Connect with us

Punjab

ਭੁੱਲਰ ਦਾ ਨੈੱਟਵਰਕ ਬੇਨਕਾਬ :  ਦੋ ਨਿਆਂਇਕ ਅਧਿਕਾਰੀ, 30 ਅਫਸਰ ਤੇ ਕਈ ਡੀਲਰ ਫਸੇ ! 

Published

on

ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਕੋਈ ਆਮ ਪੁਲਿਸ ਅਧਿਕਾਰੀ ਨਹੀਂ ਸੀ, ਸਗੋਂ ਉਸਦਾ ਭ੍ਰਿਸ਼ਟਾਚਾਰ ਦਾ ਨੈੱਟਵਰਕ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੀ। ਸੀ.ਬੀ.ਆਈ. ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਭੁੱਲਰ ਦੇ ਇਸ ਜਾਲ ਵਿੱਚ ਦੋ ਵੱਡੇ ਨਿਆਂਇਕ ਅਧਿਕਾਰੀ, 30 ਉੱਚ ਅਧਿਕਾਰੀ—ਜਿਨ੍ਹਾਂ ਵਿੱਚ ਆਈ.ਏ.ਐੱਸ., ਆਈ.ਪੀ.ਐੱਸ. ਅਤੇ ਪੀ.ਸੀ.ਐੱਸ. ਅਫਸਰ ਸ਼ਾਮਲ ਹਨ—ਅਤੇ ਕਈ ਪ੍ਰਾਪਰਟੀ ਡੀਲਰਾਂ ਦੀ ਗਹਿਰੀ ਸਾਂਠਗਾਂਠ ਸੀ।

ਸੀ.ਬੀ.ਆਈ. ਵੱਲੋਂ ਭੁੱਲਰ ਅਤੇ ਦਲਾਲ ਕ੍ਰਿਸਨੂ ਦੀ ਮੋਬਾਈਲ ਚੈਟ ਅਤੇ ਹੋਰ ਸਰੋਤਾਂ ਤੋਂ ਪ੍ਰਾਪਤ ਜਾਣਕਾਰੀਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਭੁੱਲਰ ਨਿਰੰਤਰ ਰਿਸ਼ਵਤਖੋਰੀ ਰਾਹੀਂ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਹੱਕ ਵਿੱਚ ਸਿਸਟਮ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਸੀ। ਉਸਦੇ ਪ੍ਰਭਾਵ ਦਾ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਥਿਤ ਤੌਰ ‘ਤੇ ਉਹ ਨਾ ਸਿਰਫ਼ ਨਿਆਂਇਕ ਅਧਿਕਾਰੀਆਂ ਅਤੇ ਵੱਡੇ ਅਫਸਰਾਂ ਨੂੰ ਪੈਸਾ ਪਹੁੰਚਾਉਂਦਾ ਸੀ, ਬਲਕਿ ਉਨ੍ਹਾਂ ਲਈ ਵਿਦੇਸ਼ੀ ਦੌਰਿਆਂ ਦਾ ਬੰਦੋਬਸਤ ਵੀ ਕਰਦਾ ਸੀ। ਸੀ.ਬੀ.ਆਈ. ਨੂੰ ਵਿਦੇਸ਼ੀ ਦੌਰਿਆਂ ਨਾਲ ਜੁੜੇ ਕਈ ਅਹਿਮ ਦਸਤਾਵੇਜ਼ ਅਤੇ ਸਬੂਤ ਮਿਲੇ ਹਨ।

ਪਟਿਆਲਾ ਅਤੇ ਲੁਧਿਆਣਾ ਦੇ ਕਈ ਪ੍ਰਾਪਰਟੀ ਡੀਲਰਾਂ ਦੇ ਘਰੋਂ 50 ਤੋਂ 70 ਲੱਖ ਰੁਪਏ ਤੱਕ ਦੀ ਕੀਮਤ ਵਾਲੀਆਂ ਸੰਪਤੀਆਂ ਬਰਾਮਦ ਹੋਈਆਂ ਹਨ। ਚੰਡੀਗੜ੍ਹ ਸਥਿਤ ਭੁੱਲਰ ਦੀ ਰਿਹਾਇਸ਼ ਉੱਤੇ ਜਦੋਂ ਪਹਿਲੀ ਵਾਰ ਛਾਪਾ ਮਾਰਿਆ ਗਿਆ, ਤਾਂ ਉੱਥੋਂ ਸਾਢੇ ਸੱਤ ਕਰੋੜ ਰੁਪਏ ਨਕਦ, ਢਾਈ ਕਿੱਲੋ ਸੋਨਾ, ਮਹਿੰਗੀਆਂ ਘੜੀਆਂ, ਲਗਜ਼ਰੀ ਕਾਰਾਂ ਅਤੇ ਕਰੀਬ 50 ਪ੍ਰਾਪਰਟੀਆਂ ਦੇ ਦਸਤਾਵੇਜ਼ ਮਿਲੇ ਸਨ।

ਜਿਵੇਂ ਜਿਵੇਂ ਜਾਂਚ ਅੱਗੇ ਵਧਦੀ ਗਈ, ਹਰ ਵੱਡੇ ਸ਼ਹਿਰ ਵਿੱਚ ਭੁੱਲਰ ਦੀਆਂ ਬੇਨਾਮੀ ਜਾਇਦਾਦਾਂ, ਫਾਰਮ ਹਾਊਸਾਂ ਅਤੇ ਰੀਅਲ ਅਸਟੇਟ ਨਿਵੇਸ਼ਾਂ ਦੇ ਨਵੇਂ ਸਬੂਤ ਮਿਲਦੇ ਗਏ। ਹੁਣ ਨਵੇਂ ਖੁਲਾਸਿਆਂ ਤੋਂ ਬਾਅਦ ਈ.ਡੀ. ਅਤੇ ਇਨਕਮ ਟੈਕਸ ਵਿਭਾਗ ਵੀ ਇਸ ਜਾਂਚ ਨਾਲ ਜੁੜ ਗਏ ਹਨ। ਅਗਲੇ ਦਿਨਾਂ ਵਿੱਚ ਕਈ ਵੱਡੇ ਅਧਿਕਾਰੀਆਂ, ਲੋਕਾਂ ਨੂੰ ਨਿਆਂ ਦੇਣ ਵਾਲੇ ਨਿਆਂਇਕ ਅਧਿਕਾਰੀਆਂ, ਨੇਤਾਵਾਂ ਅਤੇ ਪ੍ਰਾਪਰਟੀ ਡੀਲਰਾਂ ਦੇ ਭ੍ਰਿਸ਼ਟ ਚਿਹਰੇ ਬੇਨਕਾਬ ਹੋਣ ਦੀ ਸੰਭਾਵਨਾ ਹੈ — ਜੋ ਇਹ ਸਾਬਤ ਕਰਦਾ ਹੈ ਕਿ ਹਰਚਰਨ ਸਿੰਘ ਭੁੱਲਰ ਦਾ ਨੈੱਟਵਰਕ ਸਿਰਫ਼ ਪੁਲਿਸ ਤੱਕ ਸੀਮਿਤ ਨਹੀਂ, ਸਗੋਂ ਪੂਰੇ ਪ੍ਰਸ਼ਾਸਨਿਕ ਤੰਤ੍ਰ ਵਿੱਚ ਡੂੰਘੀਆਂ ਜੜ੍ਹਾਂ ਰੱਖਦਾ ਸੀ।

ਕੁਲਵੰਤ ਸਿੰਘ ਗੱਗੜਪੁਰੀ