Connect with us

News

ਤੰਦੂਰ ਕਾਂਡ ਤੋਂ ਮੋਹਾਲੀ ਕਾਂਡ ਤੱਕ: Falling in Love ਤੋਂ Killing in Love ਤੱਕ ਦਾ ਸਫ਼ਰ ! 

Published

on

ਮੋਹਾਲੀ ਦੇ ਫੇਜ਼-11 ਵਿੱਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਇੱਕ ਵਾਰ ਫਿਰ ਭਾਰਤੀ ਸਮਾਜ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਇੱਕ 34 ਸਾਲਾ ਨੌਜਵਾਨ ਨੇ ਆਪਣੀ ਸਾਬਕਾ ਪ੍ਰੇਮਿਕਾ, ਉੱਤੇ ਚਾਕੂਆਂ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਖੁਦ ਨੂੰ ਵੀ ਜ਼ਖਮੀ ਕਰ ਲਿਆ। ਦੋਵੇਂ ਇੱਕੋ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਦੋਵਾਂ ਵਿਚਾਲੇ ਪ੍ਰੇਮ ਸੰਬੰਧ ਸਨ ਪਰ ਲੜਕੀ ਵੱਲੋਂ ਰਿਸ਼ਤਾ ਖਤਮ ਕਰਨ ਤੋਂ ਬਾਅਦ ਇਹ ਘਟਨਾ ਵਾਪਰੀ।
ਇਹ ਕੋਈ ਇਕੱਲੀ ਘਟਨਾ ਨਹੀਂ। ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਮਾਮਲੇ ਲਗਾਤਾਰ ਵਧੇ ਹਨ ਜਿੱਥੇ ਇੱਕ ਪੱਖ ਵੱਲੋਂ ਰਿਸ਼ਤਾ ਖਤਮ ਕਰਨ ਦੇ ਫ਼ੈਸਲੇ ਨੂੰ ਦੂਜਾ ਪੱਖ ਸਵੀਕਾਰ ਨਹੀਂ ਕਰ ਸਕਿਆ ਅਤੇ ਨਤੀਜਾ ਕਤਲ, ਤੇਜ਼ਾਬੀ ਹਮਲਿਆਂ ਜਾਂ ਖੁਦਕੁਸ਼ੀ ਦੇ ਰੂਪ ਵਿੱਚ ਸਾਹਮਣੇ ਆਇਆ। ਦਿੱਲੀ ਦਾ ਚਰਚਿਤ ਤੰਦੂਰ ਕਾਂਡ ਇਸੇ ਮਨੋਵਿਰਤੀ ਦੀ ਇੱਕ ਭਿਆਨਕ ਮਿਸਾਲ ਸੀ। 1995 ਵਿੱਚ ਸਿਆਸੀ ਆਗੂ ਸੁਸ਼ੀਲ ਸ਼ਰਮਾ ਨੇ ਆਪਣੀ ਪਤਨੀ ਨੈਨਾ ਸਾਹਨੀ ਨੂੰ ਗੋਲੀ ਮਾਰ ਕੇ ਉਸਦੀ ਲਾਸ਼ ਤੰਦੂਰ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਉਸ ਕਤਲ ਦੇ ਪਿੱਛੇ ਵੀ ਸ਼ੱਕ, ਮਾਲਕੀ ਦੀ ਭਾਵਨਾ ਅਤੇ ਰਿਸ਼ਤੇ ਉੱਤੇ ਕਬਜ਼ਾ ਬਣਾਈ ਰੱਖਣ ਦੀ ਸੋਚ ਕੰਮ ਕਰ ਰਹੀ ਸੀ। ਇਸ ਤੋਂ ਬਾਅਦ ਵੀ ਦੇਸ਼ ਨੇ ਸ਼ਰਧਾ ਵਾਕਰ ਕਤਲ ਕਾਂਡ, ਨਿੱਕੀ ਯਾਦਵ ਹੱਤਿਆ ਮਾਮਲਾ ਅਤੇ ਹੋਰ ਕਈ ਅਜਿਹੀਆਂ ਘਟਨਾਵਾਂ ਵੇਖੀਆਂ ਜਿੱਥੇ ਪਿਆਰ ਦੇ ਨਾਂ ਹੇਠ ਹਿੰਸਾ ਨੇ ਜਨਮ ਲਿਆ।
ਸਵਾਲ ਇਹ ਹੈ ਕਿ ਕੀ ਇਹ ਸੱਚਮੁੱਚ ਪਿਆਰ ਹੈ? ਜੇ ਪਿਆਰ ਕਿਸੇ ਦੀ ਜ਼ਿੰਦਗੀ ਖੋਹ ਸਕਦਾ ਹੈ ਤਾਂ ਫਿਰ ਪਿਆਰ ਅਤੇ ਨਫ਼ਰਤ ਵਿੱਚ ਫ਼ਰਕ ਕੀ ਰਹਿ ਜਾਂਦਾ ਹੈ? ਅਸਲ ਵਿੱਚ ਸਮੱਸਿਆ ਇਹ ਹੈ ਕਿ ਅਸੀਂ ਪਿਆਰ ਨੂੰ ਸਮਝਣ ਦੀ ਬਜਾਏ ਉਸਨੂੰ ਹਵਸ਼, ਅਧਿਕਾਰ ਅਤੇ ਮਾਲਕੀ ਨਾਲ ਜੋੜ ਦਿੱਤਾ ਹੈ। ਅਸੀਂ ਸੋਚਦੇ ਹਾਂ ਕਿ ਜੇ ਕੋਈ ਸਾਨੂੰ ਪਿਆਰ ਕਰਦਾ ਹੈ ਤਾਂ ਉਸਦੀ ਜ਼ਿੰਦਗੀ ਉੱਤੇ ਸਾਡਾ ਹੱਕ ਬਣ ਜਾਂਦਾ ਹੈ। ਜਦੋਂ ਉਹ ਹੱਕ ਟੁੱਟਦਾ ਦਿਸਦਾ ਹੈ ਤਾਂ ਅਹੰਕਾਰ ਜ਼ਖਮੀ ਹੋ ਜਾਂਦਾ ਹੈ ਅਤੇ ਉਹੀ ਅਹੰਕਾਰ ਕਈ ਵਾਰ ਹਿੰਸਾ ਦਾ ਰੂਪ ਧਾਰ ਲੈਂਦਾ ਹੈ।
ਆਧਿਆਤਮਿਕ ਚਿੰਤਕ ਓਸ਼ੋ ਨੇ ਪਿਆਰ ਨੂੰ ਤਿੰਨ ਪੜਾਵਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਕਹਿੰਦੇ ਹਨ ਕਿ ਪਹਿਲਾ ਪੜਾਅ “Falling in Love” ਹੈ। ਇਸ ਅਵਸਥਾ ਵਿੱਚ ਇਨਸਾਨ ਆਕਰਸ਼ਣ, ਭਾਵਨਾਵਾਂ ਅਤੇ ਸੁਪਨਿਆਂ ਵਿੱਚ ਡੁੱਬ ਜਾਂਦਾ ਹੈ। ਇਹ ਇੱਕ ਕਿਸਮ ਦਾ ਨਸ਼ਾ ਹੁੰਦਾ ਹੈ ਜਿਸ ਵਿੱਚ ਸਾਹਮਣੇ ਵਾਲਾ ਵਿਅਕਤੀ ਹਕੀਕਤ ਤੋਂ ਵੱਧ ਕਲਪਨਾ ਬਣ ਜਾਂਦਾ ਹੈ। ਜ਼ਿਆਦਾਤਰ ਲੋਕ ਇੱਥੇ ਹੀ ਰੁਕ ਜਾਂਦੇ ਹਨ ਅਤੇ ਇਸਨੂੰ ਹੀ ਪਿਆਰ ਸਮਝ ਲੈਂਦੇ ਹਨ।
ਦੂਜਾ ਪੜਾਅ “Being in Love” ਹੈ। ਇੱਥੇ ਰਿਸ਼ਤਾ ਹਕੀਕਤ ਨਾਲ ਟਕਰਾਉਂਦਾ ਹੈ। ਦੋਵੇਂ ਵਿਅਕਤੀ ਇੱਕ ਦੂਜੇ ਦੀਆਂ ਕਮਜ਼ੋਰੀਆਂ, ਵੱਖਰੇ ਵਿਚਾਰਾਂ ਅਤੇ ਖਾਮੀਆਂ ਨੂੰ ਜਾਣਦੇ ਹਨ। ਜੇਕਰ ਪਿਆਰ ਸੱਚਾ ਹੋਵੇ ਤਾਂ ਇਹ ਪੜਾਅ ਰਿਸ਼ਤੇ ਨੂੰ ਹੋਰ ਪਰਿਪੱਕ ਬਣਾਉਂਦਾ ਹੈ। ਪਰ ਜੇ ਰਿਸ਼ਤਾ ਸਿਰਫ਼ ਆਕਰਸ਼ਣ ਜਾਂ ਮਾਲਕੀ ਉੱਤੇ ਖੜ੍ਹਾ ਹੋਵੇ ਤਾਂ ਇੱਥੇ ਟੁੱਟਣਾ ਸ਼ੁਰੂ ਹੋ ਜਾਂਦਾ ਹੈ।
ਤੀਜਾ ਅਤੇ ਸਭ ਤੋਂ ਉੱਚਾ ਪੜਾਅ “Being Love” ਹੈ। ਓਸ਼ੋ ਮੁਤਾਬਕ ਇਸ ਅਵਸਥਾ ਵਿੱਚ ਪਿਆਰ ਕਿਸੇ ਇੱਕ ਵਿਅਕਤੀ ਨਾਲ ਜੁੜੀ ਹੋਈ ਚੀਜ਼ ਨਹੀਂ ਰਹਿੰਦਾ, ਸਗੋਂ ਇਨਸਾਨ ਦਾ ਸੁਭਾਅ ਬਣ ਜਾਂਦਾ ਹੈ। ਉਹ ਪਿਆਰ ਨੂੰ ਦੇਣਾ ਜਾਣਦਾ ਹੈ, ਕਬਜ਼ਾ ਕਰਨਾ ਨਹੀਂ। ਉਹ ਆਜ਼ਾਦੀ ਦਿੰਦਾ ਹੈ, ਕੈਦ ਨਹੀਂ ਕਰਦਾ। ਉਹ ਸਾਹਮਣੇ ਵਾਲੇ ਦੇ ਫ਼ੈਸਲੇ ਦਾ ਸਤਿਕਾਰ ਕਰਦਾ ਹੈ, ਭਾਵੇਂ ਉਹ ਫ਼ੈਸਲਾ ਉਸਦੇ ਖ਼ਿਲਾਫ਼ ਹੀ ਕਿਉਂ ਨਾ ਹੋਵੇ।
ਦੁੱਖ ਦੀ ਗੱਲ ਇਹ ਹੈ ਕਿ ਸਾਡਾ ਸਮਾਜ ਅਜੇ ਵੀ ਪਹਿਲੇ ਪੜਾਅ ਨੂੰ ਹੀ ਪਿਆਰ ਦਾ ਅੰਤਿਮ ਸੱਚ ਮੰਨਦਾ ਹੈ। ਫ਼ਿਲਮਾਂ, ਸੋਸ਼ਲ ਮੀਡੀਆ ਅਤੇ ਲੋਕਪ੍ਰਿਯ ਸਭਿਆਚਾਰ ਨੇ ਵੀ ਕਈ ਵਾਰ ਇਹ ਸੰਦੇਸ਼ ਦਿੱਤਾ ਹੈ ਕਿ ਜੇ ਪਿਆਰ ਨਾ ਮਿਲੇ ਤਾਂ ਪਿੱਛਾ ਕਰੋ, ਮਨਾਉ, ਦਬਾਅ ਬਣਾਓ ਜਾਂ ਹਰ ਹਾਲਤ ਵਿੱਚ ਹਾਸਲ ਕਰੋ। ਇਸ ਸੋਚ ਨੇ ਕਈ ਨੌਜਵਾਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਇਨਕਾਰ ਨੂੰ ਸਵੀਕਾਰ ਕਰਨਾ ਕਮਜ਼ੋਰੀ ਹੈ। ਨਤੀਜਾ ਇਹ ਹੈ ਕਿ ਬ੍ਰੇਕਅਪ, ਤਲਾਕ ਜਾਂ ਰਿਸ਼ਤੇ ਦੇ ਅੰਤ ਨੂੰ ਕਈ ਲੋਕ ਨਿੱਜੀ ਹਾਰ ਸਮਝਣ ਲੱਗ ਪਏ ਹਨ।
ਮੋਹਾਲੀ ਦੀ ਇਹ ਘਟਨਾ ਸਿਰਫ਼ ਇੱਕ ਕਤਲ ਨਹੀਂ, ਸਗੋਂ ਸਾਡੇ ਸਮਾਜ ਦੀ ਮਾਨਸਿਕ ਅਤੇ ਭਾਵਨਾਤਮਕ ਅਣਪੱਕੇਪਣ ਦੀ ਨਿਸ਼ਾਨੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਦੀ ਲੋੜ ਹੈ ਕਿ ਪਿਆਰ ਕਿਸੇ ਨੂੰ ਹਾਸਲ ਕਰਨ ਦਾ ਨਾਂ ਨਹੀਂ, ਸਗੋਂ ਉਸਦੀ ਖੁਸ਼ੀ ਅਤੇ ਆਜ਼ਾਦੀ ਦਾ ਸਤਿਕਾਰ ਕਰਨ ਦਾ ਨਾਂ ਹੈ। ਜੇ ਕੋਈ ਰਿਸ਼ਤਾ ਖਤਮ ਕਰਨਾ ਚਾਹੁੰਦਾ ਹੈ ਤਾਂ ਉਸਦਾ ਫ਼ੈਸਲਾ ਸਵੀਕਾਰ ਕਰਨਾ ਵੀ ਪਿਆਰ ਦਾ ਹੀ ਹਿੱਸਾ ਹੈ। ਜਿਸ ਭਾਵਨਾ ਵਿੱਚ ਕਤਲ, ਬਦਲਾ, ਜ਼ਬਰਦਸਤੀ ਜਾਂ ਕਬਜ਼ਾ ਸ਼ਾਮਲ ਹੋਵੇ, ਉਹ ਪਿਆਰ ਨਹੀਂ ਸਗੋਂ ਜ਼ਖਮੀ ਅਹੰਕਾਰ, ਹਵਸ਼ ਅਤੇ ਮਾਲਕੀ ਦੀ ਮਨੋਵਿਰਤੀ ਹੈ।
ਜਦੋਂ ਤੱਕ ਅਸੀਂ ਪਿਆਰ ਅਤੇ ਕਬਜ਼ੇ ਦੇ ਇਸ ਫ਼ਰਕ ਨੂੰ ਨਹੀਂ ਸਮਝਾਂਗੇ, ਤਦ ਤੱਕ ਮੋਹਾਲੀ, ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਦੁਹਰਾਈਆਂ ਜਾਂਦੀਆਂ ਰਹਿਣਗੀਆਂ। ਸਮਾਜ ਨੂੰ ਪਿਆਰ ਦੀ ਨਵੀਂ ਪਰਿਭਾਸ਼ਾ ਸਿੱਖਣੀ ਪਵੇਗੀ—ਉਹ ਪਰਿਭਾਸ਼ਾ ਜਿਸ ਵਿੱਚ ਕਿਸੇ ਨੂੰ ਆਪਣਾ ਬਣਾਉਣ ਦੀ ਨਹੀਂ, ਸਗੋਂ ਉਸਨੂੰ ਆਜ਼ਾਦ ਰਹਿਣ ਦੇਣ ਦੀ ਸਮਰੱਥਾ ਹੋਵੇ।

 

ਕੁਲਵੰਤ ਸਿੰਘ ਗੱਗੜਪੁਰੀ