International
ਕੈਨੇਡਾ ਨੇ ਖੋਲ੍ਹੇ ਪੀ.ਆਰ ਵੀਜ਼ੇ, ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ
ਕੈਨੇਡਾ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ 90000 ਪ੍ਰਵਾਸੀਆਂ ਨੂੰ ਕੈਨੇਡਾ ਦੀ ਪੱਕੀ ਨਾਗਰਿਕਤਾ ਦੇਣ ਦਾ ਐਲਾਨ ਕੀਤਾ ਹੈ। ਇਹ ਨਾਗਰਿਕਤਾ ਕੁਝ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਹਾਸਲ ਕੀਤੀ ਜਾ ਸਕਦੀ ਹੈ।ਕੈਨੇਡਾ ਸਰਕਾਰ ਨੇ 6 ਮਈ ਤੋਂ ਪੀ.ਆਰ. ਵੀਜ਼ੇ ਮਤਲਬ ਸਥਾਈ ਵਸਨੀਕ ਬਣਨ ਸੰਬੰਧੀ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ। ਜਿਹੜੇ ਲੋਕ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਜਲਦੀ ਤੋਂ ਜਲਦੀ ਆਨਲਾਈਨ ਅਪਲਾਈ ਕਰਨ। ਫੈਡਰਲ ਸਰਕਾਰ ਦੇ ਫ਼ੈਸਲੇ ਨਾਲ ਕੈਨੇਡਾ ਵਿਚ ਪਹਿਲਾਂ ਤੋਂ ਰਹਿ ਰਹੇ ਯੋਗ ਕਾਮਿਆਂ, ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਫੈਸਲੇ ਨਾਲ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਨੂੰ ਵੀ ਫ਼ਾਇਦਾ ਪਹੁੰਚਣ ਦੀ ਪੂਰੀ ਸੰਭਾਵਨਾ ਹੈ। ਇਸ ਪ੍ਰੋਗਰਾਮ ਅਧੀਨ ਸਭ ਤੋਂ ਵੱਧ ਲਾਭ ਵਿਦੇਸ਼ੀ ਵਿਦਿਆਰਥੀਆਂ ਨੂੰ ਹੋਣ ਵਾਲਾ ਹੈ। ਤਾਜ਼ਾ ਐਲਾਨ ਅਨੁਸਾਰ 40,000 ਅੰਤਰਰਾਸ਼ਟਰੀ ਵਿਦਿਆਰਥੀ, 30,000 ਹੋਰ ਚੁਣੇ ਜ਼ਰੂਰੀ ਕਿੱਤਿਆਂ ਦੇ ਅਸਥਾਈ ਕਾਮੇ ਅਤੇ 20,000 ਅਸਥਾਈ ਹੈਲਥ ਕੇਅਰ ਵਰਕਰ ਪੀ.ਆਰ. ਹਾਸਲ ਕਰ ਸਕਣਗੇ।ਇਸ ਸਬੰਧੀ ਅਰਜ਼ੀਆਂ ਲੈਣ ਦੀ ਪ੍ਰਕਿਰਿਆ 6 ਮਈ, 2021 ਤੋਂ ਸ਼ੁਰੂ ਹੋਵੇਗੀ ਅਤੇ 5 ਨਵੰਬਰ, 2021 ਤੱਕ ਜਾਂ ਜਦੋਂ ਤੱਕ ਇਹ ਟੀਚਾ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਜਾਰੀ ਰਹੇਗੀ। ਉੱਧਰ ਕੈਨੇਡੀਅਨ ਚੈਂਬਰ ਆਫ ਕਾਮਰਸ ਨੇ ਫੈਡਰਲ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।