Punjab
ਗਿ.ਹਰਪ੍ਰੀਤ ਸਿੰਘ ਤੇ ਬੀਬੀ ਸਤਵੰਤ ਕੌਰ ਦੋਵੇਂ ਹੀ ਨਵੀਂ ਪਾਰਟੀ ਨੂੰ lead ਕਰਨਗੇ !
ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਦੋਵੇਂ ਹੀ ਬਾਗ਼ੀ ਅਕਾਲੀਆਂ ਦੀ ਨਵੀਂ ਪਾਰਟੀ ਨੂੰ Lead ਕਰਨਗੇ। ਇਹ ਜਾਣਕਾਰੀ ਨਵੀਂ ਬਣਨ ਜਾ ਰਹੀ ਪਾਰਟੀ ਦੇ ਪ੍ਰਮੁੱਖ ਆਗੂ ਸ. ਸੁਰਜੀਤ ਸਿੰਘ ਰੱਖੜਾ ਨੇ ਦਿੱਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਟਵੀਟ ਕਰਕੇ ਕਿਹਾ ਸੀ ਕਿ ਮੇਰੇ ਕੋਲ ਜਾਣਕਾਰੀ ਪੁੱਜ ਰਹੀ ਹੈ ਕਿ 11 ਅਗਸਤ ਨੂੰ ਹੋਣ ਵਾਲੇ ਚੋਣ ਇਜਲਾਸ ਵਿੱਚ ਪ੍ਰਧਾਨਗੀ ਲਈ ਮੇਰਾ ਅਤੇ ਬੀਬੀ ਸਤਵੰਤ ਕੌਰ ਦਾ ਨਾਮ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਬੀਬੀ ਸਤਵੰਤ ਕੌਰ ਦਾ ਬਹੁਤ ਸਤਿਕਾਰ ਕਰਦਾ ਹਾਂ ਉਹ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਹੈ ਇਸ ਲਈ ਮੈਂ ਉਨ੍ਹਾਂ ਦੇ ਸਾਹਮਣੇ ਪ੍ਰਧਾਨਗੀ ਦੀ ਦੌੜ ਵਿੱਚ ਨਹੀਂ ਆਵਾਂਗਾ , ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ। ਜਦੋਂ ਇਸ ਬਾਰੇ ਨਵੀਂ ਬਣ ਰਹੀ ਪਾਰਟੀ ਦੇ ਪ੍ਰਮੁੱਖ ਆਗੂ ਸ. ਸੁਰਜੀਤ ਸਿੰਘ ਰੱਖੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਉਹ ਉਨ੍ਹਾ ਨੇ ਬੀਬੀ ਸਤਵੰਤ ਕੌਰ ਦੇ ਸਤਿਕਾਰ ਲਈ ਕਿਹਾ ਹੈ। ਰੱਖੜਾ ਨੇ ਕਿਹਾ ਕਿ ਨਵੀਂ ਬਣ ਰਹੀ ਪਾਰਟੀ ਨੂੰ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਦੋਵੇਂ ਹੀ ਲੀਡ ਕਰਨਗੇ।
ਉਨ੍ਹਾਂ ਅੱਗੇ ਕਿਹਾ ਕਿ ਨਵੀਂ ਪਾਰਟੀ ਦੇ ਸਿਆਸੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੀ ਹੋਣਗੇ ਅਤੇ ਬੀਬੀ ਸਤਵੰਤ ਕੌਰ ਧਾਰਮਿਕ ਵਿੰਗ ਨੂੰ ਲੀਡ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਲਈ ਦੋਵੇਂ ਸਤਿਕਾਰਿਤ ਹਸਤੀਆਂ ਹਨ ਇਸ ਲਈ ਦੋਵੇਂ ਹੀ ਪਾਰਟੀ ਦੀ ਅਗਵਾਈ ਕਰਨਗੇ। ਸ਼ੋਸ਼ਲ ਮੀਡੀਆ ਉੱਪਰ ਅੱਜ ਯਾਨੀ ਅੱਠ ਅਗਸਤ ਨੂੰ ਸਵੇਰ ਤੋਂ ਹੀ ਇਹ ਅਫਵਾਹਾਂ ਚੱਲ ਰਹੀਆਂ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨਗੀ ਲੈਣ ਨੂੰ ਤਿਆਰ ਨਹੀਂ ਹਨ ਅਤੇ ਬਾਗ਼ੀ ਅਕਾਲੀ ਪੰਜ ਮੈਂਬਰੀ ਕਮੇਟੀ ਦਾ ਸਾਥ ਛੱਡ ਕੇ ਵਾਪਸ ਅਕਾਲੀ ਦਲ ਬਾਦਲ ਵਿੱਚ ਜਾ ਰਹੇ ਹਨ। ਇਹ ਇਸ ਲਈ ਕਿਹਾ ਜਾ ਰਿਹਾ ਹੈ ਕਿਉੰਕਿ ਕਿ ਬਲਦੇਵ ਸਿੰਘ ਮਾਨ ਬਾਗੀਆਂ ਨੂੰ ਛੱਡ ਕੇ ਸੁਖਬੀਰ ਬਾਦਲ ਨਾਲ ਜਾ ਮਿਲੇ ਹਨ ਅਤੇ ਇਸ ਤੋਂ ਪਹਿਲਾਂ ਸਿਕੰਦਰ ਸਿੰਘ ਮਲੂਕਾ ਬਾਗੀਆਂ ਨੂੰ ਛੱਡ ਕੇ ਜਾ ਚੁੱਕੇ ਹਨ। ਇਸ ਬਾਰੇ ਪੁੱਛੇ ਜਾਣ ‘ਤੇ ਸ. ਰੱਖੜਾ ਨੇ ਕਿਹਾ ਕਿ ਇਨ੍ਹਾਂ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਉਨ੍ਹਾਂ ਕਿਹਾ ਕਿ ਇਹ ਤਾਂ ਸਗੋਂ ਚੰਗਾ ਹੀ ਹੋਇਆ ਹੈ। ਇਸਦੇ ਨਾਲ ਹੀ ਪਿਛਲੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਇਹ ਗਿਆ ਸੀ ਕਿ ਸਾਰੇ ਅਕਾਲੀ ਆਗੂ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣ।
ਇਹ 2 ਦਸੰਬਰ 2024 ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਹੀ ਦੁਹਰਾਇਆ ਗਿਆ ਹੈ ਪਰ ਇਸ ਵਿੱਚ ਨਵੀਂ ਗੱਲ ਇਹ ਕਹੀ ਗਈ ਹੈ, “ਲੇਕਿਨ ਫ਼ਿਰ ਵੀ ਅਗਰ ਕੋਈ ਵੱਖਰਾ ਦਲ ਬਣਾਉਣਾ ਚਾਹੁੰਦਾ ਹੈ ਤਾਂ ਉਸਨੂੰ ਉਸਦਾ ਨਵਾਂ ਦਲ ਮੁਬਾਰਕ ਹੋਵੇ।”ਇਸ ਮਤੇ ਬਾਰੇ ਨਵੀਂ ਬਣਨ ਜਾ ਰਹੀ ਪਾਰਟੀ ਦੇ ਪ੍ਰਮੁੱਖ ਨੇਤਾ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਉਹ ਨਾ ਤਾਂ ਇਸ ਮਤੇ ਨੂੰ ਮੰਨਦੇ ਹਨ ਅਤੇ ਨਾ ਹੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਮੰਨਦੇ ਹਨ। ਜਿਵੇਂ ਤੁਸੀਂ ਸਭ ਜਾਣਦੇ ਹੋ ਕਿ 11 ਅਗਸਤ ਨੂੰ ਨਵੀਂ ਪਾਰਟੀ ਦਾ ਚੋਣ ਇਜਲਾਸ ਹੋਣ ਜਾ ਰਿਹਾ ਹੈ ਅਤੇ ਇਹ ਵੀ ਲੱਗਭਗ ਤੈਅ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਨਵੀਂ ਪਾਰਟੀ ਦੇ ਪ੍ਰਧਾਨ ਹੋਣਗੇ। ਇੱਕ ਨਵੀਂ ਖ਼ੇਤਰੀ ਪਾਰਟੀ ਪੰਜਾਬ ਨੂੰ ਮਿਲ ਜਾਵੇਗੀ। ਪੰਜਾਬ ਦੇ ਲੋਕ ਅਤੇ ਖਾਸ ਕਰਕੇ ਸਿੱਖ ਅਕਾਲੀ ਦਲ ਬਾਦਲ ਤੋਂ ਆਪਣਾ ਮੋਹ ਭੰਗ ਕਰ ਚੁੱਕੇ ਹਨ ਅਤੇ ਹੁਣ ਨਵੇਂ ਬਣ ਰਹੇ ਅਕਾਲੀ ਦਲ ਤੋਂ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਆਸਾਂ ਹਨ ਕਿ ਇਹ ਪਾਰਟੀ ਪੰਜਾਬ ਦੇ ਹੱਕਾਂ ਲਈ ਅਤੇ ਸਿੱਖ ਧਰਮ ਦੇ ਮਸਲਿਆਂ ਲਈ ਆਵਾਜ਼ ਬੁਲੰਦ ਕਰੇਗੀ। ਇਹ ਪਾਰਟੀ ਅਗਰ ਪੰਜਾਬ ਦੀਆਂ ਮੰਗਾਂ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਬਰਗਾੜੀ ਕਾਂਡ ਦੀ ਜਾਂਚ ਦਾ ਮੁੱਦਾ ਕਿਸਾਨਾਂ ਦੇ ਮਸਲੇ, ਚੰਡੀਗੜ੍ਹ ਦਾ ਮਸਲਾ, ਸਿੱਖਾਂ ਦੀ ਵੱਖਰੀ ਹੋਂਦ ਦਾ ਮੁੱਦਾ, ਦਰਿਆਈ ਪਾਣੀਆਂ ਦਾ ਮਾਮਲਾ ਵਰਗੇ ਮਾਮਲੇ ਲੈ ਕੇ ਚੱਲਦੀ ਹੈ ਅਤੇ ਅਮਲੀ ਰੂਪ ਵਿੱਚ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਉਸੇ ਤਰ੍ਹਾਂ ਹੱਥਾਂ ‘ਤੇ ਚੁੱਕ ਲੈਣਗੇ ਜਿਵੇਂ ਕਦੇ ਅਕਾਲੀ ਦਲ ਬਾਦਲ ਨੂੰ ਚੁੱਕਿਆ ਸੀ। ਨਵੀਂ ਬਣਨ ਜਾ ਰਹੀ ਪਾਰਟੀ ਵਿੱਚ ਬਹੁਤ ਸੂਝਵਾਨ ਅਤੇ ਤਜ਼ਰਬੇਕਾਰ ਨੇਤਾ ਹਨ ਜਿਵੇਂ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ , ਸੰਤਾ ਸਿੰਘ ਉਮੈਦਪੁਰੀ ਦੇ ਨਾਮ ਪ੍ਰਮੁੱਖਤਾ ਨਾਲ ਲਏ ਜਾ ਸਕਦੇ ਹਨ। ਇਸਦੇ ਨਾਲ ਇਸ ਵਿੱਚ ਨਵੇਂ ਪਰ ਸਿੱਖ ਕੌਮ ਵਿੱਚ ਸਤਿਕਾਰ ਰੱਖਦੇ ਲੀਡਰ ਹਨ ਜੋ ਪਾਰਟੀ ਨੂੰ ਲੀਡ ਕਰਨਗੇ ਉਹ ਹਨ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ। ਨਵੀਂ ਪਾਰਟੀ ਦੇ ਸਮੂੰਹ ਆਗੂਆਂ ਅਤੇ ਵਰਕਰਾਂ ਨੂੰ ਸਾਡੇ ਵੱਲੋਂ ਸ਼ੁਭਕਾਮਨਾਵਾਂ।

