WORLD
ਅਮਰੀਕਾ: ਅਮਰੀਕਾ ‘ਚ ਗੈਰ-ਕਾਨੂੰਨੀ ਦਾਖਲ ਹੋਣ ਦੇ ਦੋਸ਼ ‘ਚ ਤਿੰਨ ਭਾਰਤੀਆਂ ਸਮੇਤ 4 ਲੋਕਾਂ ਨੂੰ ਕੀਤਾ ਗਿਆ ਕਾਬੂ
14 ਮਾਰਚ 2024: ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ ਤਿੰਨ ਭਾਰਤੀਆਂ ਸਮੇਤ ਚਾਰ ਲੋਕਾਂ ਨੂੰ ਕੈਨੇਡੀਅਨ ਸਰਹੱਦ ਨੇੜੇ ਇਕ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਿੱਤੀ। ਯੂਐਸ ਬਾਰਡਰ ਪੈਟਰੋਲ ਨੇ ਡਾਊਨਟਾਊਨ ਬਫੇਲੋ ਵਿੱਚ ਇੰਟਰਨੈਸ਼ਨਲ ਰੇਲਰੋਡ ਬ੍ਰਿਜ ‘ਤੇ ਚੱਲਦੀ ਮਾਲ ਗੱਡੀ ਤੋਂ ਛਾਲ ਮਾਰਨ ਤੋਂ ਬਾਅਦ ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ।
ਚੌਥਾ ਵਿਅਕਤੀ ਡੋਮਿਨਿਕਨ ਰੀਪਬਲਿਕ ਦਾ ਨਾਗਰਿਕ ਹੈ। ਜਿਵੇਂ ਹੀ ਪੁਲਿਸ ਨੇੜੇ ਪਹੁੰਚੀ ਤਾਂ ਉਕਤ ਵਿਅਕਤੀਆਂ ਨੇ ਜ਼ਖਮੀ ਔਰਤ ਨੂੰ ਛੱਡ ਦਿੱਤਾ ਅਤੇ ਉਥੋਂ ਭੱਜ ਗਏ ਪਰ ਉਕਤ ਵਿਅਕਤੀਆਂ ਨੂੰ ਪੁਲਿਸ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਜ਼ਖਮੀ ਔਰਤ ਨੂੰ ਏਰੀ ਕਾਉਂਟੀ ਸ਼ੈਰਿਫ ਦੇ ਅਫਸਰਾਂ ਅਤੇ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੇ ਅਧਿਕਾਰੀਆਂ ਦੁਆਰਾ ਮੁਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਇਸ ਤੋਂ ਬਾਅਦ ਔਰਤ ਨੂੰ ਐਂਬੂਲੈਂਸ ਰਾਹੀਂ ਸਥਾਨਕ ਮੈਡੀਕਲ ਸੈਂਟਰ ਲਿਜਾਇਆ ਗਿਆ।
ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਚਾਰਾਂ ਕੋਲ ਕੋਈ ਦਸਤਾਵੇਜ਼ ਨਹੀਂ ਸਨ। ਇੱਕ ਮੀਡੀਆ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਤਿੰਨੋਂ ਆਦਮੀਆਂ ਨੂੰ ਬਟਾਵੀਆ ਫੈਡਰਲ ਨਜ਼ਰਬੰਦੀ ਕੇਂਦਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ, ਜਿੱਥੇ ਉਹ ਦੇਸ਼ ਨਿਕਾਲੇ ਦੀ ਸੁਣਵਾਈ ਤੱਕ ਰਹਿਣਗੇ।