Connect with us

Punjab

ਪੰਜਾਬ ‘ਚ ਮੁੜ ਤੋਂ ਬਣੇ ਹੜ੍ਹ ਵਰਗੇ ਹਾਲਾਤ, ਹੁਸ਼ਿਆਰਪੁਰ ਤੇ ਰੋਪੜ ਦੇ ਪਿੰਡਾਂ ‘ਚ ਦਾਖਲ ਹੋਇਆ ਪਾਣੀ

Published

on

ਪੰਜਾਬ ‘ਚ ਮੁੜ ਤੋਂ ਬਣੇ ਹੜ੍ਹ ਵਰਗੇ ਹਾਲਾਤ, ਹੁਸ਼ਿਆਰਪੁਰ ਤੇ ਰੋਪੜ ਦੇ ਪਿੰਡਾਂ ‘ਚ ਦਾਖਲ ਹੋਇਆ ਪਾਣੀ

ਚੰਡੀਗੜ੍ਹ 16ਅਗਸਤ 2023: ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਹੜ੍ਹਾਂ ਦੀ ਸਥਿਤੀ ਬਣ ਗਈ ਹੈ। ਸਤਲੁਜ ਦਰਿਆ ‘ਤੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਭਾਖੜਾ ਡੈਮ ਅਤੇ ਬਿਆਸ ਦਰਿਆ ‘ਤੇ ਪੌਂਗ ਡੈਮ ਦੋਵੇਂ ਹੀ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਏ ਹਨ। ਬੀਤੇ ਦਿਨ ਕਰੀਬ 35 ਸਾਲਾਂ ਬਾਅਦ ਭਾਖੜਾ ਦੇ ਫਲੱਡ ਗੇਟ 10 ਫੁੱਟ ਤੋਂ ਵੱਧ ਖੋਲ੍ਹੇ ਗਏ ਸਨ, ਜੋ ਦੇਰ ਰਾਤ ਬੰਦ ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।

ਭਾਖੜਾ ਡੈਮ ਦੇ ਫਲੱਡ ਗੇਟ ਸੋਮਵਾਰ ਨੂੰ 12 ਫੁੱਟ ਤੱਕ ਖੋਲ੍ਹੇ ਗਏ ਸਨ। ਐਤਵਾਰ ਨੂੰ ਪਾਣੀ ਦਾ ਪੱਧਰ 1678 ਫੁੱਟ ਤੱਕ ਪਹੁੰਚ ਗਿਆ ਸੀ, ਜੋ ਸੋਮਵਾਰ ਨੂੰ ਫਲੱਡ ਗੇਟ ਖੋਲ੍ਹਣ ਤੋਂ ਬਾਅਦ 1 ਫੁੱਟ ਘੱਟ ਕੇ 1677 ਫੁੱਟ ਰਹਿ ਗਿਆ। ਅੱਧੀ ਰਾਤ ਨੂੰ ਫਲੱਡ ਗੇਟ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ। ਜਦੋਂ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ ਤਾਂ ਰੋਪੜ ਦੇ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ।

ਦੇਰ ਰਾਤ ਐਨਡੀਆਰਐਫ ਦੀਆਂ ਟੀਮਾਂ ਨੇ ਹਰਸਾਬੇਲਾ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਜ਼ਿਆਦਾ ਹਨੇਰਾ ਹੋਣ ਕਾਰਨ ਇਹ ਸੰਭਵ ਨਹੀਂ ਸੀ। ਅੱਜ ਸਵੇਰੇ ਐਨ.ਡੀ.ਆਰ.ਐਫ ਨੇ ਫਿਰ ਪਿੰਡ ਵਿੱਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਸਿਰਫ਼ ਅੱਧੀ ਦਰਜਨ ਲੋਕਾਂ ਨੂੰ ਹੀ ਬਾਹਰ ਕੱਢਿਆ ਗਿਆ ਹੈ।

ਇਸ ਦੇ ਨਾਲ ਹੀ ਮੰਤਰੀ ਹਰਜੋਤ ਬੈਂਸ ਖੁਦ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੁੱਜੇ। ਪਿੰਡ ਬੇਲਾ ਧਿਆਨੀ ਪੁੱਜੇ ਮੰਤਰੀ ਬੈਂਸ ਨੇ ਕਿਹਾ ਕਿ ਪਿੰਡਾਂ ਵਿੱਚ ਪਾਣੀ ਦਾ ਪੱਧਰ ਰਾਤ ਨੂੰ ਹੀ ਹੇਠਾਂ ਆਉਣਾ ਸ਼ੁਰੂ ਹੋ ਗਿਆ ਹੈ। ਪਰ ਹਰਸਾਬੇਲਾ ਵਿੱਚ ਹਾਲਾਤ ਖ਼ਰਾਬ ਹਨ। ਸਥਿਤੀ ‘ਤੇ ਕਾਬੂ ਪਾਉਣ ਲਈ NDRF, ਫੌਜ ਅਤੇ ਹਵਾਈ ਸੈਨਾ ਦੀ ਮਦਦ ਲਈ ਜਾ ਰਹੀ ਹੈ।

ਰੂਪਨਗਰ ਵਿੱਚ ਬਣਿਆ ਹੈਲੀਪੈਡ
ਪੰਜਾਬ ਸਰਕਾਰ ਵੱਲੋਂ ਏਅਰਫੋਰਸ ਅਤੇ ਆਰਮੀ ਤੋਂ ਮਦਦ ਮੰਗੀ ਗਈ ਹੈ। ਇਸ ਤੋਂ ਇਲਾਵਾ ਪੁਲਿਸ, ਸਿਹਤ ਵਿਭਾਗ ਅਤੇ ਡੀਸੀ ਦਫ਼ਤਰ ਅਲਰਟ ‘ਤੇ ਹਨ। ਮਾਰਸ਼ਲ ਅਕੈਡਮੀ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਗਰਾਊਂਡ ਨੂੰ ਹੈਲੀਪੈਡ ਵਜੋਂ ਵਰਤਿਆ ਜਾਵੇਗਾ। ਹਰਜੋਤ ਬੈਂਸ ਨੇ ਦੱਸਿਆ ਕਿ ਹਰਸਾਬੇਲਾ ਅਤੇ ਹੋਰ ਖੇਤਰਾਂ ਵਿੱਚ ਜਿੱਥੇ ਲੋਕਾਂ ਨੂੰ ਕਿਸ਼ਤੀਆਂ ਲੈ ਕੇ ਜਾਣ ਵਿੱਚ ਦਿੱਕਤ ਆ ਰਹੀ ਹੈ, ਉੱਥੇ ਲੋੜ ਪੈਣ ‘ਤੇ ਉਨ੍ਹਾਂ ਨੂੰ ਏਅਰ ਲਿਫਟ ਵੀ ਮੁਹੱਈਆ ਕਰਵਾਈ ਜਾਵੇਗੀ।