Punjab
ਸੂਬੇ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਭਾਜਪਾ
ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਾਰ ਕਾਂਗਰਸ ਨੇ ਬਾਜ਼ੀ ਮਾਰ ਕੇ ਸੂਬੇ ਦੀਆਂ 7 ਲੋਕ ਸਭਾ ਸੀਟਾਂ ‘ਤੇ ਹੱਕ ਜਮਾਇਆ ਅਤੇ ਆਪ ਸਿਰਫ 3 ਸੀਟਾਂ ਤੇ ਸਿਮਟ ਕੇ ਰਹਿ ਗਈ ਜਦਕਿ ਅਕਾਲੀ ਦਲ ਦੇ ਪੱਲੇ ਇਕ ਸੀਟ ਹੀ ਪਈ ਹੈ। ਦੂਜੇ ਪਾਸੇ ਸੂਬੇ ਵਿੱਚ 2 ਆਜ਼ਾਦ ਉਮੀਦਵਾਰਾਂ ਨੇ ਚੰਗੀ ਲੀਡ ਹਾਸਿਲ ਕੀਤੀ ਹੈ।
ਪਰ ਇੱਥੇ ਗੱਲ ਕਰ ਰਹੇ ਹਾਂ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਵਿਧਾਨ ਸਭਾ ਹਲਕਿਆਂ ਦੀ ਵੋਟਿੰਗ ਦੇ ਅੰਕੜਿਆਂ ਦੀ ਤਾਂ ਉਸ ਨੇ ਸਭ ਨੂੰ ਸੋਚਣ ਲਈ ਮਜ਼ਬੂਰ ਜ਼ਰੂਰ ਕਰ ਦਿੱਤਾ ਹੈ। ਦਰਅਸਲ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਛੱਡ ਕੇ ਹਰ ਕੋਈ ਵਿਕਾਸ ਕਰਦਾ ਨਜ਼ਰ ਆਇਆ ਹੈ। ਇਸ ਵਿੱਚ ਭਾਜਪਾ ਨੇ ਸਭ ਤੋਂ ਵੱਧ ਹੈਰਾਨ ਕਰ ਦਿੱਤਾ ਹੈ, ਜੋ ਇੱਕ ਵੀ ਸੀਟ ਨਹੀਂ ਜਿੱਤ ਸਕੀ, ਪਰ ਫਿਰ ਵੀ 23 ਵਿਧਾਨ ਸਭਾ ਦੀਆਂ ਸੀਟਾਂ ‘ਤੇ ਸਭ ਤੋਂ ਅੱਗੇ ਰਹੀ ਹੈ।
‘ਆਪ’ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ 92 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ ਪਰ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਉਨ੍ਹਾਂ ਨੂੰ ਮੁਸ਼ਕਲ ‘ਚ ਪਾ ਦਿੱਤਾ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ‘ਆਪ’ ਨੂੰ 117 ‘ਚੋਂ ਸਿਰਫ਼ 32 ਸੀਟਾਂ ‘ਤੇ ਜ਼ਿਆਦਾ ਵੋਟਾਂ ਮਿਲੀਆਂ, ਇਹ ਅੰਕੜਾ ਬਹੁਮਤ ਤੋਂ ਬਹੁਤ ਦੂਰ ਹੈ। ਜਦਕਿ ਸੂਬੇ ‘ਚ ਕਾਂਗਰਸ ਪਹਿਲੇ ਸਥਾਨ ‘ਤੇ ਹੈ, ਜਿਸ ਨੂੰ 117 ‘ਚੋਂ 38 ਸੀਟਾਂ ‘ਤੇ ਲੀਡ ਮਿਲੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ 18 ਸੀਟਾਂ ‘ਤੇ ਸਿਮਟ ਗਈ ਸੀ। ਜਦਕਿ ਅਕਾਲੀ ਦਲ ਜਿਸ ਕੋਲ ਇਸ ਵੇਲੇ 2 ਵਿਧਾਇਕ ਹਨ, ਉਸਨੂੰ 9 ਸੀਟਾਂ ‘ਤੇ ਲੀਡ ਮਿਲੀ ਹੈ।
ਭਾਜਪਾ ਨੇ ਵੋਟ ਬੈਂਕ ਦੀ ਨੀਂਹ ਰੱਖੀ
ਭਾਜਪਾ ਨੇ ਪਹਿਲੀ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੀਆਂ ਸਨ। 117 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ ਅਤੇ ਸਿਰਫ 2 ਸੀਟਾਂ ਹੀ ਜਿੱਤੀਆਂ ਸਨ, ਪਰ ਲੋਕ ਸਭਾ ਚੋਣਾਂ ‘ਚ ਭਾਜਪਾ ਦਾ ਹੁਣ ਵੋਟ ਬੈਂਕ ਹੈ, ਜਿਸ ਕਾਰਨ ਭਾਜਪਾ ਸੂਬੇ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ।
ਕਿਹੜੇ 8 ਜ਼ਿਲ੍ਹਿਆਂ ਵਿੱਚ ਭਾਜਪਾ ਦੀ ਐਂਟਰੀ ਹੋਈ ਹੈ
ਪੰਜਾਬ ਵਿੱਚ ਭਾਜਪਾ 8 ਜ਼ਿਲ੍ਹਿਆਂ ਵਿੱਚ ਆਪਣਾ ਖਾਤਾ ਖੋਲ੍ਹਦੀ ਨਜ਼ਰ ਆ ਰਹੀ ਹੈ। ਜਿਸ ‘ਚ ਉਨ੍ਹਾਂ ਨੇ ਲੁਧਿਆਣਾ ‘ਚ ਸਭ ਤੋਂ ਵੱਧ ਸੀਟਾਂ ‘ਤੇ ਲੀਡ ਹਾਸਲ ਕੀਤੀ। ਲੁਧਿਆਣਾ ‘ਚ ਭਾਜਪਾ 5 ਵਿਧਾਨ ਸਭਾ ਸੀਟਾਂ ‘ਤੇ ਅੱਗੇ ਹੈ। ਇਸ ਤੋਂ ਇਲਾਵਾ ਭਾਜਪਾ ਨੂੰ ਅੰਮ੍ਰਿਤਸਰ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਪਟਿਆਲਾ ਅਤੇ ਗੁਰਦਾਸਪੁਰ ਦੀਆਂ 3-3, ਜਲੰਧਰ ਅਤੇ ਬਠਿੰਡਾ ਸ਼ਹਿਰੀ ਦੀਆਂ 2-2 ਸੀਟਾਂ ‘ਤੇ ਲੀਡ ਮਿਲੀ ਹੈ।
ਮੰਤਰੀ ਬਣਨਗੇ ਰਵਨੀਤ ਬਿੱਟੂ
ਲੁਧਿਆਣਾ ਦੀ ਲੋਕ ਸਭਾ ਸੀਟ ਤੋਂ ਮੈਦਾਨ ਵਿੱਚ ਉਤਰੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ, ਜੋ ਹਾਰਨ ਦੇ ਬਾਵਜੂਦ ਵੀ ਕੇਂਦਰ ਸਰਕਾਰ ਵਿੱਚ ਆਪਣੀ ਥਾਂ ਬਣਾਉਂਦੇ ਨਜ਼ਰ ਆ ਰਹੇ ਹਨ। ਇਸ ਦਾ ਅੰਦਾਜ਼ਾ ਇਸ ਗੱਲ਼ ਤੋਂ ਲਾਇਆ ਜਾ ਰਿਹਾ ਹੈ ਕਿ ਅੱਜ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਰਵਨੀਤ ਬਿੱਟੂ ਵੀ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਦੇ ਕੇਂਦਰੀ ਮੰਤਰੀ ਬਣਨ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ, ਜੇਕਰ ਉਨ੍ਹਾਂ ਨੂੰ ਮੋਦੀ ਦੇ ਮੰਤਰੀ ਮੰਡਲ ਵਿੱਚ ਥਾਂ ਮਿਲਦੀ ਹੈ ਤਾਂ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ, ਇਸ ਬਾਰੇ ਤੁਸੀਂ ਕੁਮੈਂਟ ਵਿੱਚ ਜ਼ਰੂਰ ਦੱਸਿਓ
(ਸਟੋਰੀ- ਇਕਬਾਲ ਕੌਰ, ਵਰਲਡ ਪੰਜਾਬੀ)