Punjab
ਕਾਂਗਰਸ ਦਾ ਸਮਾਜਿਕ ਤੇ ਸਿਆਸੀ ਸੰਤੁਲਨ ਦਾ ਫਾਰਮੂਲਾ: ਸਭ ਨੂੰ ਨਾਲ ਲੈਣ ਦੀ ਕੋਸ਼ਿਸ਼, ਮਜ਼੍ਹਬੀ ਸਿੱਖ ਫਿਰ ਵੀ ਅਣਗੌਲੇ ?
ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਵਿੱਚ ਵੱਡੇ ਸੰਗਠਨਾਤਮਕ ਬਦਲਾਅ ਕਰਨ ਜਾ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਗੁੱਟਬੰਦੀ ਅਤੇ ਆਗੂਆਂ ਵਿਚਕਾਰ ਖਿੱਚੋਤਾਣ ਪਾਰਟੀ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਇਸੇ ਕਾਰਨ ਹਾਈਕਮਾਂਡ ਹੁਣ ਅਜਿਹਾ ਫਾਰਮੂਲਾ ਤਿਆਰ ਕਰ ਰਹੀ ਹੈ ਜਿਸ ਨਾਲ ਨਾ ਸਿਰਫ਼ ਧੜੇਬੰਦੀ ਨੂੰ ਕਾਬੂ ਕੀਤਾ ਜਾ ਸਕੇ, ਸਗੋਂ ਪੰਜਾਬ ਦੇ ਵੱਖ-ਵੱਖ ਸਮਾਜਿਕ ਵਰਗਾਂ ਨੂੰ ਵੀ ਸੰਗਠਨ ਵਿੱਚ ਯੋਗ ਨੁਮਾਇੰਦਗੀ ਦਿੱਤੀ ਜਾ ਸਕੇ।
ਮਿਲ ਰਹੀ ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਈ ਰੱਖਿਆ ਜਾਵੇਗਾ। ਇਸ ਦੇ ਨਾਲ ਦੋ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਚਰਚਾ ਹੈ। ਇਨ੍ਹਾਂ ਵਿੱਚ ਵਿਜੈ ਇੰਦਰ ਸਿੰਗਲਾ ਅਤੇ ਅਰੁਣਾ ਚੌਧਰੀ ਦੇ ਨਾਮ ਪ੍ਰਮੁੱਖ ਤੌਰ ‘ਤੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਚੋਣ ਮੁਹਿੰਮ ਦੀ ਕਮਾਨ ਇੱਕ ਅਜਿਹੇ ਆਗੂ ਦੇ ਹੱਥ ਵਿੱਚ ਰਹੇ ਜਿਸ ਦੀ ਸੂਬਾ ਪੱਧਰ ‘ਤੇ ਪਛਾਣ ਹੈ।
ਜੇ ਇਸ ਸੰਭਾਵਿਤ ਟੀਮ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਕਾਂਗਰਸ ਵੱਲੋਂ ਪੰਜਾਬ ਦੇ ਵੱਖ-ਵੱਖ ਵਰਗਾਂ ਨੂੰ ਸਿਆਸੀ ਤੌਰ ‘ਤੇ ਕਵਰ ਕਰਨ ਦੀ ਕੋਸ਼ਿਸ਼ ਸਾਫ਼ ਨਜ਼ਰ ਆਉਂਦੀ ਹੈ। ਰਾਜਾ ਵੜਿੰਗ ਜੱਟ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ, ਜੋ ਪੰਜਾਬ ਦੀ ਰਾਜਨੀਤੀ ਵਿੱਚ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਵਿਜੈ ਇੰਦਰ ਸਿੰਗਲਾ ਹਿੰਦੂ ਭਾਈਚਾਰੇ ਦਾ ਚਿਹਰਾ ਹਨ, ਜਦਕਿ ਅਰੁਣਾ ਚੌਧਰੀ ਪੰਜਾਬ ਦੇ ਹਿੰਦੂ ਅਤੇ ਮਹਿਲਾ ਵਰਗ ਦੀ ਨੁਮਾਇੰਦਗੀ ਕਰਦੇ ਹੋਏ ਨਜ਼ਰ ਆਉਂਦੀ ਹੈ। ਚਰਨਜੀਤ ਸਿੰਘ ਚੰਨੀ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧਿਤ ਹਨ ਅਤੇ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਰਹਿ ਚੁੱਕੇ ਹਨ।
ਇਸ ਤਰ੍ਹਾਂ ਵੇਖਿਆ ਜਾਵੇ ਤਾਂ ਕਾਂਗਰਸ ਜੱਟ ਸਿੱਖ, ਹਿੰਦੂ, ਮਹਿਲਾ ਅਤੇ ਐਸਸੀ ਭਾਈਚਾਰੇ ਨੂੰ ਇੱਕੋ ਟੀਮ ਵਿੱਚ ਪ੍ਰਤੀਨਿਧਤਾ ਦੇ ਕੇ ਸਮਾਜਿਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਪੰਜਾਬ ਕਾਂਗਰਸ ਕਿਸੇ ਇੱਕ ਧੜੇ ਜਾਂ ਇੱਕ ਸਮਾਜਿਕ ਵਰਗ ਦੀ ਨਹੀਂ, ਸਗੋਂ ਸਾਰੇ ਵਰਗਾਂ ਦੀ ਪਾਰਟੀ ਹੈ।
ਪਰ ਇਸ ਸਾਰੇ ਸਮਾਜਿਕ ਸੰਤੁਲਨ ਦੇ ਫਾਰਮੂਲੇ ਵਿੱਚ ਇੱਕ ਸਵਾਲ ਲਗਾਤਾਰ ਉੱਠ ਰਿਹਾ ਹੈ। ਪੰਜਾਬ ਦੀ ਅਨੁਸੂਚਿਤ ਜਾਤੀ ਆਬਾਦੀ ਵਿੱਚ ਸਭ ਤੋਂ ਵੱਡੀ ਹਿੱਸੇਦਾਰੀ ਮਜ਼੍ਹਬੀ ਸਿੱਖ ਭਾਈਚਾਰੇ ਦੀ ਮੰਨੀ ਜਾਂਦੀ ਹੈ। ਸੂਬੇ ਦੀ ਕੁੱਲ ਐਸਸੀ ਆਬਾਦੀ ਵਿੱਚ ਮਜ਼੍ਹਬੀ ਸਿੱਖ ਅਤੇ ਬਾਲਮੀਕਿ ਭਾਈਚਾਰੇ ਦੀ ਗਿਣਤੀ ਕਾਫ਼ੀ ਵੱਡੀ ਹੈ। ਇਸ ਦੇ ਬਾਵਜੂਦ ਪ੍ਰਸਤਾਵਿਤ ਸੰਗਠਨਾਤਮਕ ਢਾਂਚੇ ਵਿੱਚ ਇਸ ਭਾਈਚਾਰੇ ਵਿੱਚੋਂ ਕੋਈ ਵੱਡਾ ਚਿਹਰਾ ਨਜ਼ਰ ਨਹੀਂ ਆ ਰਿਹਾ।
ਚਰਨਜੀਤ ਸਿੰਘ ਚੰਨੀ ਐਸ ਸੀ ਵਰਗ ਦਾ ਇੱਕ ਵੱਡਾ ਚਿਹਰਾ ਹਨ, ਪਰ ਉਹ ਰਾਮਦਾਸੀਆ ਸਿੱਖ ਭਾਈਚਾਰੇ ਨਾਲ ਸੰਬੰਧਿਤ ਹਨ। ਅਜਿਹੇ ਵਿੱਚ ਮਜ਼੍ਹਬੀ ਸਿੱਖ ਭਾਈਚਾਰੇ ਦੇ ਕੁਝ ਆਗੂ ਅਤੇ ਸਮਾਜਿਕ ਹਲਕੇ ਇਹ ਸਵਾਲ ਉਠਾ ਸਕਦੇ ਹਨ ਕਿ ਜਦੋਂ ਕਾਂਗਰਸ ਹਰ ਵਰਗ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਫਿਰ ਪੰਜਾਬ ਦੀ ਸਭ ਤੋਂ ਵੱਡੀ ਐਸ ਸੀ ਜਾਤ ਨੂੰ ਸੰਗਠਨ ਵਿੱਚ ਸਿੱਧੀ ਹਿੱਸੇਦਾਰੀ ਕਿਉਂ ਨਹੀਂ ਦਿੱਤੀ ਜਾ ਰਹੀ।
ਇਹ ਵੀ ਸੱਚ ਹੈ ਕਿ ਪੰਜਾਬ ਦੀ ਰਾਜਨੀਤੀ ਹੁਣ ਸਿਰਫ਼ ਪਾਰਟੀ ਵਫ਼ਾਦਾਰੀ ‘ਤੇ ਨਹੀਂ ਚੱਲਦੀ। ਜਾਤੀ, ਖੇਤਰੀ ਅਤੇ ਸਮਾਜਿਕ ਸਮੀਕਰਨ ਪਹਿਲਾਂ ਨਾਲੋਂ ਵੱਧ ਅਹਿਮ ਹੋ ਗਏ ਹਨ। ਇਸੇ ਲਈ ਹਰ ਪਾਰਟੀ ਆਪਣੇ ਸੰਗਠਨ ਅਤੇ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਇਨ੍ਹਾਂ ਸਮੀਕਰਨਾਂ ਨੂੰ ਧਿਆਨ ਵਿੱਚ ਰੱਖਦੀ ਹੈ। ਕਾਂਗਰਸ ਦਾ ਨਵਾਂ ਫਾਰਮੂਲਾ ਵੀ ਇਸੇ ਸੋਚ ਦਾ ਹਿੱਸਾ ਲੱਗਦਾ ਹੈ।
ਫਿਲਹਾਲ ਕਾਂਗਰਸ ਹਾਈਕਮਾਂਡ ਦਾ ਮੁੱਖ ਟੀਚਾ ਪੰਜਾਬ ਇਕਾਈ ਵਿੱਚ ਏਕਤਾ ਲਿਆਉਣਾ ਅਤੇ ਚੋਣਾਂ ਤੋਂ ਪਹਿਲਾਂ ਸਾਰੇ ਵੱਡੇ ਆਗੂਆਂ ਨੂੰ ਇੱਕ ਮੰਚ ‘ਤੇ ਲਿਆਉਣਾ ਹੈ। ਪਰ ਇਹ ਵੀ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਫਾਰਮੂਲਾ ਧੜੇਬੰਦੀ ਨੂੰ ਖਤਮ ਕਰ ਪਾਉਂਦਾ ਹੈ ਅਤੇ ਕੀ ਸਮਾਜਿਕ ਨੁਮਾਇੰਦਗੀ ਦੇ ਸਵਾਲਾਂ ਦਾ ਤਸੱਲੀਬਖ਼ਸ਼ ਜਵਾਬ ਦੇ ਸਕਦਾ ਹੈ। ਖਾਸ ਕਰਕੇ ਮਜ਼੍ਹਬੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਦਾ ਮੁੱਦਾ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਲਈ ਇੱਕ ਨਵੀਂ ਚਰਚਾ ਦਾ ਵਿਸ਼ਾ ਬਣ ਸਕਦਾ ਹੈ।

