਕੋਸ਼ਿਸ ਮੰਨਿਆ ਜਾਵੇਗਾ। ਹਾਲ ਹੀ ਵਿੱਚ ਇੱਕ ਹੋਰ ਫ਼ੈਸਲੇ ਵਿੱਚ ਇਲਾਹਾਬਾਦ ਹਾਈਕੋਰਟ ਨੇ ਬਲਾਤਕਾਰੀ ਨੂੰ ਜ਼ਮਾਨਤ ਦਿੰਦਿਆਂ ਬਲਾਤਕਾਰ ਦੀ ਪੀੜਤ ਨੂੰ ਹੀ ਝਾੜ ਪਾਈ ਸੀ ਅਤੇ ਕਿਹਾ ਸੀ ਕਿ ਤੂੰ ਰਾਤ ਦੇ ਸਮੇਂ ਉੱਥੇ ਗਈ ਹੀ ਕਿਉਂ ਸੀ ਜਿੱਥੇ ਬਲਾਤਕਾਰ ਹੋਇਆ ਅਤੇ ਉੱਥੇ ਜਾ ਕੇ ਮੁੰਡੇ ਨਾਲ ਸ਼ਰਾਬ ਕਿਉਂ ਪੀਤੀ? ਹਾਈਕੋਰਟ ਦੇ ਇਸ ਫ਼ੈਸਲੇ ਵਿਰੁੱਧ ਵੀ ਸੁਪਰੀਮ ਕੋਰਟ ਨੇ ਸਖ਼ਤ ਨੋਟਿਸ ਲੈਂਦਿਆਂ ਜੱਜਾਂ ਨੂੰ ਇਹੋ ਜਿਹੀਆਂ ਟਿੱਪਣੀਆਂ ਕਰਨ ਕਰਕੇ ਝਾੜ ਪਾਈ ਹੈ।

ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਮਾਣਯੋਗ ਉੱਚ ਅਦਾਲਤ ਵਿੱਚ ਬੈਠੇ ਜੱਜ ਅਜਿਹੀਆਂ ਟਿੱਪਣੀਆਂ ਕਿਉਂ ਕਰ ਰਹੇ ਹਨ? ਕੀ ਉਨ੍ਹਾਂ ਨੂੰ ਅਦਾਲਤ ਮਰਿਆਦਾ ਅਤੇ ਕਾਰਜ ਦਾ ਗਿਆਨ ਨਹੀਂ ਜਾਂ ਫਿਰ ਉਹ ਕਿਸੇ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ? ਜਦੋਂ ਕਿਸੇ ਵਿਅਕਤੀ ਨਾਲ ਜ਼ਿਆਦਤੀ ਹੁੰਦੀ ਹੈ ਤਾਂ ਉਸਨੂੰ ਆਸ ਹੁੰਦੀ ਹੈ ਕਿ ਮਾਣਯੋਗ ਅਦਾਲਤ ਤੋਂ ਉਸਨੂੰ ਇਨਸਾਫ਼ ਮਿਲੇਗਾ ਪਰ ਜਦੋਂ ਅਦਾਲਤਾਂ ਪੀੜਤ ਨੂੰ ਹੀ ਦੋਸ਼ੀ ਠਹਿਰਾਉਣ ਲੱਗ ਪੈਣ ਤਾਂ ਲੋਕ ਕਿੱਥੇ ਜਾਣ? ਸਾਡੇ ਦੇਸ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੀ ਸੁਪਰੀਮ ਕੋਰਟ ਬਿਨਾਂ ਕਿਸੇ ਦਬਾਅ ਦੇ ਨਿਰਪੱਖ ਅਤੇ ਲੋਕ ਪੱਖੀ ਫ਼ੈਸਲੇ ਸੁਣਾ ਰਹੀ ਹੈ।

ਭਾਵੇਂ ਸਾਡਾ ਦੇਸ਼ ਹਰ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ ਪਰ ਔਰਤਾਂ ਦੇ ਸੰਬੰਧ ਵਿੱਚ ਮਰਦ ਸਮਾਜ ਦੀ ਸੋਚ ਅਜੇ ਵੀ ਦਕਿਆਨੂਸੀ ਹੈ। ਔਰਤ ਨੂੰ ਇੱਕ ਭੋਗਣ ਵਾਲੀ ਵਸਤੂ ਹੀ ਸਮਝਿਆ ਜਾ ਰਿਹਾ ਹੈ। ਸਾਡੇ ਦੇਸ਼ ਦੇ ਵੱਡੀ ਗਿਣਤੀ ਵਿੱਚ ਮਰਦ ਕਾਮ ਵਾਸਨਾ ਨਾਲ ਬਿਮਾਰ ਹੋ ਚੁੱਕੇ ਹਨ। ਹੁਣ ਤਾਂ ਛੋਟੀਆਂ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਹੋਣ ਲੱਗ ਪਏ ਨੇ।

ਬੀਤੇ ਦਿਨੀਂ ਗੁਰੂਗ੍ਰਾਮ ਦੇ ਨਾਮੀ ਹਸਪਤਾਲ ਵਿੱਚ ਇੱਕ ਏਅਰ ਹੋਸਟੈੱਸ ਨੇ ਦੋਸ਼ ਲਗਾਇਆ ਸੀ ਕਿ ਉਸ ਨਾਲ ਉਸ ਸਮੇਂ ਰੇਪ ਕੀਤਾ ਗਿਆ ਜਦੋਂ ਉਹ ਵੈਂਟੀਲੇਟਰ ‘ਤੇ ਸੀ ਅਤੇ ਸ਼ਰਮ ਵਾਲੀ ਗੱਲ ਇਹ ਹੈ ਕਿ ਇਹ ਰੇਪ ਹਸਪਤਾਲ ਦੇ ਮੁਲਾਜ਼ਮਾਂ ਵਲੋਂ ਕੀਤਾ ਗਿਆ ਤੇ ਉਹ ਵੀ ਮੁਲਾਜ਼ਮ ਔਰਤਾਂ ਦੇ ਸਾਹਮਣੇ। ਇੱਕ ਹੋਰ ਘਟਨਾ ਤਾਂ ਸਮਾਜ ਨੂੰ ਬੇਹੱਦ ਸ਼ਰਮਸਾਰ ਕਰਦੀ ਹੈ ਕਿ ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਇੱਕ ਬਾਰ੍ਹਾਂ ਸਾਲ ਦੀ ਬੱਚੀ ਨਾਲ ਉਨ੍ਹਾਂ ਦੇ ਕਿਰਾਏਦਾਰ ਨੇ ਰੇਪ ਕੀਤਾ ਤੇ ਉਹ ਗਰਭਵਤੀ ਹੋ ਗਈ। ਇੰਝ ਹਰ ਰੋਜ਼ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਾਮ ਵਾਸਨਾ ਦੀ ਗੰਭੀਰ ਬਿਮਾਰੀ ਲਈ ਕੌਣ ਜ਼ਿੰਮੇਵਾਰ ਹੈ ਅਤੇ ਇਸਦਾ ਇਲਾਜ ਕੀ ਹੈ? ਮੈਂ ਇਹ ਸਮਝਦਾ ਹਾਂ ਕਿ ਇਸ ਲਈ ਮੁੱਢਲੇ ਤੌਰ ‘ਤੇ ਸਾਡਾ ਵਿੱਦਿਅਕ ਢਾਂਚਾ ਜ਼ਿੰਮੇਵਾਰ ਹੈ ਅਤੇ ਉਸ ਤੋਂ ਬਾਅਦ ਸਾਡਾ ਸਮਾਜ ਤੇ ਮਾਂ ਬਾਪ ਜ਼ਿੰਮੇਵਾਰ ਹਨ। ਬਿਮਾਰ ਸਮਾਜ ਦੇ ਇਲਾਜ ਲਈ ਸਕੂਲਾਂ ਕਾਲਜਾਂ ਵਿੱਚ ਨੈਤਿਕ ਸਿੱਖਿਆ ਲਾਜ਼ਮੀ ਕਰ ਦਿੱਤੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਛੇਵੀਂ ਜਮਾਤ ਤੋਂ ਸੈਕਸ ਐਜੂਕੇਸ਼ਨ ਵੀ ਲਾਜ਼ਮੀ ਕਰ ਦਿੱਤੀ ਜਾਣੀ ਚਾਹੀਦੀ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਦੋਸਤਾਂ ਵਾਂਗ ਵਿਚਰਨ ਅਤੇ ਉਨ੍ਹਾਂ ਨੂੰ ਘਰ ਤੋਂ ਹੀ ਨੈਤਿਕਤਾ ਦਾ ਗਿਆਨ ਦੇਣ। ਸਰਕਾਰ ਅਤੇ ਸਮਾਜ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਿਮਾਰ ਸਮਾਜ ਦੀ ਬਿਮਾਰੀ ਦਾ ਇਲਾਜ ਲੱਭਣ ਦੀ ਕੋਸ਼ਿਸ਼ ਕਰਨ।

ਕੁਲਵੰਤ ਸਿੰਘ ਗੱਗੜਪੁਰੀ