Connect with us

Punjab

ਜੇਲ੍ਹ ‘ਚ ਬੈਠੇ ਦਲਾਲ ਕ੍ਰਿਸ਼ਨੂ ਨੂੰ ਰਿਸ਼ਵਤਖੋਰਾਂ ਵੱਲੋਂ ਰਿਸ਼ਵਤ ਦੀ ਆਫਰ! ਕੌਣ ਕਿਸਨੂੰ ਬਚਾ ਰਿਹਾ ਏ?

Published

on

ਪੰਜਾਬ ਦੇ ਸਭ ਤੋਂ ਵੱਡੇ ਰਿਸ਼ਵਤ ਮਾਮਲਿਆਂ ਵਿੱਚੋਂ ਇੱਕ—ਮੁਅੱਤਲ ਡੀ ਆਈ ਜੀ ਹਰਚਰਨ ਭੁੱਲਰ ਦੇ ਕੇਸ ਦਾ ਕੇਂਦਰੀ ਕਿਰਦਾਰ ਕ੍ਰਿਸ਼ਨੂ, ਅੱਜ ਜੇਲ੍ਹ ਦੇ ਅੰਦਰ ਵੀ ਮਾਲਾ-ਮਾਲ ਹੋ ਰਿਹਾ ਹੈ। ਸਵਾਲ ਬਹੁਤ ਸਾਫ਼ ਹੈ—ਇੱਕ ਦਲਾਲ ਜੇਲ੍ਹ ਵਿੱਚ ਬੈਠ ਕੇ ਵੀ ਕਿਵੇਂ “ਕੀਮਤੀ” ਬਣਿਆ ਹੋਇਆ ਹੈ? ਜਵਾਬ ਸਿਸਟਮ ਦੀਆਂ ਕਾਲੀਆਂ ਗਲੀਆਂ ਵਿੱਚ ਲੁਕਿਆ ਪਿਆ ਹੈ। ਕ੍ਰਿਸ਼ਨੂ ਕੋਈ ਆਮ ਆਦਮੀ ਨਹੀਂ—ਸਕ੍ਰੈਪ ਮੰਡੀ ਤੋਂ ਪੁਲਿਸ ਅਫਸਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਮੰਥਲੀ ਦਾ ਰੇਟ ਤੈਅ ਕਰਵਾਉਣ ਵਾਲਾ ਅਹਿਮ ਚੈਨਲ ਰਿਹਾ ਹੈ। ਇਹ ਚੈਨਲ ਹੀ ਅੱਜ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ—ਕਿਉਂਕਿ ਜੇ ਕ੍ਰਿਸ਼ਨੂ ਬੋਲ ਪਿਆ, ਤਾਂ ਪੇਟੀਆਂ ਭਰਨ ਵਾਲਿਆਂ ਦੀਆਂ ਕੁਰਸੀਆਂ ਹੀ ਹਿੱਲ ਜਾਣੀਆਂ ਨੇ।

ਸੀ ਬੀ ਆਈ ਰੇਡਾਂ ਦੌਰਾਨ ਭੁੱਲਰ ਦੇ ਫਾਰਮ ਹਾਊਸ ਅਤੇ ਹੋਰ ਠਿਕਾਣਿਆਂ ਤੋਂ ਕਈ ਹੋਰ ਅਧਿਕਾਰੀਆਂ ਦੇ ਦਸਤਾਵੇਜ਼ ਮਿਲੇ, ਜੋ ਸੰਕੇਤ ਦਿੰਦੇ ਹਨ ਕਿ ਇਹ ਕੋਈ ਇੱਕ ਮੁਅੱਤਲ ਡੀ ਆਈ ਜੀ ਦਾ ਮਾਮਲਾ ਨਹੀਂ—ਇਹ ਤਾਂ ਰਿਸ਼ਵਤ ਦੀ ਇੱਕ ਲੰਮੀ ਚੇਨ ਹੈ, ਜਿਸ ਦੇ ਹਰ ਲਿੰਕ ‘ਤੇ ਉੱਚ ਅਹੁਦਿਆਂ ਵਾਲੇ ਲੋਕ ਹਨ। ਇਹੀ ਕਾਰਨ ਹੈ ਕਿ ਕ੍ਰਿਸ਼ਨੂ ਨੂੰ ਜੇਲ੍ਹ ‘ਚ ਪਰਿਵਾਰ ਤੋਂ ਇਲਾਵਾ “ਖਾਸ ਸੰਦੇਸ਼ਵਾਹਕ” ਮਿਲਣ ਆ ਰਹੇ ਨੇ। ਜਿਹੜੀ ਜੇਲ੍ਹ ਵਿੱਚ ਆਮ ਬੰਦੇ ਲਈ ਮੁਲਾਕਾਤ ਦੇ ਨਿਯਮ ਸਖ਼ਤ ਨੇ, ਉਥੇ ਇਹ ਖਾਸ ਦਲਾਲ ਅਚਾਨਕ ਕਿੰਨਾ “ਪਹੁੰਚ ਵਾਲਾ” ਹੋ ਗਿਆ? ਇਹ ਸਵਾਲ ਖੁਦ ਅਦਾਲਤ ਦੇ ਨੋਟਿਸ ਵਿੱਚ ਆ ਗਿਆ ਹੈ, ਤਦ ਹੀ ਤਾਂ ਹੁਕਮ ਹੋਇਆ ਹੈ — ਸਾਰੇ ਮੁਲਾਕਾਤੀਆਂ ਦਾ ਵੇਰਵਾ ਅਤੇ CCTV ਫੁਟੇਜ ਪੇਸ਼ ਕੀਤੀ ਜਾਵੇ।

ਸੱਚ ਇਹ ਹੈ ਕਿ ਇਸ ਵਕ਼ਤ ਕ੍ਰਿਸ਼ਨੂ ਖ਼ੁਦ ਨਹੀਂ, ਸਿਸਟਮ ਡਰਿਆ ਹੋਇਆ ਹੈ ਕਿਉਂਕਿ ਕ੍ਰਿਸ਼ਨੂ ਨੇ ਕੇਵਲ ਭੁੱਲਰ ਲਈ ਕੰਮ ਨਹੀਂ ਕੀਤਾ—ਉਹ ਮੰਡੀ ਗੋਬਿੰਦਗੜ੍ਹ ਦੇ ਵੱਡੇ ਵਪਾਰੀਆਂ ਅਤੇ ਬਹੁਤ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਇੱਕ ਕੜੀ ਸੀ। ਇਸ ਕਰਕੇ ਹੁਣ ਜੇਲ੍ਹ ਵਿੱਚ ਉਸਨੂੰ “ਚੁੱਪ” ਰਹਿਣ ਦਾ ਮੁੱਲ ਦਿੱਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਰਿਸ਼ਵਤ ਦੇ ਆਫਰ ਅੰਦਰ ਹੀ ਅੰਦਰ ਚੱਲ ਰਹੇ ਨੇ ਕਿਉਂਕਿ ਜੇ ਇਹ ਦਲਾਲ ਬੋਲ ਪਿਆ ਤਾਂ ਉਹ ਪੁਲਿਸ ਅਧਿਕਾਰੀ ਵੀ ਨੰਗੇ ਹੋਣੇ ਨੇ ਜੋ ਹਰ ਮਹੀਨਾ ਫਿਕਸ ਰੇਟ ‘ਤੇ ਮਾਲ ਖਾਂਦੇ ਰਹੇ ਹਨ।

ਦੂਜੇ ਪਾਸੇ, ਮਜ਼ੇ ਦੀ ਗੱਲ ਵੇਖੋ—ਭੁੱਲਰ ਨੂੰ ਬੁੜੈਲ ਜੇਲ੍ਹ ਵਿੱਚ ਕੇਵਲ ਪਰਿਵਾਰ ਮਿਲ ਰਿਹਾ ਹੈ! ਉਹ ਤਾਂ CBI ਅਤੇ ਮੀਡੀਆ ਲਈ ਮੁੱਖ ਮੁਰਜ਼ਮ ਹੈ, ਨਾਲੇ ਉਹਦਾ ਖੇਡ ਲੱਗਭਗ ਖੁੱਲ੍ਹ ਚੁੱਕਾ ਹੈ। ਇਸ ਕਰਕੇ ਹੁਣ ਸਿਸਟਮ ਦੀ ਸਾਰੀ ਚਿੰਤਾ ਕ੍ਰਿਸ਼ਨੂ ਉੱਤੇ ਹੈ, ਕਿਉਂਕਿ ਇੱਥੇ ਤਾਂ ਅਸਲ ਖੁਲਾਸੇ ਦਾ ਬਟਨ ਦੱਬਿਆ ਪਿਆ ਹੈ।

ਸੋਮਵਾਰ ਨੂੰ ਕ੍ਰਿਸ਼ਨੂ ਬਿਨਾਂ ਵਕੀਲ ਅਦਾਲਤ ਪਹੁੰਚਿਆ—ਐਸਾ ਬੰਦਾ ਜੋ ਲੱਖਾਂ-ਕਰੋੜਾਂ ਦੇ ਰਿਸ਼ਵਤ ਧੰਦਿਆਂ ਦਾ ਵਿਚੋਲਾ ਰਿਹਾ ਹੋਵੇ ਅਤੇ ਅਚਾਨਕ ਉਸਨੂੰ ਕੋਈ ਕੇਸ ਲੜਨ ਵਾਲਾ ਵਕੀਲ ਹੀ ਨਾ ਮਿਲੇ? ਕੀ ਇਹ ਵੀ ਸਿਸਟਮ ਦੀ “ਸਲਾਹ” ਨਹੀਂ ਸੀ ਕਿ ਘੱਟ ਬੋਲਿਆ ਜਾਵੇ, ਦੇਰ ਲਈ ਖੇਡਿਆ ਜਾਵੇ? ਅਦਾਲਤ ਨੇ ਤਿੰਨ ਦਿਨ ਦੇ ਥਾਂ ਸਿਰਫ਼ ਇੱਕ ਦਿਨ ਦਿੱਤਾ ਅਤੇ ਅੱਜ ਯਾਨੀ ਬੁੱਧਵਾਰ ਨੂੰ ਅਦਾਲਤ ਨੇ ਸੀ ਬੀ ਆਈ ਨੂੰ ਕ੍ਰਿਸਨੁ ਦਾ ਨੌ ਦਿਨ ਦਾ ਰਿਮਾਂਡ ਦੇ ਦਿੱਤਾ ਹੈ।—ਇਹ ਫੈਸਲਾ ਸਿਸਟਮ ਦੀਆਂ ਗਤੀਵਿਧੀਆਂ ‘ਤੇ ਇੱਕ ਤਿੱਖਾ ਪ੍ਰਸ਼ਨ ਚਿੰਨ੍ਹ ਲਾ ਗਿਆ।

ਇਸ ਮਾਮਲੇ ਦੀ ਸਭ ਤੋਂ ਦਿਲਚਸਪ ਪਰ ਖੌਫਨਾਕ ਲਾਈਨ ਇਹ ਹੈ — ਰਿਸ਼ਵਤਖੋਰ ਅਧਿਕਾਰੀ ਜੇਲ੍ਹ ਵਿੱਚ ਬੈਠੇ ਕ੍ਰਿਸ਼ਨੂ ਨੂੰ ਚੁੱਪ ਰਹਿਣ ਦੀ ਰਿਸ਼ਵਤ ਦੇ ਰਹੇ ਹਨ ਜਾਂ ਦੇਣ ਦੀ ਪੇਸ਼ਕਸ ਕਰ ਰਹੇ ਹਨ। ਇਹ ਸਿਸਟਮ ਦਾ X-ray ਹੋ ਰਿਹਾ ਹੈ — ਅਤੇ ਇਹ X-ray ਦੱਸ ਰਿਹਾ ਹੈ ਕਿ ਬਿਮਾਰੀ ਕਿੰਨੀ ਡੂੰਘੀ ਹੈ। ਇਹ ਕੇਸ ਭੁੱਲਰ ਤੱਕ ਸੀਮਿਤ ਨਹੀਂ, ਇਹ ਕੇਸ ਉਸ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਨੈੱਟਵਰਕ ਦਾ ਦਰਪਣ ਹੈ ਜੋ ਮਾਸਿਕ ਇਨਕਮ ਦੇ ਰੂਪ ਵਿੱਚ ਅਪਰਾਧ ਨੂੰ “ਰਜਿਸਟਰਡ ਬਿਜ਼ਨੈਸ” ਵਾਂਗ ਚਲਾਉਂਦਾ ਹੈ।

ਜੇ ਅਦਾਲਤ ਇਸ ਮਾਮਲੇ ਵਿੱਚ cctv footage ਮੰਗ ਕੇ ਸਖ਼ਤ ਰਹੀ ਤਾਂ ਇਹ ਕੇਸ ਪੰਜਾਬ ਪ੍ਰਸ਼ਾਸਨ ਦੇ ਕਈ ਹੋਰ ਚਿਹਰਿਆਂ ਨੂੰ ਬੇਨਕਾਬ ਕਰੇਗਾ। ਪਰ ਜੇ ਫੁਟੇਜ ਗੁੰਮ ਹੋ ਗਈ ,ਡਾਟਾ ਕਰੱਪਟ ਹੋ ਗਿਆ, ਜਾਂ ਸੰਪਰਕ ਰਾਹੀਂ ਸਭ ਕੁਝ “ਠੀਕ” ਹੋ ਗਿਆ—ਤਾਂ ਲੋਕ ਸਮਝ ਜਾਣਗੇ ਕਿ ਇਹ ਸਜ਼ਾ ਨਹੀਂ, ਨੈੱਟਵਰਕ ਬਚਾਉ ਮੁਹਿੰਮ ਹੈ।

ਆਉਣ ਵਾਲੇ ਦਿਨ ਕ੍ਰਿਸ਼ਨੂ ਲਈ ਨਹੀਂ, ਬਲਕਿ ਪੰਜਾਬ ਦੇ ਕਈ ਵੱਡੇ ਚਿਹਰਿਆਂ ਲਈ ਫ਼ੈਸਲਾ ਲੈ ਕੇ ਆਉਣ ਵਾਲੇ ਹਨ। ਸਵਾਲ ਇਹ ਨਹੀਂ ਕਿ ਦਲਾਲ ਬੋਲਦਾ ਹੈ ਜਾਂ ਨਹੀਂ—ਸਵਾਲ ਇਹ ਹੈ ਕਿ ਸਿਸਟਮ ਉਸਨੂੰ ਬੋਲਣ ਦੇਵੇਗਾ ਜਾਂ ਨਹੀਂ?

ਕੁਲਵੰਤ ਸਿੰਘ ਗੱਗੜਪੁਰੀ